*ਰਾਸ਼ਟਰਪਤੀ ਫੌਜੀ ਹਸਪਤਾਲ ਵਿਚ ਦਾਖਲ
ਵਾਸ਼ਿੰਗਟਨ, 3 ਅਕਤੂਬਰ (ਹੁਸਨ ਲੜੋਆ ਬੰਗਾ) – ਰਾਸ਼ਟਰਪਤੀ ਡੋਨਾਲਡ ਟਰੰਪ ਤੇ ਫਸਟ ਲੇਡੀ ਮੇਲਾਨੀਆ ਟਰੰਪ ਦੇ ਕੋਰੋਨਾ ਪੌਜ਼ਟਿਵ ਆਉਣ ਤੋਂ ਬਾਅਦ ਸ੍ਰੀ ਟਰੰਪ ਨੂੰ ਬੇਥੇਸਡਾ ਦੇ ਵਾਲਟਰ ਰੀਡ ਨੈਸ਼ਨਲ ਮਿਲਟਰੀ ਮੈਡੀਕਲ ਸੈਂਟਰ ਵਿਚ ਦਾਖਲ ਕਰਵਾਇਆ ਗਿਆ ਹੈ। ਹਾਲਾਂ ਕਿ ਸ਼ੁਰੂਆਤੀ ਰਿਪੋਰਟ ਵਿਚ ਕਿਹਾ ਗਿਆ ਸੀ ਕਿ ਟਰੰਪ ਤੇ ਮੇਲਾਨੀਆ ਟਰੰਪ ਵਾਈਟ ਹਾਊਸ ਵਿਚਲੀ ਆਪਣੀ ਰਿਹਾਇਸ਼ ਵਿਚ ਹੀ ਕੁਝ ਦਿਨ ਰਹਿਣਗੇ। 74 ਸਾਲਾ ਰਾਸ਼ਟਰਪਤੀ ਦੇ ਸਟਾਫ਼ ਨੇ ਕਿਹਾ ਹੈ ਕਿ ਇਹ ਕਦਮ ਇਹਤਿਆਤ ਵਜੋਂ ਚੁੱਕਿਆ ਗਿਆ ਹੈ। ਉਹ ਕੁਝ ਦਿਨ ਹਸਪਤਾਲ ਰਹਿਣਗੇ। ਵਾਈਟ ਹਾਊਸ ਤੋਂ ਇਹ ਫੌਜੀ ਹਸਪਤਾਲ ਤਕਰੀਬਨ 9 ਮੀਲ ਦੂਰ ਹੈ। ਰਿਪੋਰਟ ਪੌਜ਼ਟਿਵ ਆਉਣ ਤੋਂ ਬਾਅਦ ਰਾਸ਼ਟਰਪਤੀ ਪਹਿਲੀ ਵਾਰ ਸਾਹਮਣੇ ਆਏ। ਉਨਾਂ ਨੇ ਮਾਸਕ ਪਾਇਆ ਹੋਇਆ ਸੀ ਤੇ ਨੀਲੇ ਰੰਗ ਦਾ ਸੂਟ ਤੇ ਨੀਲੇ ਰੰਗ ਦੀ ਟਾਈ ਪਹਿਨੀ ਹੋਈ ਸੀ। ਹਸਪਤਾਲ ਦੇ ਘਾਹ ਉਪਰ ਦੀ ਟਹਿਲਦਿਆਂ ਰਾਸ਼ਟਰਪਤੀ ਨੇ ਪੱਤਰਕਾਰਾਂ ਵੱਲ ਅੰਗੂਠਾ ਉਪਰ ਕਰਕੇ ਹੁੰਗਾਰਾ ਭਰਿਆ ਪਰ ਉਹ ਸਵਾਲਾਂ ਲਈ ਨਹੀਂ ਰੁਕੇ। ਹਸਪਤਾਲ ਲਈ ਰਵਾਨਾ ਹੋਣ ਤੋਂ ਪਹਿਲਾਂ ਇਕ ਰਿਕਾਰਡ ਕੀਤੇ ਸੁਨੇਹੇ ਵਿਚ ਉਨਾਂ ਕਿਹਾ ਕਿ ਉਹ ਤੇ ਫਸਟ ਲੇਡੀ ਠੀਕ ਠਾਕ ਮਹਿਸੂਸ ਕਰ ਰਹੇ ਹਨ। ਵਾਈਟ ਹਾਊਸ ਦੇ ਪ੍ਰੈਸ ਸਕੱਤਰ ਕੇਲੀਘ ਮੈਕਏਨਾਨੀ ਨੇ ਕਿਹਾ ਹੈ ਕਿ ਰਾਸ਼ਟਰਪਤੀ ਚੰਗੀ ਮਾਨਸਿਕ ਅਵਸਥਾ ਵਿਚ ਹਨ। ਉਨਾਂ ਨੂੰ ਲਕੇ ਲੱਛਣ ਹਨ। ਫਿਲਹਾਲ ਫਸਟ ਲੇਡੀ ਮੇਲਾਨੀਆ ਵਾਈਟ ਹਾਊਸ ਵਿਚ ਹੀ ਇਕਾਂਤਵਾਸ ਵਿਚ ਰਹਿ ਰਹੇ ਹਨ।
Home Page ਮੈ ਤੇ ਫਸਟ ਲੇਡੀ ਠੀਕ ਠਾਕ ਮਹਿਸੂਸ ਕਰ ਰਹੇ ਹਾਂ-ਟਰੰਪ