ਨਵੀਂ ਦਿੱਲੀ, 22 ਮਾਰਚ – ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਅਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਪੰਜਾਬ ਦੇ ਮੁਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਲੋਕਾਂ ਨੂੰ ਸਬਜ਼ ਬਾਗ ਵਿਖਾ ਗੁਮਰਾਹ ਕਰਨ ਵਿੱਚ ਬਹੁਤ ਮਾਹਿਰ ਹਨ, ਉਹ ਇਹ ਮੰਨ ਕੇ ਚਲਦੇ ਹਨ ਕਿ ਉਹ ਜੋ ਕੁੱਝ ਵੀ ਕਹਿ ਰਹੇ ਹਨ, ਉਸ ਪੁਰ ਲੋਕੀ, ਵਿਸ਼ੇਸ਼ ਰੂਪ ਵਿੱਚ ਪੰਜਾਬ ਵਾਸੀ ਅੱਖਾਂ ਬੰਦ ਕਰਕੇ ਵਿਸ਼ਵਾਸ ਕਰ ਲੈਂਦੇ ਹਨ। ਸ. ਸਰਨਾ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸ੍ਰੀ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਅਰੁਣ ਜੇਤਲੀ ਦੇ ਹੱਕ ਵਿੱਚ ਪ੍ਰਚਾਰ ਕਰਦਿਆਂ, ਕੀਤੇ ਗਏ ਉਨ੍ਹਾਂ ਦਾਅਵਿਆਂ ਪੁਰ ਟਿੱਪਣੀ ਕਰ ਰਹੇ ਸਨ, ਜਿਨ੍ਹਾਂ ਵਿੱਚ ਉਨ੍ਹਾਂ ਕਿਹਾ ਹੈ ਕਿ ਨਰਿੰਦਰ ਮੋਦੀ ਦੀ ਸਰਕਾਰ ਵਿੱਚ ਅਰੁਣ ਜੇਤਲੀ ਉਪ-ਮੁੱਖ ਮੰਤਰੀ ਹੋਣਗੇ ਤੇ ਪੰਜਾਬ ਦੇ ਵਕੀਲ ਬਣ ਪਾਰਲੀਮੈਂਟ ਵਿੱਚ ਬੈਠਣਗੇ ‘ਤੇ ਪੰਜਾਬ ਦੇ ਮੁੱਦਿਆਂ ਨੂੰ ਉਭਾਰਨਗੇ। ਉਨ੍ਹਾਂ ਕੋਲ ਪੰਜਾਬ ਦੇ ਖ਼ਜ਼ਾਨੇ ਦਾ ਕਾਰਜਭਾਰ ਹੋਵੇਗਾ, ਜਿਸ ਨਾਲ ਪੰਜਾਬ ਨੂੰ ਵੱਡਾ ਫ਼ਾਇਦਾ ਹੋਵੇਗਾ।
ਸ. ਸਰਨਾ ਨੇ ਕਿਹਾ ਕਿ ਸ. ਬਾਦਲ ਵੱਲੋਂ ਇਹ ਦਾਅਵੇ ਇਉਂ ਕੀਤੇ ਜਾ ਰਹੇ ਹਨ, ਜਿਵੇਂ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ‘ਤੇ ਉਹ ਉਸ ਦੇ ਮੁਖ ਸਲਾਹਕਾਰ ਹੋਣਗੇ ਤੇ ਮੋਦੀ ਉਨ੍ਹਾਂ ਦੀ ਸਲਾਹ ਨਾਲ ਹੀ ਅਪਣੀ ਕੈਬਿਨਟ ਦਾ ਗਠਨ ਕਰੇਗਾ ਤੇ ਉਨ੍ਹਾਂ ਦੀ ਸਲਾਹ ਨਾਲ ਹੀ ਹੋਰ ਸਾਰੇ ਫ਼ੈਸਲੇ ਕਰੇਗਾ। ਉਨ੍ਹਾਂ ਪੁਛਿਆ ਕਿ ਕੀ ਇਹ ਦਾਅਵੇ ਖੋਖਲੇ ਅਤੇ ਹਾਸੋਹੀਣੇ ਨਹੀਂ? ਜਦੋਂ ਕਿ ਹਰ ਕੋਈ ਜਾਣਦਾ ਹੈ ਕਿ ਛੋਟੇ ਤੇ ਵੱਡੇ ਬਾਦਲ ਵੱਲੋਂ ਨਰਿੰਦਰ ਮੋਦੀ ਦੀਆਂ ਤਾਰੀਫ਼ਾਂ ਦੇ ਪੁਲ ਬੰਨ੍ਹੇ ਜਾਣ ਦੇ ਬਾਵਜੂਦ ਉਹ ਉਸ ਪਾਸੋਂ ਗੁਜਰਾਤ ਵਿਚੋਂ ਸਿੱਖਾਂ ਨੂੰ ਉਜਾੜਨ ਲਈ ਉਸ ਦੀ ਸਰਕਾਰ ਵੱਲੋਂ ਸੁਪਰੀਮ ਕੋਰਟ ਵਿੱਚ ਕੀਤੀ ਗਈ ਹੋਈ ਪਟੀਸ਼ਨ ਵਾਪਸ ਲੈਣ ਦਾ ਵਾਇਦਾ ਤਕ ਨਹੀਂ ਲੈ ਸਕੇ। ਸ. ਸਰਨਾ ਨੇ ਕਿਹਾ ਕਿ ਪੰਜਾਬ ਵਾਸੀ ਜਾਣਦੇ ਹਨ ਕਿ ਪ੍ਰਕਾਸ਼ ਸਿੰਘ ਬਾਦਲ ਦਾ ਬੀਤੇ ਦਾ ਇਤਿਹਾਸ ਗੁਆਹ ਹੈ ਕਿ ਜਦੋਂ ਵੀ ਭਾਜਪਾ ਦੀ ਅਗਵਾਈ ਵਿੱਚ ਸਰਕਾਰ ਬਣੀ ਤੇ ਉਹ ਉਸ ਵਿੱਚ ਭਾਈਵਾਲ ਬਣੇ, ਉਨ੍ਹਾਂ ਪੰਜਾਬ ਜਾਂ ਸਿੱਖਾਂ ਦੇ ਮਸਲੇ ਹੱਲ ਕਰਵਾਉਣ ਲਈ ਦਬਾਊ ਬਣਾਉਣ ਦੀ ਬਜਾਏ, ਆਪਣੇ ਚਹੇਤਿਆਂ ਜਾਂ ਆਪਣੇ ਸਾਹਿਬਜ਼ਾਦੇ ਨੂੰ ਕੇਂਦਰੀ ਮੰਤਰੀ ਮੰਡਲ ਵਿੱਚ ਸ਼ਾਮਲ ਕਰਵਾਉਣ ਲਈ ਹੀ ਜ਼ੋਰ ਲਾਇਆ, ਇਹ ਕਾਰਣ ਹੈ ਕਿ ਹੁਣ ਵੀ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਜੇ ਕੇਂਦਰ ਵਿੱਚ ਮੋਦੀ ਸਰਕਾਰ ਬਣਦੀ ਹੈ ਤਾਂ ਉਨ੍ਹਾਂ ਦਾ ਸਾਰਾ ਜ਼ੋਰ ਹਰਸਿਮਰਤ ਕੌਰ (ਜੇ ਉਹ ਜਿਤ ਜਾਂਦੀ ਹੈ) ਨੂੰ ਹੀ ਮੰਤਰੀ ਬਣਾਉਣ ‘ਤੇ ਹੀ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਜੇ ਨਰੇਂਦਰ ਮੋਦੀ ਦੀ ਸਰਕਾਰ ਬਣਦੀ ਹੈ ਤਾਂ ਉਸ ਦਾ ਵਿਸ਼ਵਾਸ ਪਾਤਰ ਅਮਿਤ ਸ਼ਾਹ ਹੀ ਉਪ-ਪ੍ਰਧਾਨ ਮੰਤਰੀ ਹੋਵੇਗਾ ਨਾ ਕਿ ਅਰੁਣ ਜੇਤਲੀ। ਉਨ੍ਹਾਂ ਚਿਤਾਵਨੀ ਭਰੇ ਸ਼ਬਦਾਂ ਵਿੱਚ ਕਿਹਾ ਕਿ ਨਾ ਤਾਂ ਅਰੁਣ ਜੇਤਲੀ ਨੂੰ ਅਤੇ ਨਾ ਹੀ ਅੰਮ੍ਰਿਤਸਰ ਦੇ ਲੋਕਾਂ ਨੂੰ ਸ. ਬਾਦਲ ਵੱਲੋਂ ਪਾਏ ਜਾ ਰਹੇ ਭੁਲੇਖਿਆਂ ਦਾ ਸ਼ਿਕਾਰ ਹੋਣਾ ਚਾਹੀਦਾ ਹੈ।
Indian News ਮੁਖ ਮੰਤਰੀ ਬਾਦਲ ਲੋਕਾਂ ਨੂੰ ਸਬਜ਼ ਬਾਗ ਵਿਖਾ ਗੁਮਰਾਹ ਕਰਨ ਵਿੱਚ ਬਹੁਤ...