ਆਕਲੈਂਡ, 28 ਜਨਵਰੀ – ਦੇਸ਼ ਭਰ ‘ਚ ਕੱਲ੍ਹ 27 ਜਨਵਰੀ ਦਿਨ ਐਤਵਾਰ ਨੂੰ ਖ਼ਰਾਬ ਮੌਸਮ ਦੇ ਕਰਕੇ ਨੌਰਥਲੈਂਡ ਖੇਤਰ ਵਿੱਚ ਹਾਲਾਤ ਖ਼ਰਾਬ ਰਹੇ ਅਤੇ ਵੈਸਟ ਆਕਲੈਂਡ ਹੜ੍ਹ ਦੀ ਮਾਰ ਹੇਠ ਹੈ। ਆਕਲੈਂਡ ਭਰ ‘ਚ ਮੀਂਹ ਦੇ ਕਾਰਣ ਹੜ੍ਹਾਂ ਦੇ ਪਾਣੀ ਅਤੇ ਤਿਲ੍ਹਕਣ ਕਾਰਣ ਦੋ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਦੋ ਲਾਪਤਾ ਹਨ। ਆਕਲੈਂਡ ਏਅਰਪੋਰਟ ਅਤੇ ਸਟੇਟ ਹਾਈਵੇਅ 1 ਅੰਸ਼ਿਕ ਤੌਰ ‘ਤੇ ਬੰਦ ਹੋਣ ਦੇ ਨਾਲ ਪੂਰੇ ਖੇਤਰ ਵਿੱਚ ਐਮਰਜੈਂਸੀ ਦੀ ਸਥਿਤੀ ਬਣੀ ਹੋਈ ਹੈ। ਸੋਮਵਾਰ ਦੇ ਲੇਨਵੇ ਫ਼ੈਸਟੀਵਲ ਈਵੈਂਟ ਦੀ ਤਰ੍ਹਾਂ ਐਲਟਨ ਜੌਨ ਦਾ ਦੂਜਾ ਆਕਲੈਂਡ ਸੰਗੀਤ ਸਮਾਰੋਹ ਰੱਦ ਕਰ ਦਿੱਤਾ ਗਿਆ ਹੈ।
ਹਾਲਤ ਵਿਗੜ ਦੇ ਵੇਖ ਕੇ ਆਕਲੈਂਡ ਦੇ ਮੇਅਰ ਵੇਨ ਬ੍ਰਾਊਨ ਨੇ ਆਕਲੈਂਡ ਦੇ ਖੇਤਰਾਂ ‘ਚ ਸਟੇਟ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਸੀ। ਦੱਸਿਆ ਜਾ ਰਿਹਾ ਹੈ ਕਿ ਕੱਲ੍ਹ ਪਿਛਲੇ 15 ਘੰਟਿਆਂ ‘ਚ ਪੂਰੇ ਗਰਮੀਆਂ ਦੇ ਮੌਸਮ ਦਾ 75% ਮੀਂਹ ਪਿਆ। ਭਾਰੀ ਮੀਂਹ ਕਾਰਣ ਜਾਨ-ਮਾਲ ਦਾ ਭਾਰੀ ਨੁਕਸਾਨ ਹੋਇਆ ਹੈ।
ਭਾਰੀ ਮੀਂਹ ਨੇ ਲੋਕਾਂ ਦੇ ਘਰ ਤਬਾਹ ਕਰ ਦਿੱਤੇ, ਕਾਰਾਂ ਤੈਰਨ ਲੱਗੀਆਂ, ਪਾਣੀ ਘਰਾਂ ਦੇ ਅੰਦਰ ਵੜ ਗਿਆ। ਆਕਲੈਂਡ ਇੰਟਰਨੈਸ਼ਨਲ ਏਅਰਪੋਰਟ ਵੀ ਪਾਣੀ ਦੇ ਨਾਲ ਅੰਦਰ ਤੇ ਬਾਹਰ ਭਰ ਗਿਆ ਅਤੇ ਏਅਰਪੋਰਟ ਨੂੰ ਬੰਦ ਕਰਨਾ ਪਿਆ। ਜਿੱਥੇ ਹਵਾਈ ਯਾਤਰੀਆਂ ਦੀ ਬੋਰਡਿੰਗ ਹੁੰਦੀ ਹੈ, ਉੱਥੇ ਮੀਂਹ ਦਾ ਪਾਣੀ ਭਰ ਗਿਆ। ਅੱਜ ਏਅਰਪੋਰਟ ਮੁੜ ਖੁੱਲ੍ਹ ਗਿਆ ਹੈ ਪਰ ਯਾਤਰੀਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਖ਼ਬਰਾਂ ਦੀ ਮੰਨੀਏ ਤਾਂ ਵੱਡੀ ਗਿਣਤੀ ‘ਚ ਲੋਕਾਂ ਨੇ ਐਮਰਜੈਂਸੀ ਸਹਾਇਤਾ ਵਾਸਤੇ ਐਂਬੂਲੈਂਸ, ਪੁਲਿਸ ਅਤੇ ਫਾਇਰ ਬ੍ਰਿਗੇਡ ਨੂੰ ਕਾਲਾਂ ਕੀਤੀਆਂ। ਕਈ ਥਾਵਾਂ ਉੱਤੇ ਫ਼ੌਜ ਨੂੰ ਸਹਾਇਤਾ ਵਾਸਤੇ ਬੁਲਾਇਆ ਗਿਆ ਹੈ।
ਭਾਰੀ ਮੀਂਹ ਕਾਰਣ ਘਰਾਂ ਨੂੰ ਵੀ ਵੱਡੇ ਪੱਧਰ ‘ਤੇ ਨੁਕਸਾਨ ਪਹੁੰਚਿਆ ਹੈ, ਬਹੁਤ ਸਾਰੇ ਨਿਵਾਸੀਆਂ ਨੂੰ ਬਾਹਰ ਕੱਢਿਆ ਗਿਆ ਹੈ। ਕਈ ਘਰ ਲੈਂਡ-ਸਲਾਈਡ ਤੋਂ ਢਹਿ-ਢੇਰੀ ਹੋ ਗਏ ਹਨ ਅਤੇ ਉਪ ਪ੍ਰਧਾਨ ਮੰਤਰੀ ਕਾਰਮੇਲ ਸੇਪੁਲੋਨੀ ਦਾ ਕਹਿਣਾ ਹੈ ਕਿ ਕੁੱਝ ਲੋਕ ਪੂਰੇ ਘਰ ਗੁਆ ਚੁੱਕੇ ਹਨ।
ਸਟੇਟ ਹਾਈਵੇਅ 1 ਅੱਠ ਖੇਤਰਾਂ ਵਿੱਚ ਬੰਦ ਜਾਂ ਪ੍ਰਤੀਬੰਧਿਤ ਹੈ। ਅਧਿਕਾਰੀਆਂ ਨੇ ਫਸੇ ਹੋਏ ਵਾਹਨ ਚਾਲਕਾਂ ਨੂੰ ਬਚਾਉਣ ਲਈ ਨੌਰਥ ਆਕਲੈਂਡ ਦੇ ਨਵੇਂ ਪੁਹੋਈ ਮੋਟਰਵੇਅ ਨੂੰ ਥੋੜ੍ਹੇ ਸਮੇਂ ਲਈ ਖੋਲ੍ਹਿਆ।
ਕਈ ਇੰਟਰਨੈਸ਼ਨਲ ਉਡਾਣਾਂ ਨੂੰ ਦੂਜੇ ਦੇਸ਼ਾਂ ਵੱਲ ਮੋੜ ਦਿੱਤਾ ਗਿਆ ਸੀ ਜਾਂ ਉਹ ਆਪਣੇ ਰਵਾਨਗੀ ਸਥਾਨ ‘ਤੇ ਵਾਪਸ ਆ ਗਏ। ਏਅਰ ਐਨਜ਼ੈੱਡ 1 – ਨਿਊਯਾਰਕ ਤੋਂ ਆਕਲੈਂਡ ਦੀ ਸਿੱਧੀ ਉਡਾਣ ਨੂੰ ਹਵਾਈ ਵੱਲ ਮੋੜ ਦਿੱਤੀ ਗਈ, ਏਅਰਲਾਈਨਜ਼ ਲਈ 12 ਇੰਟਰਨੈਸ਼ਨਲ ਡਾਇਵਰਸ਼ਨਾਂ ਵਿੱਚੋਂ ਇੱਕ ਹੈ। ਅਮੀਰਾਤ ਅਤੇ ਅਮਰੀਕਨ ਏਅਰਲਾਈਨਜ਼ ਦੀਆਂ ਉਡਾਣਾਂ ਨੂੰ ਵੀ ਡਾਇਵਰਟ ਕੀਤਾ ਗਿਆ ਸੀ।
ਮੈਟਸਰਵਿਸ ਨੇ ਕਿਹਾ ਕਿ ਆਕਲੈਂਡ ਵਿੱਚ 24 ਘੰਟਿਆਂ ਦੌਰਾਨ ਰਿਕਾਰਡ ਮਾਤਰਾ ਵਿੱਚ ਮੀਂਹ ਪਿਆ। ਸਵੇਰੇ 1 ਵਜੇ ਤੱਕ ਖੇਤਰ ਵਿੱਚ 249 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ ਸੀ, ਜਿਸ ਨੇ ਫਰਵਰੀ 1985 ਵਿੱਚ ਪਿਛਲੇ 24 ਘੰਟਿਆਂ ਦੇ 161.8 ਮਿਲੀਮੀਟਰ ਦੇ ਰਿਕਾਰਡ ਨੂੰ ਤੋੜ ਦਿੱਤਾ ਸੀ ਅਤੇ ਮਹੀਨਾਵਾਰ ਰਿਕਾਰਡ ਵੀ ਟੁੱਟ ਗਏ ਹਨ। ਆਕਲੈਂਡ ਹਵਾਈ ਅੱਡੇ ਦੇ ਮੌਸਮ ਸਟੇਸ਼ਨ ‘ਤੇ ਹੁਣ ਤੱਕ ਦਾ ਸਭ ਤੋਂ ਨਮੀ ਵਾਲਾ ਜਨਵਰੀ 20 ਸੈਂਟੀਮੀਟਰ ਦੇ ਨਾਲ 1986 ਵਿੱਚ ਦਰਜ ਕੀਤਾ ਗਿਆ ਸੀ ਅਤੇ ਹੁਣ ਤੱਕ ਦਾ ਸਭ ਤੋਂ ਨਮੀ ਵਾਲਾ ਮਹੀਨਾ ਜੁਲਾਈ 1998 30 ਸੈਂਟੀਮੀਟਰ ਸੀ। ਇਸ ਮਹੀਨੇ ਹੁਣ ਤੱਕ ਇੱਕ ਵੱਡੀ ਮਾਤਰਾ ‘ਚ 32 ਸੈਂਟੀਮੀਟਰ ਮੀਂਹ ਦਰਜ ਕੀਤਾ ਗਿਆ ਹੈ।
ਆਕਲੈਂਡ ‘ਚ ਗਰਮੀਆਂ ਦੀ ਬਾਰਸ਼: 1962-2023
ਆਕਲੈਂਡ ਹਵਾਈ ਅੱਡੇ ‘ਤੇ 1 ਦਸੰਬਰ ਤੋਂ ਪ੍ਰਤੀ ਦਿਨ ਸੰਚਿਤ ਮੀਂਹ ਰਿਕਾਰਡ ਕੀਤੀ ਗਿਆ, ਜਿਸ ‘ਚ 2022-23 ਨੂੰ ਉਜਾਗਰ ਕੀਤਾ ਗਿਆ ਹੈ। 1962 ਤੋਂ ਬਾਅਦ ਸਭ ਤੋਂ ਨਮੀ ਵਾਲੀ ਗਰਮੀ 1985-86 ਦੀ ਗਰਮੀ ਸੀ ਜਿਸ ਵਿੱਚ 488.2 ਮਿਲੀਮੀਟਰ ਮੀਂਹ ਪਿਆ ਸੀ।
ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਜ਼ ਨੇ ਮੀਂਹ ਕਾਰਣ ਹੜ੍ਹ ਦੇ ਹਾਲਤਾਂ ਬਾਰੇ ਚਿੰਤਾ ਜ਼ਾਹਿਰ ਕਰਦੇ ਹੋਏ ਟਵਿੱਟਰ ‘ਤੇ ਬੀਤੇ ਦਿਨ ਕਿਹਾ ਕਿ, “ਅੱਜ ਰਾਤ ਆਕਲੈਂਡ ਵਿੱਚ ਹੜ੍ਹ ਕਾਰਣ ਐਮਰਜੈਂਸੀ ਦਾ ਐਲਾਨ ਕੀਤੀ ਗਿਆ ਹੈ। ਸਾਰੀਆਂ ਸਬੰਧਿਤ ਸਰਕਾਰੀ ਏਜੰਸੀਆਂ ਅਸਧਾਰਨ ਸਥਿਤੀਆਂ ਵਿੱਚ ਮਦਦ ਕਰਨ ਲਈ ਪੂਰੀ ਤਰ੍ਹਾਂ ਕੰਮ ਕਰ ਰਹੀਆਂ ਹਨ। ਐਮਰਜੈਂਸੀ ਪ੍ਰਤੀਕਿਰਿਆ ਜਾਰੀ ਹੈ ਅਤੇ ਸਰਕਾਰ ਲੋੜ ਪੈਣ ‘ਤੇ ਸਹਾਇਤਾ ਲਈ ਤਿਆਰ ਹੈ। ਖ਼ਬਰ ਮੁਤਾਬਿਕ ਹਿਪਕਿਨਜ਼ ਨੇ ਸਵੇਰੇ 2 ਵਜੇ ਤੋਂ ਠੀਕ ਪਹਿਲਾਂ ਪੱਤਰਕਾਰਾਂ ਨੂੰ ਦੱਸਿਆ ਕਿ ਆਕਲੈਂਡ ਵਿੱਚ ਹੜ੍ਹਾਂ ਅਤੇ ਭਾਰੀ ਮੀਂਹ ਕਾਰਣ ਕਿੰਨੇ ਲੋਕ ਪ੍ਰਭਾਵਿਤ ਹੋਏ ਹਨ, ਇਸ ਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਕਿੰਨੇ ਲੋਕ ਜ਼ਖਮੀ ਹੋਏ ਹਨ ਅਤੇ ਸੰਭਾਵਿਤ ਤੌਰ ‘ਤੇ ਸਵੇਰ ਤੱਕ ਪਤਾ ਨਹੀਂ ਲੱਗੇਗਾ।
ਉਨ੍ਹਾਂ ਕਿਹਾ ਕਿ, ‘ਆਕਲੈਂਡ ਵਾਸੀਆਂ ਲਈ ਮੇਰਾ ਸੁਨੇਹਾ ਹੈ ਕਿ ਉਹ ਇਕ ਦੂਜੇ ਪ੍ਰਤੀ ਦਿਆਲੂ ਬਣੋ ਅਤੇ ਇੱਕ ਦੂਜੇ ਨੂੰ ਸਹਾਇਤਾ ਦੀ ਪੇਸ਼ਕਸ਼ ਕਰੋ’।
Home Page ਮੌਸਮ: ਭਾਰੀ ਮੀਂਹ ਕਾਰਣ ਚਾਰ ਮੌਤਾਂ, ਦੇਸ਼ ਦੇ ਕਈ ਖੇਤਰਾਂ ‘ਚ ਹੜ੍ਹ...