ਮੁਲਾਜ਼ਮਾਂ ਨੂੰ ਜੀ. ਪੀ. ਐਫ਼. ਸਬੰਧੀ ਨਾਮਜ਼ਦਗੀਆਂ ਛੇਤੀ ਜਮ੍ਹਾਂ ਕਰਾਉਣ ਦੀ ਹਦਾਇਤ

ਚੰਡੀਗੜ੍ਹ, 21 ਅਗਸਤ (ਏਜੰਸੀ) – ਪੰਜਾਬ ਸਰਕਾਰ ਨੇ ਆਪਣੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਜਨਰਲ ਪ੍ਰਾਵੀਡੈਂਟ ਫ਼ੰਡ (ਜੀ. ਪੀ. ਐਫ਼.) ਦੀ ਨਾਮਜ਼ਦਗੀ ਸਬੰਧੀ ਲੋੜੀਂਦੇ ਦਸਤਾਵੇਜ਼ ਛੇਤੀ ਤੋਂ ਛੇਤੀ ਮੁਕੰਮਲ ਕਰ ਕੇ ਜਮ੍ਹਾਂ ਕਰਾਉਣ ਦੀ ਸਖ਼ਤ ਹਦਾਇਤ ਕੀਤੀ ਹੈ ਤਾਂ ਜੋ ਅੰਤਮ ਅਦਾਇਗੀ ਸੁਖਾਲੀ ਬਣਾਈ ਜਾ ਸਕੇ। ਇਸ ਦੇ ਨਾਲ ਹੀ ਸੇਵਾ ਮੁਕਤੀ ਨੇੜੇ ਬੈਠੇ ਮੁਲਾਜ਼ਮਾਂ ਨੂੰ ਰਿਟਾਇਰਮੈਂਟ ਤੋਂ ਤਿੰਨ ਮਹੀਨੇ ਪਹਿਲਾਂ ਜੀ. ਪੀ. ਐਫ਼. ਦੀ ਅੰਤਮ ਅਦਾਇਗੀ ਸਬੰਧੀ ਕਾਰਵਾਈ ਮੁਕੰਮਲ…… ਕਰਨ ਲਈ ਕਿਹਾ ਗਿਆ ਹੈ। ਇਸੇ ਤਰ੍ਹਾਂ ਮੁਲਾਜ਼ਮਾਂ ਨੂੰ ਸਾਲ 2011-12 ਦੀਆਂ ਜੀ. ਪੀ. ਐਫ਼. ਸਟੇਟਮੈਂਟਾਂ ਵੀ ਪ੍ਰਾਪਤ ਕਰਨ ਲਈ ਆਖਿਆ ਗਿਆ ਹੈ।
ਆਮ ਰਾਜ ਪ੍ਰਬੰਧ ਵਿਭਾਗ ਦੇ ਬੁਲਾਰੇ ਨੇ ਅੱਜ ਇੱਥੇ ਦੱਸਿਆ ਕਿ ਜੀ. ਪੀ. ਐਫ਼. ਨਿਯਮਾਂ ਅਨੁਸਾਰ ਬਹੁਤੇ ਅਧਿਕਾਰੀਆਂ/ਕਰਮਚਾਰੀਆਂ ਨੇ ਜੀ. ਪੀ. ਐਫ਼. ਨਾਮਜ਼ਦਗੀ ਸਬੰਧੀ ਲੋੜੀਂਦੇ ਦਸਤਾਵੇਜ਼ ਵਿਭਾਗ ਦੀ ਸਬੰਧਤ ਸ਼ਾਖ਼ਾ ਵਿੱਚ ਹਾਲੇ ਤੱਕ ਜਮ੍ਹਾਂ ਨਹੀਂ ਕਰਵਾਏ ਜਿਸ ਕਰ ਕੇ ਅੰਤਮ ਅਦਾਇਗੀ ਵੇਲੇ ਮੁਸ਼ਕਲ ਪੇਸ਼ ਆਉਂਦੀ ਹੈ। ਜਿਨ੍ਹਾਂ ਕਰਮਚਾਰੀਆਂ ਨੇ ਹਾਲੇ ਤੱਕ ਨਾਮਜ਼ਦਗੀ ਭਰਨ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ, ਉਨ੍ਹਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਤੁਰੰਤ ਨਾਮਜ਼ਦਗੀਆਂ ਭਰਨ।
ਬੁਲਾਰੇ ਨੇ ਅੱਗੇ ਦੱਸਿਆ ਕਿ ਸੇਵਾ ਮੁਕਤੀ ਨੇੜੇ ਬੈਠੇ ਮੁਲਾਜ਼ਮਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਰਿਟਾਇਰਮੈਂਟ ਦੀ ਮਿਤੀ ਤੋਂ ਕਰੀਬ 3 ਮਹੀਨੇ ਪਹਿਲਾਂ ਜੀ. ਪੀ. ਐਫ਼. ਦੀ ਅੰਤਮ ਅਦਾਇਗੀ ਸਬੰਧੀ ਸੰਪਰਕ ਕੀਤਾ ਜਾਵੇ।
ਉਨ੍ਹਾਂ ਦੱਸਿਆ ਕਿ ਮੰਤਰੀ ਸਾਹਿਬਾਨ, ਪ੍ਰਮੁੱਖ ਸਕੱਤਰਾਂ ਅਤੇ ਸਕੱਤਰਾਂ ਦੇ ਵਿਸ਼ੇਸ਼ ਸਕੱਤਰਾਂ, ਸਕੱਤਰਾਂ, ਨਿੱਜੀ ਸਕੱਤਰਾਂ ਅਤੇ ਨਿੱਜੀ ਸਹਾਇਕਾਂ ਸਣੇ ਪੰਜਾਬ ਸਿਵਲ ਸਕੱਤਰੇਤ ਦੇ ਉਪ ਸਕੱਤਰਾਂ, ਅਧੀਨ ਸਕੱਤਰਾਂ ਤੇ ਗਰੇਡ-1 ਸੁਪਰਡੰਟਾਂ ਨੂੰ ਜਾਰੀ ਹਦਾਇਤਾਂ ਵਿੱਚ ਕਿਹਾ ਗਿਆ ਹੈ ਕਿ ਉਹ ਪੰਜਾਬ ਸਿਵਲ ਸਕੱਤਰੇਤ ਵਿੱਚ ਆਪਣੇ ਅਧੀਨ ਕੰਮ ਕਰ ਰਹੇ ਅਮਲੇ ਨੂੰ ਸਾਲ 2011-12 ਦੀਆਂ ਜੀ. ਪੀ. ਐਫ਼. ਸਟੇਟਮੈਂਟਾਂ ਸਬੰਧਤ ਸ਼ਾਖ਼ਾ ਤੋਂ ਕਿਸੇ ਵੀ ਕੰਮ ਵਾਲੇ ਦਿਨ ਬਾਅਦ ਪ੍ਰਾਪਤ ਕਰਨ ਦੀਆਂ ਹਦਾਇਤਾਂ ਕਰਨ। ਇਹ ਵੀ ਕਿਹਾ ਗਿਆ ਹੈ ਕਿ ਜੇ ਕਿਸੇ ਸ਼ਾਖ਼ਾ/ਦਫ਼ਤਰ ਦੇ ਕਰਮਚਾਰੀ ਇਕੱਠੀਆਂ ਸਟੇਟਮੈਂਟਾਂ ਪ੍ਰਾਪਤ ਕਰਨੀਆਂ ਚਾਹੁੰਦੇ ਹੋਣ ਤਾਂ ਸ਼ਾਖ਼ਾ/ਦਫ਼ਤਰ ਦੇ ਇੰਚਾਰਜ ਇਸ ਕੰਮ ਲਈ ਕਿਸੇ ਜ਼ਿੰਮੇਵਾਰ ਕਰਮਚਾਰੀ ਨੂੰ ਅਧਿਕਾਰਤ ਕਰ ਸਕਦੇ ਹਨ।
ਬੁਲਾਰੇ ਅਨੁਸਾਰ ਮਹੀਨਾਵਾਰ ਕਟੌਤੀ ਅਤੇ ਡੀ. ਏ. ਦੇ ਬਕਾਏ ਆਦਿ ਦੀ ਜਮ੍ਹਾਂ ਰਾਸ਼ੀ ‘ਤੇ ਆਧਾਰਤ ਸਟੇਟਮੈਂਟਾਂ ਵਿੱਚ ਜਮ੍ਹਾਂ ਰਾਸ਼ੀ ਦੇ ਵੱਧ ਜਾਂ ਘੱਟ ਹੋਣ ਸਬੰਧੀ ਇਤਰਾਜ਼ ਬਾਰੇ ਅਧਿਕਾਰੀ/ਕਰਮਚਾਰੀ ਲਿਖਤੀ ਰੂਪ ਵਿੱਚ ਉਕਤ ਸ਼ਾਖ਼ਾ ਨੂੰ ਪੂਰੇ ਵੇਰਵਿਆਂ ਸਹਿਤ ਪ੍ਰਤੀ ਬੇਨਤੀ ਕਰ ਸਕਦੇ ਹਨ। ਮੁਲਾਜ਼ਮਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੀਆਂ ਜੀ. ਪੀ. ਐਫ਼. ਸਟੇਟਮੈਂਟਾਂ ਸਮੇਂ ਸਿਰ ਪ੍ਰਾਪਤ ਕਰਨ ਤਾਂ ਜੋ ਵਾਧੇ/ਘਾਟੇ ਦੀ ਐਡਜਸਮੈਂਟ ਕਰਨ ‘ਚ ਮੁਸ਼ਕਲ ਨਾ ਆਵੇ। ਇਸ ਦੇ ਨਾਲ ਹੀ ਮੁਲਾਜ਼ਮਾਂ ਨੂੰ ਡੁਪਲੀਕੇਟ ਸਟੇਟਮੈਂਟਾਂ ਜਾਰੀ ਕਰਾਉਣ ਤੋਂ ਵੀ ਗੁਰੇਜ਼ ਕਰਨ ਲਈ ਕਿਹਾ ਗਿਆ ਹੈ।