ਜੈਤੋ, 7 ਜੂਨ – 6 ਜੂਨ ਨੂੰ ਪਿੰਡ ਬਰਗਾੜੀ ਵਿੱਚ ਮੋਰਚੇ ‘ਤੇ ਬੈਠੇ ਅਕਾਲ ਤਖ਼ਤ ਦੇ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਧਰਨੇ ਵਾਲੀ ਥਾਂ ਤੋਂ ਹੀ ਕੌਮ ਦੇ ਨਾਂ ਸੰਦੇਸ਼ ਜਾਰੀ ਕੀਤਾ। ਉਨ੍ਹਾਂ ਧਾਰਮਿਕ ਮਸਲਿਆਂ ਤੋਂ ਇਲਾਵਾ ਸਮਾਜਿਕ ਚੁਣੌਤੀਆਂ ਦੀ ਗੱਲ ਕਰਦਿਆਂ ਇਨ੍ਹਾਂ ਦੇ ਹੱਲ ਲਈ ਕੌਮ ਨੂੰ ਮਤਭੇਦ ਭੁੱਲਾ ਕੇ ਕਦਮ ਮਿਲਾ ਕੇ ਤੁਰਨ ਦਾ ਪੈਗ਼ਾਮ ਦਿੱਤਾ। ਜਥੇਦਾਰ ਨੇ ਕੌਮ ਨੂੰ ਬਰਗਾੜੀ ਦੇ ਮੋਰਚੇ ਨੂੰ ਸਫ਼ਲ ਬਣਾਉਣ ਦੀ ਵੀ ਅਪੀਲ ਕੀਤੀ।
ਭਾਈ ਮੰਡ ਨੇ ਆਪਣੇ ਸੰਦੇਸ਼ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਹਾ ਕਿ ਹਰ ਵਰ੍ਹੇ 6 ਜੂਨ ਨੂੰ ਘੱਲੂਘਾਰਾ ਦਿਵਸ ਮਨਾਉਣ ਲਈ ਉਹ ਅਕਾਲ ਤਖ਼ਤ ਵਿਖੇ ਅਖੰਡ ਪਾਠ ਦੇ ਭੋਗ ਪਾਉਣ ਤੋਂ ਬਾਅਦ ਮੰਜੀ ਸਾਹਿਬ ਦੀਵਾਨ ਹਾਲ ਵਿੱਚ ‘ਘੱਲੂਘਾਰਾ ਦੀਵਾਨ’ ਸਜਾਉਣ ਦੇ ਪ੍ਰਬੰਧ ਕਰੇ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਹੋਰਨਾਂ ਥਾਵਾਂ ‘ਤੇ ਇਹ ਦਿਹਾੜਾ ਇੱਕ-ਦੋ ਦਿਨਾਂ ਦੇ ਫ਼ਰਕ ਨਾਲ ਮਨਾਇਆ ਜਾਵੇ। ਜਥੇਦਾਰ ਮੰਡ ਨੇ ਘੱਲੂਘਾਰੇ ਦੇ ਸ਼ਹੀਦਾਂ ਨੂੰ ਨਤਮਸਤਕ ਹੁੰਦਿਆਂ ਹੁਣ ਤੱਕ ਦੀਆਂ ਭਾਰਤੀ ਹਕੂਮਤਾਂ ‘ਤੇ ਸਿੱਖਾਂ ਨਾਲ ਪੱਖਪਾਤ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਬਰਗਾੜੀ ਬੇਅਦਬੀ ਕਾਂਡ, ਬਹਿਬਲ ਗੋਲੀ ਕਾਂਡ ਅਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਇਨਸਾਫ਼ ਨਾ ਮਿਲਣ ਕਰਕੇ ਉਨ੍ਹਾਂ ਨੂੰ ਮਜਬੂਰਨ ਇਹ ਮੋਰਚਾ ਲਾਉਣਾ ਪਿਆ ਹੈ। ਜਥੇਦਾਰ ਮੰਡ ਨੇ ਨਸ਼ੇ, ਪਤਿਤਪੁਣਾ, ਪੰਜਾਬ ਦੇ ਦੂਸ਼ਿਤ ਹਵਾ-ਪਾਣੀ, ਬੇਰੁਜ਼ਗਾਰੀ, ਕਰਜ਼ੇ, ਪਾਖੰਡਵਾਦ ‘ਤੇ ਚਿੰਤਾ ਪ੍ਰਗਟਾਉਂਦਿਆਂ ਜਵਾਨੀ ਤੇ ਕਿਸਾਨੀ ਨੂੰ ਬਰਬਾਦ ਕਰਨ ਲਈ ਸਮੇਂ ਦੀਆਂ ਸਰਕਾਰਾਂ ਨੂੰ ਦੋਸ਼ੀ ਦੱਸਿਆ। ਉਨ੍ਹਾਂ ਕਿਹਾ ਕਿ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂ ਆਪਸ ਵਿੱਚ ਘਿਓ-ਖਿਚੜੀ ਹੋ ਕੇ ਸਿੱਖ ਪੰਥ ਦਾ ਸਿਧਾਂਤਕ ਤੇ ਜਾਨੀ-ਮਾਲੀ ਨੁਕਸਾਨ ਕਰ ਰਹੇ ਹਨ। ਉਨ੍ਹਾਂ ਸਿੱਕਿਮ ਤੇ ਸ਼ਿਲਾਂਗ ਸਮੇਤ ਕਈ ਥਾਵਾਂ ‘ਤੇ ਗੁਰਧਾਮਾਂ ਅਤੇ ਸਿੱਖਾਂ ਉੱਪਰ ਹੋ ਰਹੇ ਹਮਲਿਆਂ ਦੀ ਚਰਚਾ ਕਰਦਿਆਂ ਇਨ੍ਹਾਂ ਨੂੰ ਪੰਥ ਦੁਸ਼ਮਣਾਂ ਦੀ ਸਾਜ਼ਿਸ਼ ਕਰਾਰ ਦਿੱਤਾ। ਭਾਈ ਮੰਡ ਨੇ ਸਿੱਖ ਕੌਮ ਨੂੰ ਅਪੀਲ ਕੀਤੀ ਕਿ ਉਹ ਬੇਲੋੜੇ ਵਾਦਾਂ-ਵਿਵਾਦਾਂ ਵਿੱਚੋਂ ਬਾਹਰ ਨਿਕਲ ਕੇ ਆਪਸੀ ਪਿਆਰ ਤੇ ਸਤਿਕਾਰ ਨਾਲ ਬਾਹਰੀ ਅਤੇ ਅੰਦਰੂਨੀ ਹਮਲਿਆਂ ਦਾ ਸੂਝ-ਬੂਝ ਨਾਲ ਸਾਹਮਣਾ ਕਰੇ।
Home Page ਮੁਤਵਾਜ਼ੀ ਜਥੇਦਾਰ ਵੱਲੋਂ ਘੱਲੂਘਾਰਾ ਦਿਵਸ ‘ਤੇ ਕੌਮ ਦੇ ਨਾਂ ਸੰਦੇਸ਼ ਜਾਰੀ