ਮਾਲਟਾ ਦੀ ਰੌਬਰਟਾ ਮੈਟਸੋਲਾ ਯੂਰੋਪੀ ਯੂਨੀਅਨ ਦੀ ਨਵੀਂ ਪ੍ਰਧਾਨ ਬਣੀ

ਬ੍ਰਸੱਲਜ਼, 19 ਜਨਵਰੀ – ਟਾਪੂਨੁਮਾ ਮੁਲਕ ਮਾਲਟਾ ਦੀ ਨੈਸ਼ਨਲਿਸਟ ਪਾਰਟੀ ਦੀ ਆਗੂ 43 ਸਾਲਾ ਰੌਬਰਟਾ ਮੈਟਸੋਲਾ ਨੂੰ 27 ਮੁਲਕਾਂ ਦੇ ਗਰੁੱਪ ਯੂਰੋਪੀ ਯੂਨੀਅਨ (ਈਯੂ) ਦੀ ਸੰਸਦ ਦੀ ਪ੍ਰਧਾਨ ਚੁਣਿਆ ਗਿਆ ਹੈ। ਮੈਟਸੋਲਾ ਦੀ ਚੋਣ ਨਾਲ ਹੁਣ ਯੂਰੋਪੀ ਯੂਨੀਅਨ ਦੇ ਚਾਰ ਸਿਖਰਲੇ ਅਹੁਦਿਆਂ ‘ਚੋਂ ਤਿੰਨ ‘ਤੇ ਮਹਿਲਾਵਾਂ ਦੀ ਅਗਵਾਈ ਹੈ। ਮੈਟਸੋਲਾ ਤੋਂ ਇਲਾਵਾ ਈਯੂ ਦੇ ਅਹਿਮ ਅਹੁਦਿਆਂ ‘ਤੇ ਯੋਰਪੀ ਯੂਨੀਅਨ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ ਅਤੇ ਯੂਰੋਪੀ ਸੈਂਟਰਲ ਬੈਂਕ ਦੀ ਪ੍ਰਧਾਨ ਕ੍ਰਿਸਟੀਨਾ ਲੇਗਾਰਡ ਹੈ।
ਗੌਰਤਲਬ ਹੈ ਕਿ ਮੈਟਸੋਲਾ ਨੇ ਪਿਛਲੇ ਹਫ਼ਤੇ ਸੋਸ਼ਲਿਸਟ ਨੇਤਾ ਡੇਵਿਡ ਸਾਸੋਲੀ ਦੇ ਦੇਹਾਂਤ ਮਗਰੋਂ ਢਾਈ ਸਾਲ ਦੇ ਕਾਰਜਕਾਲ ਲਈ ਅਹੁਦਾ ਸੰਭਾਲਿਆ ਹੈ। ਉਹ ਇਸ ਅਹੁਦੇ ‘ਤੇ ਚੁਣੀ ਜਾਣ ਵਾਲੀ ਤੀਜੀ ਮਹਿਲਾ ਹੈ। ਉਹ 43 ਸਾਲ ਦੀ ਉਮਰ ‘ਚ ਈਯੂ ਸੰਸਦ ਦੀ ਸਭ ਤੋਂ ਛੋਟੀ ਉਮਰ ‘ਚ ਬਣਨ ਵਾਲੀ ਪ੍ਰਧਾਨ ਹੈ। ਇਤਾਲਵੀ ਆਗੂ ਸਾਸੋਲੀ (65) ਕਈ ਮਹੀਨਿਆਂ ਤੋਂ ਬਿਮਾਰ ਸਨ ਤੇ ਈਯੂ ਦੀ ਸੰਸਦ ਦੇ ਪ੍ਰਧਾਨ ਵਜੋਂ ਢਾਈ ਸਾਲ ਦੇ ਇੱਕ ਹੋਰ ਕਾਰਜਕਾਲ ਤੋਂ ਉਨ੍ਹਾਂ ਮਨ੍ਹਾ ਕਰ ਦਿੱਤਾ ਸੀ। ਇਸ ਅਹੁਦੇ ਲਈ 19 ਜਨਵਰੀ ਨੂੰ ਹੋਈ ਵੋਟਿੰਗ ਦੌਰਾਨ ਮੈਟਸੋਲਾ ਨੂੰ 616 ‘ਚੋਂ 458 ਵੋਟਾਂ ਮਿਲੀਆਂ।