ਜਲੰਧਰ, 13 ਨਵੰਬਰ – ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਕਾਰਜਕਾਰੀ ਜਨਰਲ ਸਕੱਤਰ ਡਾ. ਪਰਮਿੰਦਰ ਸਿੰਘ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਅੱਜ ਗ਼ਦਰੀ ਬਾਬਿਆਂ ਦੇ ਮੇਲੇ ਸਬੰਧੀ ਬਣੀਆਂ ਕਮੇਟੀਆਂ ਦੀ ਹੋਈ ਭਰਵੀਂ ਮੀਟਿੰਗ ‘ਚ ਮੇਲੇ ਦੀਆਂ ਪ੍ਰਾਪਤੀਆਂ ਨੂੰ ਉਚਿਆਉਣ ਅਤੇ ਸੀਮਤਾਈਆਂ, ਊਣਤਾਈਆਂ ਨੂੰ ਅੱਗੇ ਤੋਂ ਪੂਰਨ ਲਈ ਸੁਝਾਅ ਇਕੱਤਰ ਕੀਤੇ ਗਏ ਤਾਂ ਜੋ ਅਗਲੇ ਵਰ੍ਹੇ ਹੋਣ ਵਾਲੇ ਮੇਲੇ ਨੂੰ ਹੋਰ ਵੀ ਬੁਲੰਦੀਆਂ ‘ਤੇ ਪਹੁੰਚਾਇਆ ਜਾ ਸਕੇ।
ਇਸ ਇਕੱਤਰਤਾ ਦਾ ਆਗਾਜ਼ ਗ਼ਦਰ ਪਾਰਟੀ ਦੇ ਚਮਕਦੇ ਸਿਤਾਰੇ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਉਸ ਨਾਲ ਸ਼ਹਾਦਤ ਪਾਉਣ ਵਾਲੇ ਸ਼ਹੀਦ ਵਿਸ਼ਨੂੰ ਗਣੇਸ਼ ਪਿੰਗਲੇ, ਹਰਨਾਮ ਸਿੰਘ ਸਿਆਲਕੋਟੀ, ਸੁਰੈਣ ਸਿੰਘ ਵੱਡਾ, ਸੁਰੈਣ ਸਿੰਘ ਛੋਟਾ ਗਿੱਲਵਾਲੀ, ਜਗਤ ਸਿੰਘ ਸੁਰਸਿੰਘ ਅਤੇ ਬਖ਼ਸ਼ੀਸ਼ ਸਿੰਘ ਗਿੱਲਵਾਲੀ ਨੂੰ ਖੜ੍ਹੇ ਹੋ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ।
ਪਿਛਲੀ ਦਿਨੀਂ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਦਵਿੰਦਰ ਪਾਲ ਦੇ ਛੋਟੇ ਸਪੁੱਤਰ ਅਰਸ਼ ਦੇ ਹਿਰਦੇਵੇਧਕ ਸਦੀਵੀ ਵਿਛੋੜੇ ‘ਤੇ ਇਕੱਤਰਤਾ ਨੇ ਗਹਿਰਾ ਦੁੱਖ ਪ੍ਰਗਟ ਕੀਤਾ।
ਮੇਲਾ, ਸਾਮਰਾਜਵਾਦੀ ਅਤੇ ਫ਼ਿਰਕੂ ਫਾਸ਼ੀ ਹੱਲੇ ਖ਼ਿਲਾਫ਼ ਜੂਝਦੀਆਂ ਲਹਿਰਾਂ ਨੂੰ ਸਮਰਪਿਤ ਕਰਨ, ਲਹਿੰਦੇ ਪੰਜਾਬ ਤੋਂ ਰੰਗ ਕਰਮੀਆਂ ਅਤੇ ਕਵੀਆਂ ਨੂੰ ਮੇਲੇ ‘ਚ ਸ਼ਾਮਲ ਕਰਨ ਲਈ ਵਿਸ਼ੇਸ਼ ਯਤਨ ਕਰਨ, ਚਿੱਤਰਕਲਾ, ਫ਼ੋਟੋ ਕਲਾ ਪ੍ਰਦਰਸ਼ਨੀ, ਪੁਸਤਕ ਮੇਲਾ, ਮੇਲੇ ‘ਚ ਹੋਰਨਾਂ ਸੂਬਿਆਂ ਤੋਂ ਵੀ ਕਲਾਕਾਰਾਂ ਦੀ ਆਮਦ, ਮੇਲੇ ਦਾ ਸੁਨੇਹਾ ਅਤੇ ਕਲਾਤਮਕ ਪੱਖ, ਬੇਜ਼ਮੀਨੇ ਲੋਕਾਂ ਦੀ ਜ਼ਿੰਦਗੀ ਅਤੇ ਭਖਦੇ ਲੋਕ ਸਰੋਕਾਰਾਂ ਨੂੰ ਮੇਲੇ ਦਾ ਵਿਸ਼ਾ ਬਣਾਉਣ ਦੀ ਜ਼ੋਰਦਾਰ ਸ਼ਲਾਘਾ ਕੀਤੀ ਗਈ।
ਪੁਸਤਕ ਮੇਲਾ, ਪਾਰਕਿੰਗ ਅਤੇ ਮੇਲੇ ਦੇ ਹੋਰਨਾਂ ਪੱਖਾਂ ਆਦਿ ਉੱਪਰ ਵੀ ਗੰਭੀਰ ਸੁਝਾਅ ਸਾਹਮਣੇ ਆਏ।
ਇਸ ਵਿਚਾਰ-ਚਰਚਾ ‘ਚ 40 ਮੈਂਬਰਾਂ ਨੇ ਭਾਗ ਲਿਆ, ਜਿਨ੍ਹਾਂ ‘ਚੋਂ ਰਮੇਸ਼ ਚੌਹਕਾ, ਮਾਸਟਰ ਸੁਖਦੇਵ ਸਿੰਘ ਫਗਵਾੜਾ, ਡਾ. ਸੈਲੇਸ਼, ਆਰਟਿਸਟ ਇੰਦਰਜੀਤ, ਚਾਨਣ ਰਾਮ, ਬਿਹਾਰੀ ਲਾਲ ਛਾਬੜਾ, ਗਿਆਨ ਸੈਦਪੁਰੀ, ਜਸਕਰਨ, ਕੁੱਲਬੀਰ ਸਿੰਘ ਸੰਘੇੜਾ, ਸ਼ਬਦੀਸ਼, ਮਾਸਟਰ ਮੁਨੀ ਲਾਲ, ਕਸ਼ਮੀਰ ਘੁੱਗਸ਼ੋਰ, ਮੰਗਲਜੀਤ ਅਤੇ ਪਰਮਜੀਤ ਨੇ ਮੇਲੇ ਸਬੰਧੀ ਆਪਣੀਆਂ ਰਾਵਾਂ ਦਿੱਤੀਆਂ।
ਇਸ ਮੀਟਿੰਗ ‘ਚ ਕਮੇਟੀ ਦੇ ਮੀਤ-ਪ੍ਰਧਾਨ ਸੀਤਲ ਸਿੰਘ ਸੰਘਾ, ਵਿੱਤ ਸਕੱਤਰ ਰਣਜੀਤ ਸਿੰਘ ਔਲਖ, ਸੀਨੀਅਰ ਮੈਂਬਰ ਸੁਰਿੰਦਰ ਕੁਮਾਰੀ ਕੋਛੜ, ਚਰੰਜੀ ਲਾਲ ਕੰਗਣੀਵਾਲ, ਵਿਜੈ ਬੰਬੇਲੀ, ਪ੍ਰਿਥੀਪਾਲ ਮਾੜੀਮੇਘਾ, ਹਰਮੇਸ਼ ਮਾਲੜੀ, ਹਰਵਿੰਦਰ ਭੰਡਾਲ, ਮੰਗਤ ਰਾਮ ਪਾਸਲਾ, ਪ੍ਰਗਟ ਸਿੰਘ ਜਾਮਾਰਾਏ ਅਤੇ ਗੋਪਾਲ ਬੁੱਟਰ ਵੀ ਹਾਜ਼ਰ ਸਨ।
ਜਾਰੀ ਕਰਤਾ: ਅਮੋਲਕ ਸਿੰਘ, ਕਨਵੀਨਰ, ਸਭਿਆਚਾਰਕ ਵਿੰਗ, ਮੋਬਾਈਲ: 0091 98778-68710
Home Page ਮੇਲਾ ਕਮੇਟੀਆਂ ਵੱਲੋਂ ਮੇਲੇ ‘ਤੇ ਮੋੜਵੀਂ ਝਾਤ, ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ...