ਨਵੀਂ ਦਿੱਲੀ, 25 ਜਨਵਰੀ – ਕੇਂਦਰ ਸਰਕਾਰ ਨੇ 74ਵੇਂ ਗਣਤੰਤਰ ਦਿਵਸ ਦੀ ਪੂਰਬਲੀ ਸੰਧਿਆ ਪਦਮ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ ਹੈ। ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਮੁਲਾਇਮ ਸਿੰਘ ਯਾਦਵ (ਮਰਨ ਉਪਰੰਤ), ਯੂਪੀਏ ਸਰਕਾਰ ’ਚ ਸਾਬਕਾ ਵਿਦੇਸ਼ ਮੰਤਰੀ ਐੱਸ.ਐੱਮ.ਕ੍ਰਿਸ਼ਨਾ, ਬਾਲਕ੍ਰਿਸ਼ਨ ਦੋਸ਼ੀ (ਮਰਨ ਉਪਰੰਤ), ਅਮਰੀਕਾ ਅਧਾਰਿਤ ਗਣਿਤ ਮਾਹਿਰ ਸ੍ਰੀਨਿਵਾਸ ਵਰਧਨ, ਡਾ. ਦਿਲੀਪ ਮਹਾਲਾਨਾਬਿਸ (ਮਰਨ ਉਪਰੰਤ) ਤੇ ਤਬਲਾ ਵਾਦਕ ਜ਼ਾਕਿਰ ਹੁਸੈਨ ਉਨ੍ਹਾਂ ਛੇ ਸ਼ਖ਼ਸੀਅਤਾਂ ਵਿਚ ਸ਼ਾਮਲ ਹਨ, ਜਿਨ੍ਹਾਂ ਨੂੰ ਦੇਸ਼ ਦਾ ਦੂਜਾ ਸਭ ਤੋਂ ਵੱਡਾ ਨਾਗਰਿਕ ਸਨਮਾਨ ‘ਪਦਮ ਵਿਭੂਸ਼ਣ’ ਦੇਣ ਦਾ ਫੈਸਲਾ ਕੀਤਾ ਗਿਆ ਹੈ।
ਪਦਮ ਭੂਸ਼ਣ ਲਈ 15 ਤੇ ਪਦਮਸ੍ਰੀ ਲਈ 91 ਸ਼ਖ਼ਸੀਅਤਾਂ ਦੀ ਚੋਣ ਕੀਤੀ ਗਈ ਹੈ। ਦੇਸ਼ ਦੇ ਸਿਖਰਲੇ ਨਾਗਰਿਕ ਸਨਮਾਨ ‘ਭਾਰਤ ਰਤਨ’ ਲਈ ਐਤਕੀਂ ਕਿਸੇ ਨੂੰ ਵੀ ਨਾਮਜ਼ਦ ਨਹੀਂ ਕੀਤਾ ਗਿਆ।
ਪੰਜਾਬੀ ਭਾਸ਼ਾ, ਸਾਹਿਤ ਤੇ ਸਿੱਖ ਇਤਿਹਾਸ ‘ਚ ਪਾਏ ਵਡਮੁੱਲੇ ਯੋਗਦਾਨ ਲਈ ਡਾ. ਰਤਨ ਸਿੰਘ ਜੱਗੀ ਨੂੰ ਮਿਲਿਆ ਪਦਮ ਸ੍ਰੀ
ਪਦਮ ਸ੍ਰੀ ਹਾਸਲ ਕਰਨ ਵਾਲੀਆਂ ਸ਼ਖ਼ਸੀਅਤਾਂ ਵਿੱਚ ਪੰਜਾਬ ਤੋਂ ਉੱਘੇ ਸਾਹਿਤਕਾਰ ਡਾ. ਰਤਨ ਸਿੰਘ ਜੱਗੀ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਸਾਹਿਤ ਤੇ ਸਿੱਖਿਆ ਦੇ ਖੇਤਰ ਵਿਚ ਇਹ ਮਾਣਮੱਤਾ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ। ਡਾ. ਜੱਗੀ ਪੰਜਾਬੀ ਤੇ ਹਿੰਦੀ ਸਾਹਿਤ ਜਗਤ ਅਤੇ ਵਿਸ਼ੇਸ਼ ਤੌਰ ’ਤੇ ਗੁਰਮਤਿ ਸਾਹਿਤ ਦੇ ਉੱਘੇ ਵਿਦਵਾਨ ਹਨ।
6 ਨੂੰ ਕੀਰਤੀ ਅਤੇ 15 ਨੂੰ ਸ਼ੌਰਿਆ ਚੱਕਰ
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ 412 ਬਹਾਦਰੀ ਪੁਰਸਕਾਰਾਂ ਦਾ ਐਲਾਨ ਕੀਤਾ ਹੈ। ਇਨ੍ਹਾਂ ਵਿਚ ਛੇ ਕੀਰਤੀ ਚੱਕਰ ਤੇ 15 ਸ਼ੌਰਿਆ ਚੱਕਰ ਸ਼ਾਮਲ ਹਨ। ਚਾਰ ਕੀਰਤੀ ਚੱਕਰ ਮਰਨ ਉਪਰੰਤ ਦਿੱਤੇ ਜਾ ਰਹੇ ਹਨ। ਇਸੇ ਤਰ੍ਹਾਂ ਦੋ ਸ਼ੌਰਿਆ ਚੱਕਰ ਮਰਨ ਉਪਰੰਤ ਦਿੱਤੇ ਜਾ ਰਹੇ ਹਨ। ਮੇਜਰ ਸ਼ੁਭਾਂਗ, ਨਾਇਕ ਜਿਤੇਂਦਰ ਸਿੰਘ, ਰੋਹਿਤ ਕੁਮਾਰ, ਦੀਪਕ ਭਾਰਦਵਾਜ, ਸੋਢੀ ਨਾਰਾਇਣ, ਸ਼ਰਵਣ ਕਸ਼ਯਪ ਨੂੰ ਕੀਰਤੀ ਚੱਕਰ ਮਿਲੇਗਾ। ਉਧਰ ਸ਼ੌਰਿਆ ਚੱਕਰ ਹਾਸਲ ਕਰਨ ਵਾਲਿਆਂ ’ਚ ਮੇਜਰ ਆਦਿੱਤਿਆ ਭਦੌਰਿਆ, ਕੈਪਟਨ ਅਰੁਣ ਕੁਮਾਰ, ਕੈਪਟਨ ਯੁੱਧਵੀਰ ਸਿੰਘ, ਕੈਪਟਨ ਰਾਕੇਸ਼ ਟੀ.ਆਰ, ਨਾਇਕ ਜਸਬੀਰ ਸਿੰਘ, ਕਾਂਸਟੇਬਲ ਮੁਦਾਸਿਰ ਅਹਿਮਦ ਸ਼ੇਖ, ਲਾਂਸ ਨਾਇਕ ਵਿਕਾਸ ਚੌਧਰੀ, ਕੈਪਟਨ ਯੋਗੇਸ਼ਵਰ ਕ੍ਰਿਸ਼ਨਾਰਾਓ ਕੰਡਾਲਕਰ, ਫਲਾਈਟ ਲੈਫੀਟੀਨੈਂਟ ਤੇਜਪਾਲ, ਸਕੁਐਡਰਨ ਲੀਡਰ ਸੰਦੀਪ ਕੁਮਾਰ ਝਾਝਰੀਆ, ਆਨੰਦ ਸਿੰਘ (ਆਈਏਐੱਫ ਗਰੁੜ), ਸੁਨੀਲ ਕੁਮਾਰ (ਆਈਏਐੱਫ), ਅਸਿਸਟੈਂਟ ਕਮਾਂਡੈਂਟ ਸਤੇਂਦਰ ਸਿੰਘ (ਐੱਮਐੱਚਏ), ਡਿਪਟੀ ਕਮਾਂਡੈਂਟ ਵਿੱਕੀ ਕੁਮਾਰ ਪਾਂਡੇ (ਐੱਮਐੱਚਏ), ਕਾਂਸਟੇਬਲ ਵਿਜੈ ਓਰਾਓਂ ਸ਼ਾਮਲ ਹਨ।
ਇਸ ਦੌਰਾਨ 92 ਨੂੰ ਸੈਨਾ ਮੈਡਲ ਅਤੇ 29 ਨੂੰ ਪਰਮ ਵਸ਼ਿਸ਼ਟ ਸੇਵਾ ਮੈਡਲ, 52 ਨੂੰ ਅਤਿ ਵਸ਼ਿਸ਼ਟ ਸੇਵਾ ਮੈਡਲ, 10 ਨੂੰ ਯੁੱਧ ਸੇਵਾ ਮੈਡਲ, 36 ਨੂੰ ਸੈਨਾ ਮੈਡਲ ਦੇ ਨਾਵਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ।
Home Page ਮੁਲਾਇਮ, ਐੱਸ ਐੱਮ ਕ੍ਰਿਸ਼ਨਾ, ਜ਼ਾਕਿਰ ਹੁਸੈਨ ਸਣੇ ਛੇ ਨੂੰ ਪਦਮ ਵਿਭੂਸ਼ਣ, ਪੰਜਾਬੀ...