ਆਤਿਸ਼ਬਾਜ਼ੀ ਚਲਾਕੇ ਜਿੱਤ ਦੇ ਜਸ਼ਨ ਮਨਾਏ
ਵਿਲਮਿੰਗਟਨ (ਹੁਸਨ ਲੜੋਆ ਬੰਗਾ) – ਵਿਲਮਿੰਗਟਨ ਵਿੱਚ ਡੈਮੋਕਰੈਟਿਕ ਪਾਰਟੀ ਵੱਲੋਂ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਦੀ ਚੋਣ ਜਿੱਤੇ ਜੋਅ ਬਾਇਡਨ ਨੇ ਕਿਹਾ ਕਿ ਚਾਹੇ ਕੋਈ ਡੈਮੋਕਰੈਟਿਕ ਹੈ, ਰਿਪਬਲਿਕਨ ਹੈ ਜਾਂ ਹੋਰ ਕਿਸੇ ਪਾਰਟੀ ਨਾਲ ਸਬੰਧਿਤ ਹੈ, ਅਸੀਂ ਸਾਰੇ ਅਮਰੀਕੀ ਹਾਂ। ਮੈਂ ਸਾਰੇ ਅਮਰੀਕੀਆਂ ਦਾ ਰਾਸ਼ਟਰਪਤੀ ਹਾਂ ਤੇ ਮੈਂ ਰਾਸ਼ਟਰਪਤੀ ਵਜੋਂ ਸਮੁੱਚੇ ਅਮਰੀਕੀਆਂ ਨੂੰ ਇੱਕਜੁੱਟ ਕਰਨ ਦਾ ਕੰਮ ਕਰਾਂਗਾ। ਉਨ੍ਹਾਂ ਕਿਹਾ ਕਿ ਮੈਨੂੰ ਡੈਮੋਕਰੈਟਿਕ ਹੋਣ ਉੱਪਰ ਮਾਣ ਹੈ ਪਰ ਪਹਿਲਾਂ ਮੈਂ ਅਮਰੀਕੀ ਹਾਂ। ਰਾਸ਼ਟਰਪਤੀ ਵਜੋਂ ਆਪਣੇ ਪਹਿਲੇ ਸੰਬੋਧਨ ਵਿੱਚ ਬਾਇਡਨ ਨੇ ਕਿਹਾ ਕਿ ਸਾਨੂੰ ਹੁਣ ਤੋਂ ਹੀ ਅਮਰੀਕਾ ਨੂੰ ਦਰੁਸਤ ਕਰਨ ਦੇ ਕੰਮ ਵਿੱਚ ਲੱਗਣਾ ਪਵੇਗਾ। ਇਕ ਰਾਸ਼ਟਰਪਤੀ ਵਜੋਂ ਮੈਨੂੰ ਇਸ ਵਾਸਤੇ ਸਖ਼ਤ ਮਿਹਨਤ ਕਰਨੀ ਪਵੇਗੀ। ਉਨ੍ਹਾਂ ਕਿਹਾ ਕਿ ਚੋਣਾਂ ਵਿੱਚ ਹਰ ਅਮਰੀਕੀ ਨੇ ਆਪਣੇ ਦਿਲ ਦੀ ਗੱਲ ਕੀਤੀ ਹੈ, ਹਰ ਅਮਰੀਕੀ ਨੇ ਆਪਣੀ ਗੱਲ ਕਹੀ ਹੈ ਤੇ ਮੈਨੂੰ ਸਪਸ਼ੱਟ ਬਹੁਮਤ ਦਿੱਤਾ ਹੈ। ਇਸ ਵਾਸਤੇ ਮੈਂ ਉਨ੍ਹਾਂ ਦਾ ਧੰਨਵਾਦੀ ਹਾਂ। ਉਨ੍ਹਾਂ ਨੇ ਹਰ ਇਕ ਲਈ ਨਿਆਂ ਤੇ ਇਨਸਾਫ਼ ਦੀ ਗੱਲ ਕੀਤੀ। ਇਸ ਮੌਕੇ ਆਤਿਸ਼ਬਾਜ਼ੀ ਚਲਾਕੇ ਜਿੱਤ ਦੇ ਜਸ਼ਨ ਮਨਾਏ ਗਏ। ਸਮਾਗਮ ਨੂੰ ਉਪ ਰਾਸ਼ਟਰਪਤੀ ਬਣਨ ਜਾ ਰਹੀ ਕਮਲਾ ਹੈਰਿਸ ਨੇ ਵੀ ਸੰਬੋਧਨ ਕੀਤਾ।
290 ਇਲੈਕਟੋਰਲ ਵੋਟਾਂ ਮਿਲੀਆਂ –
ਡੈਮੋਕਰੈਟਿਕ ਪਾਰਟੀ ਦੇ ਉਮੀਦਵਾਰ ਜੋਅ ਬਾਇਡਨ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਹੋਣਗੇ। ਬਾਇਡਨ ਨੇ ਕੁੱਲ 290 ਇਲੈਕਟੋਰਲ ਕਾਲਜ ਵੋਟਾਂ ਜਿੱਤ ਲਈਆਂ ਹਨ। ਪੈਨਸਿਲਵੇਨੀਆ ਵਿੱਚ ਮਿਲੀ ਜਿੱਤ ਨਾਲ ਬਾਇਡਨ ਨੂੰ 20 ਹੋਰ ਵੋਟਾਂ ਮਿਲੀਆਂ ਹਨ, ਜਿਸ ਨਾਲ ਉਹ ਰਾਸ਼ਟਰਪਤੀ ਬਣਨ ਲਈ ਲੋੜੀਂਦਾ 270 ਵੋਟਾਂ ਦਾ ਅੰਕੜਾ ਪਾਰ ਕਰ ਗਏ ਹਨ। ਦੂਸਰੇ ਪਾਸੇ ਰਿਪਬਲਿਕਨ ਉਮੀਦਵਾਰ ਰਾਸ਼ਟਰਪਤੀ ਡੋਨਲਡ ਟਰੰਪ ਨੇ ਹੁਣ ਤੱਕ 214 ਵੋਟਾਂ ਜਿੱਤੀਆਂ ਹਨ। ਭਾਵੇਂ ਅਜੇ ਕੁੱਝ ਸੂਬਿਆਂ ਦੀਆਂ ਵੋਟਾਂ ਦੀ ਗਿਣਤੀ ਜਾਰੀ ਹੈ ਅਤੇ ਨਤੀਜੇ ਆਉਣੇ ਅਜੇ ਬਾਕੀ ਹਨ। ਬਾਇਡੇਨ ਵਾਈਟ ਹਾਊਸ ਵਿੱਚ 20 ਜਨਵਰੀ ਨੂੰ ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲਣਗੇ। ਉਦੋਂ ਉਹ 78 ਵਰ੍ਹਿਆਂ ਦੇ ਹੋ ਜਾਣਗੇ। ਇਸ ਤੋਂ ਪਹਿਲਾਂ ਸ਼ੁੱਕਰਵਾਰ ਦੇਰ ਰਾਤ ਜੋਅ ਬਾਇਡਨ ਨੇ ਵਿਲਮਿੰਗਟਨ ਵਿੱਚ ਆਪਣੇ ਪ੍ਰਚਾਰ ਹੈੱਡਕੁਆਟਰ ਤੋਂ ਸੰਬੋਧਨ ਕਰਦਿਆਂ ਕਿਹਾ ਕਿ ਇਹ ‘ਸਪੱਸ਼ਟ ਅਤੇ ਯਕੀਨੀ’ ਹੋ ਗਿਆ ਹੈ ਕਿ ਉਹ ਰਿਪਬਲਿਕਨ ਰਾਸ਼ਟਰਪਤੀ ਡੋਨਲਡ ਟਰੰਪ ਖ਼ਿਲਾਫ਼ ਵਾਈਟ ਹਾਊਸ ਦੀ ਚੋਣ ਜਿੱਤਣ ਜਾ ਰਹੇ ਹਨ। ਬਾਇਡਨ ਨੇ ਐਲਾਨ ਕੀਤਾ ਕਿ ਉਹ ਆਪਣੇ ਦਫ਼ਤਰ ਦੇ ਪਹਿਲੇ ਦਿਨ ਕੋਵਿਡ-19 ਮਹਾਂਮਾਰੀ ਦਾ ਫੈਲਾਅ ਰੋਕਣ ਲਈ ਯੋਜਨਾਵਾਂ ਲੈ ਕੇ ਆਉਣਗੇ।
ਟਰੰਪ ਨੇ ਹਾਰ ਨਹੀਂ ਸਵੀਕਾਰੀ –
ਦੂਜੇ ਪਾਸੇ, ਟਰੰਪ ਨੇ ਹਾਲੇ ਹਾਰ ਨਹੀਂ ਸਵੀਕਾਰੀ ਹੈ ਬਲਕਿ ਉਹ ਇੱਥੋਂ ਤੱਕ ਕਹਿ ਰਹੇ ਹਨ ਕਿ ਡੈਮੋਕਰੈਟਿਕ ਉਮੀਦਵਾਰ ਨੂੰ ਜਿੱਤ ਦੇ ਗ਼ਲਤ ਦਾਅਵੇ ਨਹੀਂ ਕਰਨੇ ਚਾਹੀਦੇ। ਟਰੰਪ ਨੇ ਟਵੀਟ ਕੀਤਾ, “ਜੋਅ ਬਾਇਡਨ ਨੂੰ ਰਾਸ਼ਟਰਪਤੀ ਦੇ ਅਹੁਦੇ ਲਈ ਗ਼ਲਤ ਦਾਅਵੇ ਨਹੀਂ ਕਰਨੇ ਚਾਹੀਦੇ। ਮੈਂ ਵੀ ਅਜਿਹੇ ਦਾਅਵੇ ਕਰ ਸਕਦਾ ਹਾਂ। ਕਾਨੂੰਨੀ ਕਾਰਵਾਈ ਹੁਣੇ ਹੀ ਸ਼ੁਰੂ ਹੋਣ ਜਾ ਰਹੀ ਹੈ!”
ਕਮਲਾ ਹੈਰਿਸ ਨੇ ਸਿਰਜ ਦਿੱਤਾ ਇਤਿਹਾਸ –
ਉਪ-ਰਾਸ਼ਟਰਪਤੀ ਚੁਣੀ ਗਈ ਕਮਲਾ ਹੈਰਿਸ (56) ਨੇ ਇਤਿਹਾਸ ਸਿਰਜ ਦਿੱਤਾ ਹੈ। ਅਮਰੀਕਾ ਦਾ ਦੂਜਾ ਸਭ ਤੋਂ ਉੱਚਾ ਰੁਤਬਾ ਹਾਸਲ ਕਰਨ ਵਾਲੀ ਉਹ ਪਹਿਲੀ ਏਸ਼ੀਅਨ-ਅਮਰੀਕਨ ਮਹਿਲਾ ਬਣ ਗਈ ਹੈ। ਹੈਰਿਸ ਨੂੰ ਬਾਇਡਨ ਦੀ ਵਡੇਰੀ ਉਮਰ ਕਰਕੇ 2024 ਦੀ ਰਾਸ਼ਟਰਪਤੀ ਚੋਣ ਲਈ ਉਮੀਦਵਾਰ ਵਜੋਂ ਦੇਖਿਆ ਜਾ ਰਿਹਾ ਹੈ। ਉਸ ਨੇ ਅੱਜ ਜਿੱਤ ਤੋਂ ਬਾਦ ਪਹਿਲੇ ਭਾਸ਼ਣ ਵਿੱਚ ਵਿਸ਼ੇਸ਼ ਤੌਰ ‘ਤੇ ਭਾਰਤ ਤੋਂ 1958 ‘ਚ ਅਮਰੀਕਾ ਆਈ ਆਪਣੀ ਮਾਂ ਦਾ ਜ਼ਿਕਰ ਵੀ ਕੀਤਾ ਪਰ ਉਸ ਨੇ ਪਹਿਲਾਂ ਵਾਂਗ ਆਪਣੇ ਆਪ ਨੂੰ ਕਾਲੇ ਰੰਗ ਦੀ ਔਰਤ ਕਿਹਾ। ਜਿਸ ‘ਤੇ ਅਮਰੀਕਨ ਕਾਲੇ ਲੋਕ ਮਾਣ ਕਰਦੇ ਹਨ।
Home Page ਮੈਂ ਸਾਰੇ ਅਮਰੀਕੀਆਂ ਦਾ ਰਾਸ਼ਟਰਪਤੀ ਹਾਂ- ਜੋਅ ਬਾਇਡਨ