
ਜ਼ਿਕਰਯੋਗ ਹੈ ਕਿ ਭਾਜਪਾ ਨੂੰ 30 ਸਾਲ ਬਾਅਦ ਮੋਦੀ ਦੀ ਅਗਵਾਈ ਵਿੱਚ ਮੁਕੰਮਲ ਬਹੁਮਤ ਮਿਲਿਆ ਅਤੇ ਪਹਿਲੀ ਗ਼ੈਰ-ਕਾਂਗਰਸੀ…….. ਸਰਕਾਰ ਕੇਂਦਰ ਵਿੱਚ ਬਣ ਰਹੀ ਹੈ। ਸੰਸਦ ਦੇ ਕੇਂਦਰੀ ਹਾਲ ਵਿੱਚ ਹੋਈ ਮੀਟਿੰਗ ਵਿੱਚ ਪਾਰਟੀ ਦੇ ਸਰਪ੍ਰਸਤ ਐਲ. ਕੇ. ਅਡਵਾਨੀ ਨੇ ਮੋਦੀ ਦਾ ਨਾਮ ਭਾਜਪਾ ਸੰਸਦੀ ਦਲ ਦੇ ਆਗੂ ਵਜੋਂ ਪੇਸ਼ ਕੀਤਾ ਤੇ ਮੁਰਲੀ ਮਨੋਹਰ ਜੋਸ਼ੀ, ਸੁਸ਼ਮਾ ਸਵਰਾਜ, ਅਰੁਣ ਜੇਤਲੀ, ਵੈਂਕਈਆ ਨਾਇਡੂ, ਨਿਤਿਨ ਗਡਕਰੀ ਸਮੇਤ ਕਈਆਂ ਨੇ ਇਸ ਦੀ ਪੁਸ਼ਟੀ ਕੀਤੀ।
ਸ੍ਰੀ ਨਰਿੰਦਰ ਮੋਦੀ ਨੇ ਕੇਂਦਰੀ ਹਾਲ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਸੰਸਦ ਦੇ ਦਾਖਲਾ ਗੇਟ ਦੀਆਂ ਪੌੜੀਆਂ ‘ਤੇ ‘ਜਮਹੂਰੀਅਤ ਦੇ ਮੰਦਰ’ ਨੂੰ ਸਿਜਦਾ ਕੀਤਾ। ਐਨਡੀਏ ਭਾਈਵਾਲਾਂ ਦੀ ਸਾਂਝੀ ਮੀਟਿੰਗ ਵਿੱਚ ਅਕਾਲੀ ਦਲ ਦੇ ਪ੍ਰਕਾਸ਼ ਸਿੰਘ ਬਾਦਲ, ਟੀਡੀਪੀ ਦੇ ਚੰਦਰਬਾਬੂ ਨਾਇਡੂ, ਸ਼ਿਵ ਸੈਨਾ ਦੇ ਊਧਵ ਠਾਕਰੇ, ਐਲਜੇਪੀ ਦੇ ਰਾਮ ਵਿਲਾਸ ਪਾਸਵਾਨ ਤੇ ਨਾਗਾਲੈਂਡ ਪੀਪਲਜ਼ ਫ਼ਰੰਟ ਦੇ ਆਗੂ ਹਾਜ਼ਰ ਸਨ। ਮੀਟਿੰਗ ਤੋਂ ਬਾਅਦ ਭਾਜਪਾ ਤੇ ਐਨਡੀਏ ਦੇ ਵਫ਼ਦ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ ਤੇ ਭਾਈਵਾਲਾਂ ਨੇ ਸਮਰਥਨ ਪੱਤਰ ਉਨ੍ਹਾਂ ਨੂੰ ਸੌਂਪੇ। ਭਾਜਪਾ ਦੇ 282 ਮੈਂਬਰ ਤੇ ਐਨਡੀਏ ਕੋਲ ਕੁੱਲ 336 ਮੈਂਬਰ ਹਨ।
ਰਾਸ਼ਟਰਪਤੀ ਭਵਨ ਵੱਲੋਂ ਮੋਦੀ ਨੂੰ ਪ੍ਰਧਾਨ ਮੰਤਰੀ ਨਿਯੁਕਤ ਕਰਨ ਦਾ ਪੱਤਰ ਜਾਰੀ ਕੀਤਾ ਗਿਆ।
ਜਦੋਂ 26 ਮਈ ਨੂੰ ਸ੍ਰੀ ਨਰਿੰਦਰ ਮੋਦੀ ਦੇਸ਼ ਦੇ 15ਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ ਤਾਂ ਇਸ ਮੌਕੇ 3000 ਅਹਿਮ ਹਸਤੀਆਂ ਨੂੰ ਸੱਦੇ ਭੇਜੇ ਜਾ ਰਹੇ ਹਨ ਜਿਨ੍ਹਾਂ ਵਿੱਚ ਐਨਡੀਏ ਦੇ ਸਾਰੇ ਭਾਈਵਾਲ ਤੇ ਹੋਰ ਸ਼ਾਮਲ ਹੋਣਗੇ।
ਦੇਸ਼ ਦੇ ਪ੍ਰਧਾਨ ਮੰਤਰੀ ਬਣ ਰਹੇ ਨਰਿੰਦਰ ਮੋਦੀ ਨੂੰ ਭਾਜਪਾ ਸੰਸਦੀ ਦਲ ਦਾ ਆਗੂ ਚੁਣੇ ਜਾਣ ਮਗਰੋਂ ਉਦੋਂ ਭਾਵੁਕ ਹੋ ਗਏ ਜਦੋਂ ਐਲ. ਕੇ. ਅਡਵਾਨੀ ਨੇ ਕਹਿ ਦਿੱਤਾ ‘ਨਰਿੰਦਰ ਭਾਈ ਨੇ ਕ੍ਰਿਪਾ ਕੀਤੀ ਹੈ।’ ਮੋਦੀ ਨੇ ਇਸ ‘ਤੇ ਕਿਹਾ ਕਿ ਉਹ ਅਡਵਾਨੀ ਜੀ ਨੂੰ ਪ੍ਰਾਰਥਨਾ ਕਰਦੇ ਹਨ ਕਿ ਉਹ ‘ਕ੍ਰਿਪਾ’ ਸ਼ਬਦ ਦੁਬਾਰਾ ਨਾ ਵਰਤਣ ਕਿਉਂਕਿ ਮਾਂ ਦੀ ਸੇਵਾ ਕਰਦਾ ਪੁੱਤਰ ਕ੍ਰਿਪਾ ਨਹੀਂ ਕਰਦਾ। ਇਹ ਦੇਸ਼ ਤੇ ਭਾਜਪਾ ਉਸ ਦੀ ਮਾਂ ਹਨ। ਉਹ ਤਾਂ ਸਿਰਫ਼ ਸਮਰਪਿਤ ਭਾਵ ਨਾਲ ਸੇਵਾ ਕਰਨੀ ਚਾਹੁੰਦੇ ਹਨ। ਇਹ ਕਹਿੰਦਿਆਂ ਉਨ੍ਹਾਂ ਦਾ ਗਲ ਭਰ ਆਇਆ ਤੇ ਉਨ੍ਹਾਂ ਨੂੰ ਸਾਵੇਂ ਹੋਣ ਲਈ ਪਾਣੀ ਪੀਣਾ ਪਿਆ। ਇਸ ਤੋਂ ਪਹਿਲਾਂ ਮੋਦੀ ਦੀ ਸ਼ਲਾਘਾ ਕਰਦਿਆਂ ਭਾਜਪਾ ਵਰਕਰਾਂ ਤੇ ਆਗੂਆਂ ਦੀ ਮਿਹਨਤ ਦਾ ਜ਼ਿਕਰ ਕਰਦਿਆਂ ਅਡਵਾਨੀ ਦਾ ਵੀ ਗਲ ਭਰ ਆਇਆ ਸੀ।
21 ਮਈ ਨੂੰ ਗੁਜਰਾਤ ਦੀ ਰਾਜਪਾਲ ਕਮਲਾ ਬੇਨੀਵਾਲ ਨੂੰ ਨਰਿੰਦਰ ਮੋਦੀ ਨੇ ਮੁੱਖ ਮੰਤਰੀ ਦੇ ਅਹੁਦੇ ਅਤੇ ਗੁਜਰਾਤ ਵਿਧਾਨ ਸਭਾ ਤੋਂ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਅਸਤੀਫ਼ਾ ਸੌਂਪਣ ਤੋਂ ਪਹਿਲਾਂ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਨੂੰ ਸੰਬੋਧਨ ਵੀ ਕੀਤਾ। ਹੁਣ ਮੋਦੀ ਦੀ ਥਾਂ ਗੁਜਰਾਤ ਦੀ ਰੈਵੀਨਿਊ ਮੰਤਰੀ ਤੇ ਉਨ੍ਹਾਂ ਦੀ ਨੇੜਲੀ ਸਹਾਇਕ ਆਨੰਦੀ ਪਟੇਲ ਨੂੰ ਭਲਕੇ ਨਵੀਂ ਆਗੂ ਚੁਣ ਕੇ ਸੂਬੇ ਦੀ ਮੁੱਖ ਮੰਤਰੀ ਬਣਾਇਆ ਜਾ ਰਿਹਾ ਹੈ।