‘ਮੇਅਡੇਅ ਮਾਰਚ’ ਵਿੱਚ ਪ੍ਰਧਾਨ ਮੰਤਰੀ ਨੂੰ ਸੁਨੇਹਾ-”ਦਿਆਲੂ ਬਣੋ ਤੇ ਸਾਨੂੰ ਵੀ ਇੱਥੇ ਰਹਿਣ ਦਿਓ”

ਆਕਲੈਂਡ, 1 ਮਈ (ਹਰਜਿੰਦਰ ਸਿੰਘ ਬਸਿਆਲਾ/ਕੂਕ ਪੰਜਾਬੀ ਸਮਾਚਾਰ) – ਵਿਸ਼ਵ ਭਰ ਦੇ ਵਿੱਚ ਅੱਜ ਅੰਤਰਰਾਸ਼ਟਰੀ ਕਿਰਤੀ ਦਿਵਸ ਮਨਾਇਆ ਜਾਂਦਾ ਗਿਆ। ਨਿਊਜ਼ੀਲੈਂਡ ਦੇ ਵਿੱਚ ਮਜ਼ਦੂਰ ਦਿਵਸ (ਲੇਬਰ ਡੇਅ) ਭਾਵੇਂ ਅਕਤੂਬਰ ਮਹੀਨੇ ਦੇ ਚੌਥੇ ਸੋਮਵਾਰ ਨੂੰ ਮਨਾਇਆ ਜਾਂਦਾ ਹੈ, ਪਰ ਇੱਥੇ ਰਹਿੰਦੇ ਪ੍ਰਵਾਸੀ ਕਿਰਤੀਆਂ ਨੇ ਇਸ ਦਿਨ ਆਪਣੇ ਹੱਕਾਂ ਦੀ ਗੱਲ ਕਰਦਿਆਂ ਆਕਲੈਂਡ ਸ਼ਹਿਰ ਦੇ ਵਿੱਚ ‘ਮੇਅਡੇਅ ਮਾਰਚ’ ਦਾ ਆਯੋਜਨ ਕੀਤਾ ਗਿਆ।
ਇਸ ਮਾਰਚ ਦਾ ਮੁੱਖ ਮਕਸਦ ਕੋਰੋਨਾ ਸ਼ਰਤਾਂ ਅਧੀਨ ਅਸਥਾਈ ਵੀਜ਼ੇ ਵਾਲਿਆਂ ਨੂੰ ਵਾਪਸ ਦੇਸ਼ ਪਰਤਣ ਊਤ ਲਾਈਆਂ ਪਾਬੰਦੀਆਂ ਉੱਤੇ ਸਰਕਾਰ ਨੂੰ ਨਰਮੀ ਵਰਤਣ ਵੱਲ ਧਿਆਨ ਖਿੱਚਣਾ ਸੀ, ਜਿਨ੍ਹਾਂ ਦੇ ਵੀਜ਼ੇ ਇਨ੍ਹਾਂ ਸ਼ਰਤਾਂ ਕਾਰਨ ਖ਼ਤਮ ਹੋ ਗਏ ਉਨ੍ਹਾਂ ਦੇ ਲਈ ਮੌਕਾ ਪ੍ਰਦਾਨ ਕਰਨਾ ਅਤੇ ਵੀਜ਼ੇ ਵਧਾਉਣਾ ਅਤੇ ‘2021 ਰੈਜ਼ੀਡੈਂਟ ਵੀਜ਼ਾ’ ਸ਼੍ਰੇਣੀ ਤਹਿਤ ਬਾਕੀ ਪ੍ਰਵਾਸੀ ਕਾਮਿਆਂ ਨੂੰ ਵੀ ਸ਼ਾਮਿਲ ਕਰਨਾ ਸੀ।
ਇਸ ਮੇਅ ਮਾਰਚ ਦਾ ਆਯੋਜਨ ‘ਫੈਡਰੇਸ਼ਨ ਆਫ਼ ਓਟੀਆਰੋਆ ਮਾਈਗ੍ਰਾਂਟਸ’ ਵੱਲੋਂ ਕੀਤਾ ਗਿਆ ਸੀ। ਸ੍ਰੀਮਤੀ ਅਨੂ ਕਲੋਟੀ ਅਤੇ ਮਾਈਗ੍ਰਾਂਟਸ ਦੇ ਲਈ ਲੰਮੇ ਸਮੇਂ ਤੋਂ ਕੰਮ ਕਰ ਰਹੇ ਸ਼ੇਰ ਸਿੰਘ ਨੇ ਇਸ ਮੌਕੇ ਆਪਣੇ ਸੰਬੋਧਨ ਦੇ ਵਿੱਚ ਸਰਕਾਰ ਦਾ ਧਿਆਨ ਪ੍ਰਵਾਸੀਆਂ ਦੀਆਂ ਮੰਗਾਂ ਵੱਲ ਖਿੱਚਿਆ। ਇਸ ਮਾਰਚ ਦੇ ਵਿੱਚ ਸਿਰਫ਼ ਭਾਰਤੀ ਲੋਕ ਹੀ ਨਹੀਂ ਸ਼ਾਮਿਲ ਸਨ, ਸਗੋਂ ਉਹ ਬਹੁਤ ਸਾਰੇ ਮੁਲਕਾਂ ਦੇ ਲੋਕ ਵੀ ਸ਼ਾਮਿਲ ਸਨ। ਖ਼ਾਸ ਗੱਲ ਇਹ ਸੀ ਕਿ ਕਈ ਕੀਵੀ ਜਿਨ੍ਹਾਂ ਦਾ ਕੋਈ ਵਿਅਕਤੀ ਵੀ ਦੇਸ਼ ਤੋਂ ਬਾਹਰ ਕੋਰੋਨਾ ਸ਼ਰਤਾਂ ਕਾਰਨ ਬਾਹਰ ਨਹੀਂ ਫਸਿਆ ਹੋਇਆ, ਉਹ ਵੀ ਇਸ ਮਾਰਚ ਦੇ ਵਿੱਚ ਸੁਪਰੋਟ ਵਾਸਤੇ ਆਏ ਹੋਏ ਸਨ। ਕੁਈਨ ਸਟ੍ਰੀਟ ਉੱਤੇ ਇਹ ਮਾਰਚ ਬੜੀ ਸਫਲਤਾ ਅਤੇ ਨਾਅਰੇ ਬੁਲੰਦ ਕਰਦੇ ਹੋਏ ਕੱਢਿਆ ਗਿਆ। ਰੋਸ ਮਾਰਚ ਕਰ ਰਹੇ ਪ੍ਰਵਾਸੀਆਂ ਨੇ ਜਿੱਥੇ ਵੱਖ-ਵੱਖ ਤਰ੍ਹਾਂ ਦੇ ਨਾਅਰੇ ਲਿਖੀਆਂ ਤਖ਼ਤੀਆਂ ਫੜੀਆਂ ਹੋਈਆਂ ਸਨ ਉੱਥੇ ਉੱਚੀ ਆਵਾਜ਼ ਦੇ ਵਿੱਚ ਲਗਾਏ ਜਾ ਰਹੇ ਨਾਅਰਿਆਂ ਜਿਵੇਂ ‘ਰੀਯੂਨਾਈਟ ਦਾ ਫੈਮਲੀਜ਼’, ‘ਬੀ ਕਾਈਂਡ ਜੈਸਿੰਡਾ ਪਲੀਜ਼’, ‘ਬਰਿੰਗ ਬਰਿੰਗ ਬਰਿੰਗ ਦੈਮ ਬੈਕ’ ‘ਮਾਈਗ੍ਰਾਂਟ ਲਾਈਵਜ਼ ਮੈਟਰ’ ‘ਬਰਿੰਗ ਦੈਮ ਬੈਕ ਮਾਈਗ੍ਰਾਂਟਸ ਸਟੱਕ ਆਫਸ਼ੋਰ’, ‘ਲੈਟ ਦੈਮ ਸਟੇਅ’, ‘ਪਾਥਵੇਅ ਟੂ ਰੈਜ਼ੀਡੈਂਸੀ’, ‘ਵੱਨ ਆਫ਼ ਰੈਜ਼ੀਡੈਂਟ ਵੀਜ਼ਾ ਫ਼ਾਰ ਆਲ’ ਆਈ. ਐਮ. ਏ ਮਾਈਗ੍ਰਾਂਟ ਅਤੇ ਵੀ ਵਾਂਟ ਜਸਟਿਸ ਆਦਿ ਨੇ ਪੂਰੀ ਸੜਕ ਨੂੰ ਗੂੰਜਾਂ ਦਿੱਤਾ। ਬੁਲਾਰਿਆਂ ਦੇ ਵਿੱਚ ਸ਼ਾਮਿਲ ਸਨ ਭਾਰਤੀ ਕਲੋਟੀ, ਅਨੂ ਕਲੋਟੀ, ਸ਼ੇਰ ਸਿੰਘ ਮਾਣਕਢੇਰੀ, ਗ੍ਰੀਨ ਪਾਰਟੀ ਦੇ ਐਮ. ਪੀ. ਰਿਕਾਰਡੋ ਮੈਨੀਡੇਜ਼, ਮਿਸਟਰ ਕ੍ਰਿਸ ਸੁਲੇਵਾਨ ਸੇਂਟ ਮਾਰਕ ਕੈਥੋਲਕ ਚਰਚ ਪਾਕੂਰੰਗਾ, ਮਾਈਕ ਟਰੀਨ ਐਡਵੋਕੇਟ ਯੂਨਾਈਟ ਯੂਨੀਅਨ, ਰੈੱਡ ਸੂੰਗਾ ਸਿਟੀ ਵਿਜ਼ਨ ਉਮੀਦਵਾਰ ਲੋਕਲ ਕੌਂਸਲ ਐਲਬਰਟ ਵਾਰਡ, ਜੋਇ ਕਾਰੋਲਨ ਸੋਸ਼ਲਿਸਟ ਅਤੇ ਹੋਰ। ਭਾਰਤੀ ਕਮਿਊਨਿਟੀ ਤੋਂ ਪਰਮਿੰਦਰ ਸਿੰਘ ਪਾਪਾਟੋਏਟੋਏ, ਹਰਜਿੰਦਰ ਸਿੰਘ ਬਸਿਆਲਾ, ਰਾਣਾ ਹਰਸਿਮਰਤਪਾਲ (ਹੈਰੀ ਰਾਣਾ) , ਸ. ਬਲਜਿੰਦਰ ਸਿੰਘ ਸੋਨੂੰ, ਗੈਰੀ ਮਾਨ ਹੈਂਡਰਸਨ, ਕਮਲਪ੍ਰੀਤ ਕੌਰ ਪੰਨੂ ਅਤੇ ਕਈ ਹੋਰ ਸ਼ਾਮਿਲ ਸਨ। ਸ. ਸਾਹਿਬ ਸਿੰਘ, ਭਾਰਤੀ ਕਲੋਟੀ ਅਤੇ ਹੋਰ ਕਈ ਮੈਂਬਰ ਇਸ ਮੌਕੇ ਅਹਿਮ ਭੂਮਿਕਾ ਨਿਭਾਅ ਰਹੇ ਸਨ।