ਮੇਲਾ ਗ਼ਦਰੀ ਬਾਬਿਆਂ ਦਾ: ਨਾਟਕਾਂ ਭਰੀ ਰਾਤ ਨੇ ਇਨਕਲਾਬੀ ਚੇਤਨਾ ਦੇ ਚਾਨਣ ਦਾ ਦਿੱਤਾ ਛੱਟਾ

* ਮੇਲੇ ‘ਚ ਲੋਕ ਲੈ ਕੇ ਗਏ 15 ਲੱਖ ਦਾ ਸਾਹਿਤ
ਜਲੰਧਰ – 2 ਨਵੰਬਰ ਨੂੰ ਤਿੰਨ ਰੋਜ਼ਾ ਗ਼ਦਰੀ ਬਾਬਿਆਂ ਦੇ ਮੇਲੇ ਦੀ ਸਿਖਰਲੀ ਰਾਤ ਨਾਟਕਾਂ ਅਤੇ ਗੀਤ-ਸੰਗੀਤ ਦਾ ਹਜ਼ਾਰਾਂ ਲੋਕਾਂ aੁੱਪਰ ਜਾਦੂਮਈ ਅਸਰ ਹੋਇਆ। ਪੰਜਾਬੀ ਇਨਕਲਾਬੀ ਰੰਗ ਮੰਚ ਨੇ ਗ਼ਦਰੀ ਬਾਬਿਆਂ ਦੇ ਮੇਲੇ ਦੇ 26ਵੇਂ ‘ਤੇ ਆ ਕੇ ਮਿਆਰੀ ਅਤੇ ਉਚੇਰੀ ਪਰਵਾਜ਼ ਭਰੀ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਗੁਰਮੀਤ ਸਿੰਘ ਢੱਡਾ, ਜਨਰਲ ਸਕੱਤਰ ਗੁਰਮੀਤ ਸਿੰਘ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਪ੍ਰੈੱਸ ਨੂੰ ਮੇਲੇ ਦੇ ਸਿਖਰਲੇ ਸਮਾਗਮਾਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੂਸੀ ਸਮਾਜਵਾਦੀ ਇਨਕਲਾਬ ਦੀ 100ਵੀਂ ਵਰ੍ਹੇਗੰਢ ਨੂੰ ਸਮਰਪਤ 26ਵੇਂ ਮੇਲੇ ਨੇ ਪਿਛਲੇ ਮੇਲਿਆਂ ਦੇ ਕਸ਼ੀਦੇ ਤਜ਼ਰਬਿਆਂ ਸਦਕਾ ਇਸ ਵਾਰ ਹੋਰ ਵੀ ਨਵੀਂ ਪੁਲਾਂਘ ਪੁੱਟੀ ਹੈ।
ਮੇਲੇ ਦੀ ਰਾਤ ਦਾ ਆਗਾਜ਼, ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਵੱਲੋਂ ਮੇਲਾ-ਪ੍ਰੇਮੀਆਂ ਨੂੰ ਮੇਲੇ ਦੇ ਉਦੇਸ਼ ਦੀ ਪੂਰਤੀ ਲਈ ਸਥਾਨਕ ਪੱਧਰ ‘ਤੇ ਅਜੇਹੇ ਮੇਲੇ ਲਾਉਣ ਦੀ ਅਪੀਲ ਨਾਲ ਹੋਇਆ। ਉਨ੍ਹਾਂ ਨੇ ਤਿੰਨ ਰੋਜ਼ਾ ਮੇਲੇ ਨੂੰ ਲੋਕਾਂ ਵੱਲੋਂ ਭਰੇ ਹੁੰਗਾਰੇ ‘ਤੇ ਮੁਬਾਰਕਬਾਦ ਦਿੱਤੀ। ਪ੍ਰੋ. ਸਾਈ ਬਾਬਾ ਨੂੰ ਬਿਨਾਂ ਸ਼ਰਤ ਤੁਰੰਤ ਰਿਹਾ ਕਰਨ, ਅਪੰਗ ਸਿਆਸੀ ਕੈਦੀ ਨੂੰ ਤੰਗ ਪਰੇਸ਼ਾਨ ਕਰਨਾ ਬੰਦ ਕਰਨ, ਝੂਠੇ ਕੇਸਾਂ ਤਹਿਤ ਲੋਕਾਂ ਦੇ ਬੁੱਧੀਜੀਵੀਆਂ ਨੂੰ ਜੇਲ੍ਹੀਂ ਧੱਕਣ ਦਾ ਵਿਰੋਧ ਕਰਨ ਬਾਰੇ ਮਤਾ ਦੇਸ਼ ਭਗਤ ਯਾਦਗਾਰ ਕਮੇਟੀ ਦੀ ਤਰਫ਼ੋਂ ਜਨਰਲ ਸਕੱਤਰ ਗੁਰਮੀਤ ਸਿੰਘ ਨੇ ਪੇਸ਼ ਕੀਤਾ ਜੋ ਪੰਡਾਲ ‘ਚ ਹਾਜ਼ਰ ਲੋਕਾਂ ਨੇ ਹੱਥ ਖੜ੍ਹੇ ਕਰਕੇ ਪਾਸ ਕੀਤਾ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਨਾਟਕਾਂ ਅਤੇ ਗੀਤਾਂ ਭਰੀ ਰਾਤ ਦਾ ਮੰਚ ਸੰਚਾਲਨ ਕਰਦਿਆਂ ਕਿਹਾ ਕਿ ਗ਼ਦਰੀ ਬਾਬਿਆਂ ਦਾ ਮੇਲਾ ਰਵਾਇਤੀ, ਵਪਾਰਕ ਅਤੇ ਲੋਕ-ਦੋਖੀ ਰਾਜਨੀਤਕ ਰੰਗ ‘ਚ ਰੰਗੇ ਮੇਲਿਆਂ ਨਾਲੋਂ ਸਿਫ਼ਤੀਂ ਅਤੇ ਕਲਾਤਮਕ ਪੱਖੋਂ ਲਾਜਵਾਬ ਹੈ। ਖੱਚਾ ਖੱਚ ਭਰੇ ਪੰਡਾਲ ਨੇ ਖੜ੍ਹੇ ਹੋ ਕੇ ਰੂਸੀ ਸਮਾਜਵਾਦੀ ਕ੍ਰਾਂਤੀ, ਗ਼ਦਰ ਪਾਰਟੀ ਅਤੇ ਨਾਮਵਰ ਨਾਟਕਕਾਰ ਪ੍ਰੋ. ਅਜਮੇਰ ਸਿੰਘ ਔਲਖ ਨੂੰ ਖੜ੍ਹੇ ਹੋ ਕੇ ਸ਼ਰਧਾਂਜਲੀ ਅਰਪਣ ਕੀਤੀ। ਇਸ ਮੌਕੇ ਉਨ੍ਹਾਂ ਦੀ ਸੰਗਰਾਮਣ ਸਾਥਣ ਮਨਜੀਤ ਔਲਖ, ਬੇਟਾ ਸੁਭਾਸ਼ ਬਿੱਟੂ ਅਤੇ ਬੇਟੀ ਅਜ਼ਮੀਤ ਹਾਜ਼ਰ ਸਨ।
ਪ੍ਰੋ. ਅਜਮੇਰ ਸਿੰਘ ਔਲਖ ਦੀ ਜੀਵਨ-ਸਾਥਣ ਅਤੇ ਜਾਣੀ-ਪਹਿਚਾਣੀ ਰੰਗ ਕਰਮੀਂ ਮਨਜੀਤ ਔਲਖ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਜ਼ਮੀਨ ਨਾਲ ਜੁੜੇ ਰੰਗ ਮੰਚ ਨੂੰ ਗ਼ਦਰੀ ਬਾਬਿਆਂ ਦੇ ਮੇਲੇ ਨੇ ਨਵੀਂ ਉਡਾਰੀ ਭਰਾਈ ਹੈ। ਉਨ੍ਹਾਂ ਨੇ ਕਲਾ, ਕਲਮ, ਰੰਗ ਮੰਚ ਅਤੇ ਲੋਕ-ਸੰਗਰਾਮ ਦੀ ਸਾਂਝ ਗੂੜ੍ਹੀ ਕਰਨ ‘ਤੇ ਜ਼ੋਰ ਦਿੱਤਾ।
ਗੁਰਸ਼ਰਨ ਸਿੰਘ ਦੀ ਧੀ ਡਾ. ਨਵਸ਼ਰਨ ਨੇ ਕਿਹਾ ਕਿ ਪੰਜਾਬ ਸੂਬੇ ਨੂੰ ਕਲਾ ਪੱਖੋਂ ਊਣੇ ਰਹਿਣ ਦਾ ਕਿਸੇ ਵੇਲੇ ਮਾਰਿਆ ਜਾਂਦਾ ਮਿਹਣਾ, ਪੰਜਾਬ ਦੇ ਰੰਗ ਕਰਮੀਆਂ ਨੇ ਧੋ ਕੇ ਰੱਖ ਦਿੱਤਾ ਹੈ। ਪੂਰੇ ਮੁਲਕ ‘ਚ ਪੰਜਾਬੀ ਇਨਕਲਾਬੀ ਰੰਗ ਮੰਚ ਦਾ ਕੋਈ ਸਾਨੀ ਨਹੀਂ।
ਪ੍ਰੋ. ਅਜਮੇਰ ਸਿੰਘ ਔਲਖ ਦਾ ਲਿਖਿਆ, ਕੇਵਲ ਧਾਲੀਵਾਲ ਵੱਲੋਂ ਨਿਰਦੇਸ਼ਤ ਮੰਚ ਰੰਗ ਮੰਚ ਵੱਲੋਂ ਖੇਡਿਆ ਨਾਟਕ ‘ਭੱਠ ਖੇੜਿਆਂ ਦਾ ਰਹਿਣਾ’ ਲੋਕ ਹੱਕਾਂ ਲਈ ਜੂਝਣ ਵਾਲਿਆਂ ਦੇ ਝੂਠੇ ਪੁਲਸ ਮੁਕਾਬਲਿਆਂ ਦੀ ਘੜੀ ਜਾਂਦੀ ਕਹਾਣੀ ਦਾ ਪਰਦਾਫਾਸ਼ ਕਰ ਗਿਆ।
ਅਮੋਲਕ ਸਿੰਘ ਦੁਆਰਾ ਲਿਖਿਆ ਕਾਵਿ-ਨਾਟ ਰੂਪੀ ‘ਝੰਡੇ ਦਾ ਗੀਤ’ ‘ਨਵੇਂ ਸੂਰਜ ਦਾ ਗੀਤ’ 100 ਤੋਂ ਵੱਧ ਕਲਾਕਾਰਾਂ ਵੱਲੋਂ ਦਰਜਣਾਂ ਟੀਮਾਂ ਦੀ ਸ਼ਮੂਲੀਅਤ ਨਾਲ ਹਰਵਿੰਦਰ ਦੀਵਾਨਾ ਦੀ ਮੁੱਖ ਨਿਰਦੇਸ਼ਨਾ ਅਤੇ ਸਮੂਹ ਟੀਮਾਂ ਦੇ ਪ੍ਰਤੀਨਿਧਾਂ ਦੀ ਨਿਰਦੇਸ਼ਨਾ ‘ਚ ਰਾਤ ਨੂੰ ਦੁਬਾਰਾ ਪੇਸ਼ ਕੀਤਾ ਗਿਆ। ਗੀਤ ਲੋਕਾਂ ਦੇ ਮਨ ਦੀ ਡਾਇਰੀ ‘ਤੇ ਅਮਿੱਟ ਪ੍ਰਭਾਵ ਛੱਡ ਗਿਆ।
ਉੱਘੇ ਕਹਾਣੀਕਾਰ ਗੁਰਮੀਤ ਕੜਿਆਲਵੀ ਦੁਆਰਾ ਲਿਖਿਆ ਕੀਰਤੀ ਕਿਰਪਾਲ ਦੁਆਰਾ ਨਿਰਦੇਸ਼ਤ ਨਾਟਕ ‘ਤੂੰ ਜਾਹ ਡੈਡੀ’ ਨਸ਼ਿਆਂ ਦੇ ਪ੍ਰਕੋਪ ਦੀ ਭੰਨੀ, ਹਨੇਰੀ ਰਾਤ ਵਿੱਚ ਚਾਨਣ ਦੀ ਲੀਕ ਭਾਲਦੀ ਜੁਆਨੀ ਦੀ ਦਾਸਤਾ ਬਿਆਨ ਕਰ ਗਿਆ। ਜਿਹੜੀ ਜੁਆਨੀ ਅੰਦਰ ਧੁਖਦੀ ਅੱਗ ਸਮਾਜਕ ਤਬਦੀਲੀ ਲਈ ਲਟ ਲਟ ਬਣਨਾ ਅਹੁਲਦੀ ਹੈ।
ਅਲੰਕਾਰ ਥੀਏਟਰ ਵੱਲੋਂ ਚਕਰੇਸ਼ ਕੁਮਾਰ ਦੀ ਨਿਰਦੇਸ਼ਨਾ ‘ਚ ‘ਪਹਿਲਾ ਅਧਿਆਪਕ’ ਨਾਟਕ ਰੂਸੀ ਸਮਾਜਵਾਦੀ ਇਨਕਲਾਬ ਦੁਆਰਾ ਸਿੱਖਿਆ ਖੇਤਰ ‘ਚ ਆਈਆਂ ਇਨਕਲਾਬੀ ਤਬਦੀਲੀਆਂ, ਔਰਤ ਦੇ ਹਰ ਖੇਤਰ ਅੰਦਰ ਸਨਮਾਨਿਤ ਰੁਤਬੇ ਲਈ ਲੋਕ-ਸੰਗਰਾਮ ਦੀ ਖ਼ੂਬਸੂਰਤ ਕਹਾਣੀ ਪੇਸ਼ ਕਰ ਗਿਆ।
ਦਰਸ਼ਕਾਂ ਵਿੱਚ ਜ਼ੋਰਦਾਰ ਚਰਚਾ ਪਾਈ ਗਈ ਕਿ ਰਾਤ ਨੂੰ ਪੇਸ਼ ਸਮੂਹ ਨਾਟਕ, ਇਨਕਲਾਬੀ ਕਵੀਸ਼ਰੀ ਜੱਥਾ ਰਸੂਲਪੁਰ ਅਤੇ ਵਿਨੈ ਅਹਿਮਦਾਬਾਦ (ਗੁਜਰਾਤ) ਦੇ ਗੀਤਾਂ ਦੀ ਯਾਦ ਸਦਾ ਅਭੁੱਲ ਰਹੇਗੀ।
ਮੇਲੇ ਦੀ ਸਮਾਪਤੀ ਮੌਕੇ ਆਪਣੇ ਘਰਾਂ ਨੂੰ ਪਰਤਦੇ ਹੋਏ ਲੋਕ ਆਪਣੇ ਨਾਲ ਸਾਹਿਤ ਦੇ ਭਰੇ ਝੋਲੇ ਇਉਂ ਲੈ ਕੇ ਜਾ ਰਹੇ ਸਨ ਜਿਵੇਂ ਉਹ ਮੇਲੇ ਤੋਂ ਮਠਿਆਈਆਂ ਲੈ ਕੇ ਜਾ ਰਹੇ ਹੋਣ। ਮੇਲੇ ‘ਚ ਲੱਗੀਆਂ 102 ਬੁੱਕ ਸਟਾਲਾਂ ਤੋਂ ਪਿਛਲੇ ਸਾਰੇ ਰਿਕਾਰਡਾਂ ਨੂੰ ਮਾਤ ਪਾਉਂਦਿਆਂ ਮੇਲਾ-ਪ੍ਰੇਮੀ ਵੱਖ-ਵੱਖ ਵਿਕ੍ਰੇਤਾਵਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਤਕਰੀਬਨ 15 ਲੱਖ ਦੀਆਂ ਪੁਸਤਕਾਂ ਲੈ ਕੇ ਗਏ। ਇਉਂ ਮੇਲੇ ਨੇ ਆਪਣੇ ਕਲਾਵੇ ਵਿੱਚ ਇੱਕ ਹੋਰ ਪੁਸਤਕ ਮੇਲੇ ਦਾ ਰੌਸ਼ਨ ਮੀਨਾਰ ਉਸਾਰਨ ਦੀ ਸਫਲ ਪ੍ਰਾਪਤੀ ਦਾ ਪ੍ਰਮਾਣ ਦਿੱਤਾ ਹੈ।