ਪੱਛਮੀ ਮੀਡੀਆ ਰਾਹੀਂ ਦੁਨੀਆਂ ਅੰਦਰ ਅੱਜ ਇਹ ਡਰ ਫੈਲਾਇਆ ਜਾ ਰਿਹਾ ਹੈ ਕਿ ਰੂਸੀ ਫੌਜਾਂ ਨੇ ਯੂਕਰੇਨ ਨੂੰ ਘੇਰਾ ਪਾਇਆ ਹੋਇਆ ਹੈ।ਵਲਾਦੀਮੀਰ ਪੁਤਿਨ ਦਾ ਇਰਾਦਾ ਪੱਕਾ ਹੈ, ਇਸ ਲਈ ਰੂਸ ਯੂਕਰੇਨ ‘ਤੇ ਹਮਲਾ ਕਰੇਗਾ।ਸਾਰੇ ਯੂਰਪ ਅੰਦਰ ਜੰਗ ਲੱਗਣ ਦੀਆਂ ਅਫ਼ਵਾਹਾਂ ਨੂੰ ਪੂਰੀ ਤੁਲ ਦਿੱਤੀ ਜਾ ਰਹੀ ਹੈ।ਰੂਸੀ ਫੌਜਾਂ ਦੀਆਂ ਯੂਕਰੇਨ ਦੀਆਂ ਸਰਹੱਦਾਂ ‘ਤੇ ਤਾਇਨਾਤੀ ਦੀਆਂ ਫੋਟੋ ਅਖ਼ਬਾਰ ਦੇ ਪਹਿਲੇ ਪੰਨਿਆਂ ‘ਤੇ ਲਾਈਆਂ ਜਾ ਰਹੀਆਂ ਹਨ। ਯੂਕਰੇਨ ਦੀ ਰਾਜਧਾਨੀ ‘‘ਕੀਵ“ ਵਿਖੇ ਬਜ਼ਾਰਾਂ, ਸੜਕਾਂ, ਸਕੂਲਾਂ ਅਤੇ ਆਮ ਥਾਵਾਂ ‘ਤੇ ਸਿਵਲ ਜੰਗੀ ਮਸ਼ਕਾਂ ਹੁੰਦੀਆਂ ਦਿਖਾਈਆਂ ਜਾ ਰਹੀਆਂ ਹਨ। ਸਾਰੇ ਯੂਰਪ ਅੰਦਰ ਖਾਸ ਕਰਕੇ ਪੱਛਮੀ ਯੂਰਪੀ ਦੇਸ਼ਾਂ, ‘ਜਿਨਾਂ ਦੀ ਅਗਵਾਨੀ ਨਾਟੋ-ਗਠਜੋੜ ਕਰ ਰਿਹਾ ਹੈ, ਰੂਸ ਵਿਰੁੱਧ ਯੂਕਰੇਨ ਨੂੰ ਹਰ ਤਰ੍ਹਾਂ ਦੀ ਫੌਜੀ ਸਹਾਇਤਾ ਦੇਣ ਲਈ ਉਕਸਾਇਆ ਜਾ ਰਿਹਾ ਹੈ। ਪਰ ਜਰਮਨੀ ਨੇ ਪੂਰੀ ਸੰਜ਼ਮ ਤੋਂ ਕੰਮ ਲੈਂਦਿਆਂ ਚੁੱਪੀ ਧਾਰੀ ਹੋਈ ਹੈ। ਜਰਮਨੀ ਦੇਸ਼ ਅਮਰੀਕਾ ਤੇ ਰੂਸ ਤੋਂ ਬਾਦ ਦੁਨੀਆ ਅੰਦਰ ਸਭ ਤੋਂ ਵੱਧ ਹਥਿਆਰ ਸਪਲਾਈ ਕਰਨ ਵਾਲਾ ਦੇਸ਼ ਹੈ। ਸਗੋਂ ਜਰਮਨੀ ਦੇ ਚਾਂਸਲਰ ਸਕੋਲਜ਼ ਨੇ ਕਿਹਾ ਕਿ ਅੰਜੇਲਾ ਮਾਰਕਲ ਅਤੇ ਫਰਾਂਸੀਸੀ ਹਮ-ਰੁਤਬਾ ਏਮਾਨੂਏਲ, ਮਾਰਕੋਨ ਦੋਨਾਂ ਨੇ ਕਿਹਾ ਕਿ ਰੂਸ-ਯੂਕਰੇਨ ਵੱਲੋ, ‘ਯੂਕਰੇਨ ਦੇ ਪੂਰਬੀ ਝਗੜੇ ਨੂੰ ਗਲਬਾਤ ਰਾਹੀਂ ਹਲ ਕਰਨਾ ਚਾਹੀਦਾ ਹੈ। ਇਹ ਸਾਮਰਾਜੀ ਅਮਰੀਕਾ ਤੇ ਉਸ ਦਾ ‘‘ਨਾਟੋ“ ਲਾਣਾ ਹੀ ਹੈ ਜਿਹੜਾ ਰੂਸ ਨੂੰ ਯੂਰਪ ਅੰਦਰ ਘੇਰਨ ਲਈ ਮਨਸੂਬੇ ਰਚ ਰਿਹਾ ਹੈ ਅਤੇ ਉਸ ਨੂੰ ਜੰਗਬਾਜ਼ ਦਸ ਕੇ ਬਦਨਾਮ ਕਰ ਰਿਹਾ ਹੈ।
ਅਮਰੀਕਾ ਦੇ ਰਾਸ਼ਟਰਪਤੀ ਜੋਈ ਬਾਈਡਨ ਦੇ ਹੁਕਮਾਂ ਤੋਂ ਰੂਸ ਨੂੰ ਘੇਰਨ ਲਈ ਆਪਣੇ ਭਾਈਵਾਲ ‘‘ਨਾਟੋ-ਦੇਸ਼ਾਂ“ ਅੰਦਰ ਫੋਰਟ-ਬਰਾਗ, ਉਤਰੀ ਕਰੋਲੀਨਾ, ਪੋਲੈਂਡ, ਜਰਮਨੀ ਤੇ ਰੋਮਾਨੀਆਂ ਅੰਦਰ ਹਜ਼ਾਰਾਂ ਫੌਜੀ ਭੇਜੇ ਗਏ ਹਨ। ਇਹ ਪਹਿਲ ਕਦਮੀ ਯੂਰਪ ਅੰਦਰ ਰੂਸ ਵਿਰੁਧ ਇਕ ਜੰਗੀ ਭੜਕਾਊ ਕਾਰਵਾਈ ਹੈ। ਪੈਂਟਾਗਨ ਦਾ ਕਹਿਣਾ ਹੈ, ‘ਕਿ ਉਹ ਹੋਰ 8500-ਫੌਜ ਯੂਰਪ ਅੰਦਰ ਭੇਜ ਰਿਹਾ ਹੈ। ਜੇਕਰ ਲੋੜ ਪਈ ਤਾਂ ਹੋਰ ਫੌਜੀ ਵੀ ਭੇਜੇਗਾ ? ਮਾਹਰਾਂ ਅਨੁਸਾਰ ਅਮਰੀਕਾ ਦੇ ਇਹ ਕਦਮ ਰੂਸ-ਯੂਕਰੇਨ ਅੰਦਰ ਪੈਦਾ ਹੋਏ ਤਨਾਅ ਨੂੰ ਘੱਟ ਕਰਨ ਦੀ ਥਾਂ ਸਗੋਂ ਰੂਸ ਵਿਰੁਧ ਜੰਗੀ ਧਮਕੀਆਂ ਲੱਗਦੇ ਹਨ ? 1991 ਨੂੰ ਯੂ.ਐਸ.ਐਸ.ਆਰ. (ਸੋਵੀਅਤ ਰੂਸ) ਦੇ ਟੁੱਟਣ ਬਾਦ 15-ਦੇਸ਼ ਜੋ ਸੋਵੀਅਤ ਰੂਸ ਦਾ ਹਿੱਸਾ ਸਨ, ‘ਉਨ੍ਹਾਂ ਵਿਚੋਂ ਇਕ ਯੂਕਰੇਨ ਵੀ ਸੀ। ਯੂਕਰੇਨ ਥਾਂਣੀ 35% ਗੈਸ ਜੋ ਯੂਰਪੀ ਦੇਸ਼ਾਂ (ਪੂਰਬੀ ਤੇ ਪੱਛਮੀ ਯੂਰਪ) ਨੂੰ ਰੂਸ ਭੇਜਦਾ ਹੈ, ਵਿਚੋਂ ਗੁਜ਼ਰਦੀ ਹੈ। ਇਸੇ ਤਰ੍ਹਾਂ ਨੋਰਡ-ਸਟਰੀਮ ਤੇ ਨਵੀਂ ਨੋਰਡ-ਸਟਰੀਮ-2 ਗੈਸ ਜੋ ਉੱਤਰ ਵੱਲੋਂ ਰੂਸ ਬਾਲਟਿਕ-ਸਾਗਰ ਥਾਂਣੀ ਭੇਜਦਾ ਹੈ, ਉਹ ਜਰਮਨੀ, ਪੁੱਜਦੀ ਹੈ ਜੋ ਸਾਰੇ ਯੂਰਪ ਨੂੰ ਇਹ ਗੈਸ ਸਪਲਾਈ ਹੁੰਦੀ ਹੈ। ਜਿਥੇ ਇਹ ਯੂਰਪੀ ਲੋਕਾਂ ਲਈ ਲਾਈਫ਼ ਲਾਈਨ ਹੈ, ਉਥੇ ਰੂਸ ਦੀ ਆਰਥਿਕਤਾ ਲਈ ਇਕ ਵੱਡਾ ਸਰੋਤ ਬਣਦਾ ਹੈ। ਜੇਕਰ ਜੰਗ ਲੱਗਦੀ ਹੈ ਤਾਂ ਇਸ ਦੀ ਸਭ ਤੋਂ ਵੱਧ ਠੰਡੀ ਮਾਰ ਯੂਰਪ ਦੇ ਲੋਕਾਂ ਨੂੰ ਲੱਗੇਗੀ ਜਦੋਂ ਇਹ ਗੈਸ ਸਪਲਾਈ ਬੰਦ ਹੋ ਗਈ ? ਸਵਾਲ ਪੈਦਾ ਹੁੰਦਾ ਹੈ ਕਿ ਕੀ ਰੂਸ ਤੇ ਯੂਕਰੇਨ ਜੰਗ ਚਾਹੁੰਦੇ ਹਨ ?
ਯੂਕਰੇਨ ਸਾਬਕਾ ਸੋਵੀਅਤ ਰੂਸ ਦਾ ਇਕ ਹਿਸਾ ਰਿਹਾ ਹੈ। ਪਹਿਲਾ ਵੀ 13-ਅਪ੍ਰੈਲ, 2014 ਨੂੰ ਯੂਕਰੇਨ ਅੰਦਰ ਵਿਦਰੋਹੀ ਹਥਿਆਰ ਬੰਦ ਲੋਕਾਂ ਅਤੇ ਸੁਰੱਖਿਆ ਅਮਲੇ ਵਿਚਕਾਰ ‘‘ਸਲੋਵੀਅੰਸਕ“ ਕਸਬੇ ਦੇ ਲਾਗੇ ਝੜਪਾਂ ਹੋਈਆਂ ਸਨ ਤੇ 13,000 ਤੋਂ ਵੱਧ ਲੋਕ ਮਾਰੇ ਗਏ ਸਨ। ਅੱਜ ਦੇ ਯੂਕਰੇਨ ਨੂੰ ਸਮਝਣ ਲਈ 1917 ਵਲ ਪਿਛੇ ਜਾਣਾ ਪਏਗਾ। ਫਰਵਰੀ-1917 ਨੂੰ ਰੂਸੀ ਇਨਕਲਾਬ ਬਾਦ ਯੂਰਪ ਦੇ ਪੂਰਬ ਵੱਲ ਵੱਸਦੇ ਇਸ ਦੇਸ਼ ਨੇ ਕੀਵ ਵਿਖੇ ਆਪਣੀ ਕੌਮੀ ਕਾਂਗਰਸ ਅੰਦਰ ਜੋ ਸਮਾਜਵਾਦੀ ਸੋਚ ਨੂੰ ਪ੍ਰਣਾਈ ਹੋਈ ਸੀ, ਨੇ ਆਪਣੇ ਆਪ ਨੂੰ ਖੁਦ ਮੁਖਤਾਰ ਲੋਕਰਾਜੀ ਸਰਕਾਰ ਵੱਜੋ ਸਥਾਪਤ ਕਰਕੇ 22-ਜਨਵਰੀ,1918 ਨੂੰ ਰਿਸ਼ੀਅਨ ਰਿਪਬਲਿਕ ਤੋਂ ਅਜ਼ਾਦ ਹੋਣ ਦਾ ਐਲਾਨ ਕੀਤਾ ਸੀ। ਮਹਾਨ ਅਕਤੂਬਰ ਇਨਕਲਾਬ ਦੇ ਬਾਦ ਕੀਵ ਅੰਦਰ ਕਈ ਸਰਕਾਰਾਂ ਹੋਂਦ ਵਿੱਚ ਆਈਆਂ। ਅਖਰੀ ‘‘ਰੀਗਾ ਅਮਨ ਸੰਧੀ“ ਬਾਦ ‘‘ਬਾਲਸ਼ਵਿਕ“ ਜਿਤ ਨੇ, ‘ਯੂਕਰੇਨ-ਲੋਕਰਾਜੀ ਦੇਸ਼ ਨੂੰ ਯੂਕਰੇਨੀਅਨ -ਸੋਵੀਅਤ ਸੋਸਾਲਿਸਟ ਰਿਪਬਲਿਕ ਵੱਜੋਂ 1922 ਨੂੰ ਸੋਵੀਅਤ ਯੂਨੀਅਨ ਦਾ ਮੈਂਬਰ ਤਸਲੀਮ ਕਰ ਲਿਆ ਗਿਆ। ਜੋ 1991 ਨੂੰ ਸੋਵੀਅਤ ਯੂਨੀਅਨ ਦੇ ਟੁੱਟਣ ਬਾਦ ਵੱਖ ਦੇਸ਼ ਬਣ ਗਿਆ। 1992 ਨੂੰ ਯੂਕਰੇਨ ਨਾਟੋ ਵਿੱਚ ਸ਼ਾਮਲ ਹੋਕੇ ਯੂਰੋ-ਐਟਲਾਟਿਕ ਪਾਰਟਨਰਸ਼ਿਪ ਕੌਂਸਿਲ ਨਾਲ ਮਿਲ ਗਿਆ। ਯੂਕਰੇਨ ਇਸ ਖਿਤੇ ਦੇ 12-ਦੇਸ਼ਾਂ ‘ਚ ਅਮਨ ਵਜੋਂ 11-ਵੀਂ ਥਾਂ ‘ਤੇ, ਇਸ ਦੀ ਵਿਕਾਸ ਦਰ 3.2-ਫੀਸਦ (2020) ਭਾਵ ਇਹ ਹੁਣ ਗਰੀਬ ਦੇਸ਼ ਹੈ, ਪਰ ਭਾਰਤ ਨਾਲੋ ਅਮੀਰ ਹੈ। ਯੂਕਰੇਨ ਸਟੀਲ, ਕੋਲ, ਪੈਟਰੋਲੀਅਮ, ਮਸ਼ੀਨਰੀ, ਅਨਾਜ-ਕਣਕ, ਮੱਕੀ, ਜੌਂਅ ਬਾਹਰ ਭੇਜਦਾ ਹੈ। 35-ਫੀਸਦ ਯੂਰਪ ਨੂੰ ਗੈਸ ਦੀਆਂ ਲੋੜਾਂ ਜੋ ਰੂਸ ਹੀ ਪੂਰੀਆਂ ਕਰ ਰਿਹਾ ਹੈ, ਉਹ ਯੂਕਰੇਨ ਤੇ ਬਾਲਟਿਕ ਸਮੁੰਦਰ ਥਾਣੀਂ ਜਾਂਦੀ ਹੈ।
ਯੂਕਰੇਨ ਰੂਸ ਦੇ ਬਾਦ ਯੂਰਪ ਅੰਦਰ ਦੂਜਾ ਵੱਡਾ ਦੇਸ਼ ਹੈ। ਇਸ ਦਾ ਰਕਬਾ 6,03,628 ਵਰਗ ਕਿਲੋਮੀਟਰ ਤੇ ਆਬਾਦੀ 41.3 ਮਿਲੀਅਨ ਤੇ ਰਾਜਧਾਨੀ ਕੀਵ ਹੈ। ਯੂਕਰੇਨ ਨੇ ਆਪਣੇ ਆਪ ਨੂੰ 23-ਜੂਨ, 1917 ਨੂੰ ਲੋਕਰਾਜੀ ਦੇਸ਼ ਐਲਾਨਿਆ ਸੀ ਤੇ ਦੂਸਰੀ ਸੰਸਾਰ ਜੰਗ ਬਾਦ ਯੂਕਰੇਨੀਅਨ-ਸੋਵੀਅਤ ਸਮਾਜਵਾਦੀ ਗਣਤੰਤਰ ਵਜੋ ਸੋਵੀਅਤ ਰੂਸ ਦਾ ਇਕ ਹਿੱਸਾ ਬਣ ਗਿਆ ਸੀ। 1991 ਨੂੰ ਸੋਵੀਅਤ ਰੂਸ ਦੇ ਟੁੱਟਣ ਬਾਦ ਯੂਕਰੇਨ ਆਜ਼ਾਦ ਦੇਸ਼ ਬਣ ਗਿਆ ਸੀ। ਕੁਝ ਸਮਾਂ ਰੂਸ ਦੀ ਸੀ.ਆਈ.ਐਸ.ਨਾਲ ਜੁੜਿਆ ਰਿਹਾ ਤੇ ਫਿਰ ਇਸ ਨੇ ਨਾਟੋ ਨਲ ਨੇੜਤਾ ਬਣਾ ਲਈ ਤੇ ਪੱਛਮੀ ਧਿਰਾਂ ਨਾਲ ਸਬੰਧ ਜੋੜ ਲਏ। ਯੂਕਰੇਨ ਵਿਕਾਸਸ਼ੀਨ ਦੇਸ਼ ਹੈ ਤੇ ਮਨੁੱਖੀ ਵਿਕਾਸ ਇੰਡੈਕਸ ‘ਚ ਇਸ ਦਾ 74-ਵਾਂ ਨੰਬਰ ਹੈ। ਅਨਾਜ ਪੈਦਾ ਕਰਨ ਵਾਲਾ ਦੇਸ਼ ਹੈ ਜੋ ਫੌਜੀ ਸ਼ਕਤੀ ਵੱਜੋ ਯੂਰਪ ਅੰਦਰ ਰੂਸ ਤੇ ਫਰਾਂਸ ਬਾਦ ਤੀਸਰੀ ਥਾਂ ‘ਤੇ ਹੈ ਜੋ ਜੂਨੀਟਰੀ ਰਿਪਬਲਿਕ ਅਰਥ-ਰਾਸ਼ਟਰਪਤੀ ਸਿਸਟਮ ਵਾਲਾ ਦੇਸ਼ ਹੈ। ਯੂਕਰੇਨੀਅਨ ਭਾਸ਼ਾ ਵਾਲੇ 77.8 ਫੀਸਦ ਲੋਕ, 17.3 ਰੂਸੀ ਤੇ 4.9 ਫੀਸਦ ਦੂਸਰੇ ਹਨ, ਜਿਹੜੇ 87.3 ਫੀਸਦ ਇਸਾਈ ਹਨ। ਮੌਜੂਦਾ ਰਾਸ਼ਟਰਪਤੀ ਵੋਲੋਡੀਮੀਰ ਜੇਲੇਂਸਕੀ ਹੈ। ਸਾਲ 2004 ਦੌਰਾਨ ਸੰਤਰੀ ਇਨਕਲਾਬ ਲਹਿਰ ਜਿਹੜੀ ਸਾਮਰਾਜੀ ਪੱਛਮੀ ਦੇਸ਼ਾਂ ਵੱਲੋ ਚਲਾਈ ਗਈ ਸੀ ਜਿਸ ਦਾ ਮੰਤਵ ਇਹ ਸੀ ਕਿ ਯੂਕਰੇਨ ਅੰਦਰ ਪੱਛਮ ਪੱਖੀ ਸਰਕਾਰ ਕਾਇਮ ਕੀਤੀ ਜਾਵੇ, ਇਸ ਮਨਸੂਬੇ ਅੰਦਰ ਉਹ ਸਫਲ ਵੀ ਹੋ ਗਏ ਸਨ।
ਯੂਕਰੇਨ ਅੰਦਰ ਸ਼ੁਰੂ ਤੋਂ ਹੀ ਰਾਜਸੀ ਉਥਲ-ਪੁਥਲ ਚਲਦੀ ਆ ਰਹੀ ਹੈ।16-ਮਾਰਚ, 2014 ਨੂੰ ਕਰੀਮੀਆਂ ਨੇ ਰੂਸ ਨਾਲ ਮਿਲ ਜਾਣ ਦੀ ਸੰਧੀ ਮੁਕੰਮਲ ਕਰ ਲਈ ਸੀ ਭਾਵੇਂ ਇਸ ਦੀ ਭਾਰੀ ਵਿਰੋਧਤਾ ਹੋਈ। ਅੱਜੇ ਵੀ ਯੂਕਰੇਨ ਦੇ ‘‘ਡੋਨੇਕਕ ਤੇ ਲੋਹਾਂਸ਼ਕ“ ਖਿਤੇ ਜਿਹੜੇ ਬਾਗੀਆਂ ਦੇ ਕਬਜ਼ਿਆਂ ਹੇਠ ਹਨ ਰੂਸ ਨਾਲ ਹਾਂ ਨਾਲ ਹਾਂ ਮਿਲਾ ਰਹੇ ਹਨ। ਬਾਗੀਆਂ ਨਾਲ ਯੂਕਰੇਨੀ ਸਰਕਾਰ ਦੀਆਂ ਹੋਈਆਂ ਝੜਪਾ ਦੌਰਾਨ ਹਜ਼ਾਰਾਂ ਲੋਕ ਮਰ ਚੁੱਕੇ ਹਨ। ਅਗਸਤ-2014 ਨੂੰ ਸੰਯੁਕਤ ਅਮਰੀਕਾ ਤੇ ਰੂਸ ਰਾਂਹੀ ਦੋ ਧਿਰੀ ਕਮਿਸ਼ਨ ਨੇ ਉਪਰੋਕਤ ਝਗੜੇ ਨੂੰ ਹਲ ਕਰਨ ਲਈ ‘‘ਬੋਇਸਤੋ-ਅਜੰਡਾ“ ਜਿਸ ਅੰਦਰ 24-ਨੁਕਤੇ ਸਨ ਪੇਸ਼ ਕੀਤਾ ਸੀ। ਯੂਰਪੀਅਨ ਯੂਨੀਅਨ ਨਾਲ ਯੂਕਰੇਨ ਨੇ ਇਕ ਸਮਝੌਤਾ ਕੀਤਾ ਸੀ ਪਰ ਉਹ ਵੀ ਅੱਗੇ ਨਹੀਂ ਵੱਧ ਸਕਿਆ। ਕਿਉਂਕਿ ਪੱਛਮ ਯੂਕਰੇਨ ਨੂੰ ਆਪਣੇ ਅੱਡੇ ਵਜੋਂ ਵਰਤਣਾ ਚਾਹੁੰਦਾ ਹੈ ਜੋ ਰੂਸ ਨੂੰ ਮਨਜ਼ੂਰ ਨਹੀਂ ਹੈ।ਯੂਕਰੇਨ ਅੰਦਰ ਜਾਰੀ ਰਾਜਨੀਤਕ ਉਥਲ-ਪੁਥਲ ਦੌਰਾਨ 4-ਮਾਰਚ, 2020 ਨੂੰ ‘‘ਸ਼ਮੀਹਲ- ਸਰਕਾਰ“ ਹੋਂਦ ਵਿੱਚ ਆਈ ਅਤੇ ਵੋਲੋਡੀਮੀਰ ਜੇਲੇਂਸਕੀ ਰਾਸ਼ਟਰਪਤੀ ਬਣਿਆ। ਰਾਜਸੀ ਤੌਰ ‘ਤੇ ਯੂਕਰੇਨ ਨੇ ਅਗਲੇ ਕਦਮ ਵੱਜੋ 28-ਜੁਲਾਈ, 2020 ਨੂੰ ਲੁਬਿਨ ਵਿਖੇ ਲਿਥੂਨੀਆਂ, ਪੌਲੈਂਡ ਤੇ ਯੂਕਰੇਨ ਦੀ ਇਕ ਤਿੰਨ ਧਿਰੀ ਸਹਿਯੋਗੀ ਧਿਰ ਕਾਇਮ ਕਰਕੇ ਯੂਰਪੀ-ਯੂਨੀਅਨ ਤੇ ਨਾਟੋ ਨਾਲ ਗਲ-ਵੱਕੜੀ ਪਾਉਣੀ ਸ਼ੁਰੂ ਕੀਤੀ ਸੀ। ਪਰ 12-ਮਈ, 2021 ਨੂੰ ਜੋਰਜੀਆ, ਮੋਲਦੋਵਾ ਤੇ ਯੂਕਰੇਨ ਨੇ ਤਿੰਨ ਦੇਸ਼ਾਂ ਦੀ ਸਭਾ ਬਣਾ ਕੇ ਯੂਰਪੀ-ਯੂਨੀਅਨ ਦਾ ਹਿਸਾ ਬਣਨ ਲਈ ਪੱਛਮ ਵਲ ਮੋੜਾ ਕੱਟਿਆ, ਜਿਸ ਨੁੂੰ ਰੂਸ ਕਦੀ ਵੀ ਬਰਦਾਸ਼ਤ ਨਹੀਂ ਕਰ ਸਕਦਾ ਸੀ। ਜਿਸ ਕਾਰਨ ਪੱਛਮ ਪੱਖੀ ਯੂਕਰੇਨ ਦੇ ਇਨਾਂ ਕਦਮਾਂ ਕਰਕੇ ਉਸ ਦਾ ਰੂਸ ਨਾਲ ਤਨਾਅ ਚਲ ਰਿਹਾ ਹੈ। ਸਾਮਰਾਜੀ ਪੱਛਮ ਯੂਕਰੇਨ ਨੂੰ ਰੂਸ ਵਿਰੁੱਧ ਪੱਛਮੀ ਯੂਰਪ ਅੰਦਰ ਇਕ ਮਜ਼ਬੂਤ ਅੱਡੇ ਵਜੋ ਸਥਾਪਤ ਕਰਨਾ ਚਾਹੁੰਦਾ ਹੈ। ਜੋ ਰੂਸ ਨੂੰ ਮਨਜ਼ੂਰ ਨਹੀਂ ਹੈ।
ਸਾਮਰਾਜੀ ਅਮਰੀਕਾ ਆਪਣੀ ਵਿਸ਼ਵ ਵਿਆਪੀ ਸਰਦਾਰੀ ਨੂੰ ਹੋਰ ਮਜ਼ਬੂਤ ਕਰਨ ਅਤੇ ਆਰਥਿਕ ਸੰਕਟ ਦੇ ਨਾਂਹ ਪੱਖੀ ਪ੍ਰਭਾਵਾਂ ਉਪਰ ਕਾਬੂ ਪਾਉਣ ਦੇ ਆਪਣੇ ਯਤਨਾਂ ਵਿੱਚ ਸਰਵਪੱਖੀ ਵਧੇਰੇ ਹਮਲਾਵਰੀ ਦਾ, ਖਾਸਕਰ ਰਾਜਨੀਤਕ, ਆਰਥਿਕ ਤੇ ਫੌਜੀ ਦਖਲ ਅੰਦਾਜ਼ੀਆਂ ਰਾਹੀਂ ਹਮਲਾਵਰੀ ਦਾ, ਪ੍ਰਗਟਾਵਾ ਕਰ ਰਿਹਾ ਹੈ। ਅਮਰੀਕੀ ਫੌਜੀ ਦਖਲ ਅੰਦਾਜ਼ੀ ਤੇ ਨਾਟੋ ਦੀ ਅਗਵਾਈ ਵਿੱਚ ਮੱਧ-ਪੂਰਬ ਦੀਆਂ ਘਟਨਾਵਾਂ ਬਾਲਟਿਕ ਦੇਸ਼ਾਂ ਵਿਚ, ਪੋਲੈਂਡ ਅੰਦਰ ਨਾਟੋ ਦੀ ਤਾਇਨਾਤੀ ਤੇ ਚੀਨ ਨੂੰ ਘੇਰਨ ਲਈ ਆਪਣੇ ਯੁੱਧ ਨੀਤਕ ਟੀਚਿਆ ਨੂੰ ਅਮਰੀਕਾ ਹਮਲਾਵਰ ਰੂਪ ਨਾਲ ਅੱਗੇ ਵਧਾਉਣ ਲਈ ਹਰ ਤਰ੍ਹਾਂ ਤਰਲੋ-ਮੱਛੀ ਦਾ ਰੂਪ ਧਾਰੀ ਬੈਠਾ ਹੈ। ਪੈਸੀਫਿਕ ਏਸ਼ੀਆ ਅੰਦਰ, ਉੱਤਰ ਕੋਰੀਆ ਤੇ ਚੀਨ ਦੇ ਪਾਣੀਆ ਅੰਦਰ ਅਣ-ਸੁਖਾਣੇ ਮਾਹੌਲ ਪੈਦਾ ਕਰਕੇ ਜੰਗ ਵਾਲੀਆਂ ਹਾਲਤਾ ਪੈਦਾ ਕਰ ਰਿਹਾ ਹੈ। ਰੂਸ ਨੂੰ ਘੇਰਨ ਲਈ ਯੂਕਰੇਨ ਨੂੰ ਮੋਹਰਾ ਬਣਾ ਕੇ ਅਮਰੀਕਾ ਤੇ ਨਾਟੋ ਇੱਥੇ ਆਪਣਾ ਜੰਗੀ-ਅੱਡਾ ਸਥਾਪਤ ਕਰਨਾ ਚਾਹੁੰਦਾ ਹੈ। ਦੁਨੀਆਂ ਅੰਦਰ ਖਾਸ ਕਰਕੇ ਸਮਾਜਵਾਦੀ ਦੇਸ਼ਾਂ ਵਿਰੁਧ ਅਮਰੀਕੀ ਸਾਮਰਾਜ ਦੀਆਂ ਹਮਲਾਵਰੀ ਕਾਰਵਾਈਆਂ ਨਾਲ, ਵਰਤਮਾਨ ਯੁੱਗ ਦੀ ਕੇਂਦਰੀ ਵਿਰੋਧਤਾਈ ‘‘ਸਾਮਰਾਜ ਅਤੇ ਸਮਾਜਵਾਦ“ ਦੇ ਵਿਚਕਾਰ ਵਿਰੋਧਤਾਈ ਤਿੱਖੀ ਹੋਣ ਦੇ ਇਹ ਪ੍ਰਤੱਖ ਪ੍ਰਮਾਣ ਹਨ।
ਯੂਕਰੇਨ ਨੂੰ ਲੈ ਕੇ ਰੂਸ ਵਿਰੁਧ ਕਾਰਵਾਈ ਕਰਨ ਲਈ ਦੂਸਰੇ ਪਾਸੇ ਸਾਮਰਾਜੀ ਅਮਰੀਕਾ ਤੇ ਉਸ ਦੇ ਪੱਛਮੀ ਸਹਿਯੋਗੀਆਂ ਨੇ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਕੋਂਸਲ ਅੰਦਰ 1-ਫਰਵਰੀ ਨੂੰ ਬਹੁਤ ਚੀਕ-ਚਿਹਾੜਾ ਪਾਇਆ ਸੀ। ਅਮਰੀਕੀ ਰਾਜਦੂਤ ਲਿੰਡਾ-ਗਰੀਨ ਫੀਲਡ ਨੇ ਕਿਹਾ ਕਿ ਰੂਸ ਦੇ ਇਕ ਲੱਖ ਤੋਂ ਵੱਧ ਫੌਜੀ ਯੂਕਰੇਨ-ਸਰਹਿਦ ਤੇ ਤਾਇਨਾਤ ਹਨ ਤੇ ਰੂਸ ਸਾਈਬਰ ਹਮਲਿਆ ਅਤੇ ਝੂਠੀਆਂ ਸੂਚਨਾਵਾਂ ਫੈਲਾਅ ਕੇ ਘਟਨਾਵਾਂ ਵਿੱਚ ਨਵੀਂ ਪਚੀਦਗੀ ਬਣਾ ਰਿਹਾ ਹੈ। ਅਮਰੀਕਾ ਬਿਨਾਂ ਕਿਸੇ ਠੋਸ ਤੱਥ ਅਤੇ ਅਧਾਰ ਦੇ ਯੂਕਰੇਨ ਨੂੰ ਲੈ ਕੇ ਤਨਅ ਵਧਾਉਣਾ ਚਾਹੁੰਦਾ ਹੈ ਤੇ ਕੀਵ ਵਿਖੇ ਉਹ ‘‘ਸ਼ੁਧ -ਨਾਜੀਆ“ ਨੂੰ ਸਤਾ ਵਿੱਚ ਲੈ ਕੇ ਆਇਆ ਹੈ, ‘ਰੂਸ ਨੇ ਜਵਾਬ ਵਿੱਚ ਕਿਹਾ। ਸੁਰੱਖਿਆ ਕੌਂਸਲ ਅੰਦਰ ਇਹ ਤਿੱਖੀ ਬਹਿਸ ਅਜਿਹੇ ਸਮੇਂ ਹੋਈ ਜਦੋਂ ਮਾਸਕੋ ਦੀ ਮੀਟਿੰਗ ਰੋਕਣ ਦੀ ਕੋਸ਼ਿਸ਼ ਅਸਫਲ ਰਹੀ। ਚੀਨ ਨੇ ਵਿਧੀਗਤ ਵੋਟਿੰਗ ਖਿਲਾਫ ਵੋਟ ਪਾਉਣ, ‘ਭਾਰਤ, ਕੀਨੀਆ, ਗੌਬੋਨ ਵਲੋਂ ਗੈਰ ਹਾਜ਼ਰ ਰਹਿਣ ਕਾਰਨ ਅਮਰੀਕਾ ਤੇ ਰੂਸ ਵਿਚਕਾਰ ਯੂਕਰੇਨ ਸੰਕਟ ਸਬੰਧੀ ਚਲ ਰਹੀ ਗਲਬਾਤ ਅਸਫਲ ਰਹੀ। ਜਦਕਿ ਰੂਸ ਨੇ ਯੂਕਰੇਨ ਤੇ ਹਮਲੇ ਦੀ ਯੋਜਨਾ ਬਣਾਉਣ ਸਬੰਧੀ ਇਨਕਾਰ ਕੀਤਾ। ਯੂਕਰੇਨ, ‘ਰੂਸ ਨਾਲੋ 10-ਗੁਣਾ ਛੋਟਾ ਦੇਸ਼ ਹੈ ਤੇ ਦੇਸ਼ ਅੰਦਰ ਮਾਰਸ਼ਲ-ਲਾਅ ਲਾਉਣ ਦੀ ਤਿਆਰੀ ਹੋ ਰਹੀ ਹੈ। ਕੀਵ ਵਿਖੇ ਰੂਸੀ ਦੂਤ-ਘਰ ਵਿਰੁਧ ਮਜ਼ਾਹਰੇ ਹੋ ਰਹੇ ਹਨ ਅਤੇ ਦੂਤ-ਘਰ ਨੂੰ ਅੱਗ ਲਗਾਉਣ ਦੀਆਂ ਖਬਰਾਂ ਆ ਰਹੀਆਂ ਹਨ।
ਮੌਜੂਦਾ ਯੂਕਰੇਨ-ਰੂਸ ਦੇ ਤਨਾਅ ਦਾ ਕਾਰਨ ਕਾਲਾ ਸਾਗਰ ਅੰਦਰ ਯੂਕਰੇਨ ਦੇ ਸਮੁੰਦਰੀ ਬੇੜਿਆ ਦਾ ਰੂਸੀ ਖੇਤਰ ਅੰਦਰ ਜਾਣਾ ਸੀ। ਪਿਛਲੇ ਦਿਨੀ ਯੂਕਰੇਨ ਦੇ ਤਿੰਨ ਬੇੜੇ ਆਜ਼ੋਵ ਸਮੁੰਦਰ ‘ਚ ਗੈਰ-ਕਨੂੰਨੀ ਢੰਗ ਨਾਲ ਰੂਸੀ ਖੇਤਰ ਅੰਦਰ ਦਾਖਲ ਹੋ ਗਏ, ਉਨ੍ਹਾਂ ਦੇ ਬਾਹਰ ਜਾਣ ਲਈ ਤੰਗ-ਮਾਰਗ ‘ਤੇ ਇਕ ਪੁਲ ਹੈ। ਰੂਸੀ ਬੇੜਿਆ ਨੇ ਉਨ੍ਹਾਂ ਨੂੰ ਰੋਕਣ ਲਈ ਆਜ਼ੋਵ ਸਮੁੰਦਰ ਵਲ ਦਾ ਰਾਹ ਬੰਦ ਕਰ ਦਿੱਤਾ।ਆਜ਼ੋਵ ਸਮੁੰਦਰ ਜ਼ਮੀਨ ਨਾਲ ਘਿਰਿਆ ਹੋਇਆ ਹੈ ਤੇ ਕਾਲਾ-ਸਾਗਰ ਤੋਂ ਕਰਚ ਦੇ ਤੰਗ ਰਸਤੇ ਥਾਂਣੀ ਹੋ ਕੇ ਹੀ ਇਸ ਵਿੱਚ ਪ੍ਰਵੇਸ਼ ਕੀਤਾ ਜਾ ਸਕਦਾ ਹੈ। ਆਜ਼ੋਵ-ਸਮੁੰਦਰ ਦੀਆਂ ਸਰਹੱਦਾਂ ਰੂਸ ਤੇ ਯੂਕਰੇਨ ਵਿਚਕਾਰ ਵੰਡੀਆਂ ਹੋਈਆਂ ਹਨ। ਰੂਸ ਦੇ ਕਹਿਣ ਮੁਤਾਬਿਕ ਇਕ ਗੰਨਾਂ ਨਾਲ ਲੈਸ ਤੇ ਬੇੜੀਆ ਖਿਚਣ ਵਾਲੇ ਜਹਾਜ ਦਾ ਪਿਛਾ ਕੀਤਾ ਤੇ ਕਬਜ਼ੇ ‘ਚ ਲੈ ਲਿਆ ਗਿਆ।ਇਸ ਐਕਸ਼ਨ ਵਿੱਚ 6-ਕਰੂ ਦੇ ਮੈਂਬਰ ਜ਼ਖ਼ਮੀ ਹੋ ਗਏ। ਰੂਸ ਦਾ ਕਹਿਣਾ ਹੈ ਕਿ ਇਹ ਜਹਾਜ਼ ਗੈਰ-ਕਨੂੰਨੀ ਰੂਸੀ ਪਾਣੀਆਂ ‘ਚ ਪ੍ਰਵੇਸ਼ ਕਰ ਗਿਆ ਸੀ। ਰੂਸ ਨੇ ਇਨ੍ਹਾਂ ਗੰਨ ਵੋਟਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਯੂਕਰੇਨ ਦੇ ਰਾਸ਼ਟਰਪਤੀ ਨੇ ਦੇਸ਼ ਅੰਦਰ ਇਨ੍ਹਾਂ ਹਲਾਤਾਂ ਨੂੰ ਦੇਖਦੇ ਹੋਏ ਮਾਰਸ਼ਲ ਲਾਅ ਲਗਾਉਣ ਲਈ ਕਾਰਵਾਈ ਸ਼ੁਰੂ ਵੀ ਕਰ ਦਿੱਤੀ। 2014 ਦੇ ਰੂਸ ਵੱਲੋ ਕ੍ਰੀਮੀਆਈ ਕਬਜ਼ੇ ਬਾਦ ਯੂਕਰੇਨ ਨੂੰ ਕਰਚ ਤੋਂ ਆਜ਼ੋਵ-ਸਮੁੰਦਰ ਵਲ ਜਾਣ ਦੀ ਰੋਕ ਹੈ। ਆਜ਼ੋਵ ਸਮੁੰਦਰੀ ਕ੍ਰੀਮੀਆਈ ਪ੍ਰਾਇਦੀਪ ਦੇ ਪੂਰਬ ‘ਚ ਹੈ। ਜਿਥੇ ਇਸ ਖੇਤਰ ‘ਚ ਰੂਸ ਪੱਖੀ ਬਾਗੀਆਂ ਦਾ ਕਬਜ਼ਾ ਹੈ ਜੋ ਯੂਕਰੇਨ ਦੇ ਦੱਖਣ ਵੱਲ ਹੈ। ਉੱਤਰੀ ਕਿਨਾਰੇ ਯੂਕਰੇਨ ਦੀਆਂ ਦੋ ਬੰਦਰਗਾਹਾਂ ਹਨ ਜਿਥੋ ਕਣਕ ਬਰਾਮਦ ਹੁੰਦੀ ਹੈ ਤੇ ਸਟੀਲ ਤੇ ਕੋਲਾ ਦਰਾਮਦ ਹੁੰਦਾ ਹੈ। ਇਹ ਬੰਦਰਗਾਹਾਂ ਆਰਥਿਕ ਤੌਰ ‘ਤੇ ਅਹਿਮ ਹਨ ਤੇ ਬੰਦ ਹੋੋਣ ਨਾਲ ਯੂਕਰੇਨ ਨੂੰ ਬਰਾਮਦੀ ਵਾਪਾਰ ‘ਚ 25-ਫੀਸਦ ਨੁਕਸਾਨ ਹੋਵੇਗਾ ਤੇ ਉਸ ਦੀ ਆਰਥਿਕਤਾ ਤਬਾਹ ਹੋ ਜਾਵੇਗੀ।
ਯੂਕਰੇਨ-ਰੂਸ ਤਨਾਅ ਦੇ ਸੰਦਰਭ ਅੰਦਰ ਅੱਜ ਭਾਵੇਂ ਠੰਡੀ-ਜੰਗ ਦਾ ਕੋਈ ਸਾਰੋਕਾਰ ਤਾਂ ਨਜ਼ਰ ਨਹੀਂ ਆਉਂਦਾ ਹੈ, ਕਿਉਂਕਿ ਸੋਵੀਅਤ-ਰੂਸ 1991 ਨੂੰ ਹੀ ਢਹਿ-ਢੇਰੀ ਹੋ ਚੁਕਿਆ ਹੋਇਆ ਹੈ। ਪਰ ਜਮਾਤੀ ਸ਼ਕਤੀਆ ਦੇ ਕੌਮਾਂਤਰੀ ਸੰਤੁਲਨ ‘ਚ ਸਾਮਰਾਜ ਦੇ ਪੱਖ ਵਿੱਚ ਬਦਲਾਅ ਦੇ ਬਾਅਦ, ਅਮਰੀਕਾ ਨੇ ਆਪਣੇ ਤਿੰਨ ਐਲਾਨੇ ਮਨੋਰਥ ਨੁੰ ਹਾਸਲ ਕਰਨ ਰਾਹੀ, ਆਪਣੀ ਸੰਸਾਰੀ ਸਰਦਾਰੀ ਨੂੰ ਪੁਖਤਾ ਕਰਨ ਦਾ ਰਸਤਾ ਅਪਣਾਇਆ ਹੋਇਆ ਹੈ। ਪਹਿਲਾ ਮਨੋਰਥ ਬਚੇ ਹੋਏ ਸਮਾਜਵਾਦੀ ਦੇਸ਼ਾਂ ਨੂੰ ਢਹਿ-ਢੇਰੀ ਕਰਨਾ, ਦੂਸਰਾ ਉਨ੍ਹਾਂ ਨੂੰ ਹਰਾ ਕੇ ਜਾਂ ਫਿਰ ਆਪਣੇ ਨਾਲ ਮਿਲਾਉਣਾ। ਤੀਸਰਾ ਕਦਮ ਸੰਸਾਰ ਦੇ ਰਾਸ਼ਟਰਵਾਦ ਨੂੰ ਨਾਪੁੰਨਸਿਕ ਬਣਾਉਣਾ, ਜਿਸ ਨੇ ਬਸਤੀਵਾਦ ਦੇ ਖਾਤਮੇ ਦੀ ਪ੍ਰਕਿਰਿਆ ਦੇ ਬਾਦ ਗੁੱਟ-ਨਿਰਲੇਪ ਲਹਿਰ ਨੂੰ ਸਾਕਾਰ ਕੀਤਾ ਸੀ, ਅਤੇ ਆਖਰੀ ਮਨੋਰਥ ਹੈ, ਆਮ-ਤੌਰ ‘ਤੇ ਸਮੁੱਚੇ ਸੰਸਾਰ ਉਤੇ ਅਤੇ ਖਾਸ ਤੌਰ ‘ਤੇ ਜਿਨ੍ਹਾਂ ਨੂੰ ਅਮਰੀਕਾ ਆਪਣਾ ਸੰਭਾਵੀ ਪ੍ਰਤੀਯੋਗੀ ਸਮਝਦਾ ਹੈ ਉਨ੍ਹਾਂ ਦੇ ਉਪਰ ਦੋ ਟੁੱਕ ਅਤੇ ਸਪੱਸ਼ਟ ਫੌਜੀ ਅਤੇ ਆਰਥਿਕ ਉਤਮੱਤਾ ਸਥਾਪਤ ਕਰਨਾ ਹੈ। ਠੰਡੀ ਜੰਗ ਦੇ ਅੰਤ ਤੋਂ ਬਾਅਦ ਨਾਟੋ ਨੂੰ ਬਣੇ ਰਹਿਣ ਦੀ ਜ਼ਰੂਰਤ ਤਾਂ ਖਤਮ ਹੋ ਜਾਣੀ ਚਾਹੀਦੀ ਸੀ, ਪਰ ਸਾਮਰਾਜਵਾਦ ਨੇ ਵਿਸ਼ਵ ਯੁੱਧ ਮਸ਼ੀਨ ਦੇ ਰੂਪ ਵਿੱਚ ਨਾਟੋ ਨੂੰ ਹੋਰ ਮਜ਼ਬੂਤ ਕੀਤਾ ਹੈ। ਮੱਧ ਪੂਰਬ, ਇਰਾਕ, ਸੀਰੀਆ, ਅਫਗਾਨਿਸਤਾਨ, ਲੀਬੀਆ, ਦੱਖਣੀ ਲਾਤੀਨੀ ਦੇਸ਼ਾਂ, ਅਫ਼ਰੀਕਾ ਤੇ ਏਸ਼ੀਆਈ ਦੇਸ਼ਾਂ ਅੰਦਰ ਜਿੰਨੀ ਵੀ ਰਾਜਸੀ ਉਥਲ-ਪੁਥਲ, ਜਮਹੂਰੀ ਚੁਣੀਆਂ ਸਰਕਾਰਾਂ ਦੇ ਤਖਤੇ ਉਲਟਾਏ ਜਾਣੇ ਤੇ ਫੌਜੀ ਬਗਾਵਤਾਂ ਸਭ ਸਾਮਰਾਜੀ ਸਾਜ਼ਸ਼ਾਂ ਦਾ ਸਿੱਟਾ ਹੈ।
ਭਾਵੇਂ ਯੂਕਰੇਨ-ਰੂਸ ਤਨਾਅ ਨੂੰ ਪੱਛਮੀ ਨੀਤੀਕਾਰ ਇਸ ਗਲ ਨੂੰ ਲੁਕਾ ਰਹੇ ਹਨ, ਪਰ ਇਹ ਸਪਸ਼ਟ ਹੈ ਕਿ ਸਮਰਾਜੀ ਅਮਰੀਕਾ, ਨਾਟੋ ਤੇ ਪੱਛਮ ਯੂਕਰੇਨ ਨੂੰ ਆਪਣੀ ਢਾਲ ਬਣਾ ਕੇ ਇਥੇ ਰੂਸ ਨੂੰ ਘੇਰਨ ਲਈ ਜੰਗੀ-ਅੱਡਾ ਬਣਾਉਣ ਲਈ ਸਾਜ਼ਸ਼ ਰਚ ਰਹੇ ਹਨ। ਇਸ ਵੇਲੇ ਨਾਟੋ ਦੇ 30-ਦੇੇਸ਼ ਮੈਂਬਰ ਹਨ। ਸੁਰੱਖਿਅ ਤੇ ਰੱਖਿਆ ਮਾਹਰ ਜੋਨਾਥਨ ਮਾਰਕਸ ਅਨੁਸਾਰ ਅਮਰੀਕਾ ਆਪਣੇ ਸ਼ਰਾਫਤ ਖਾਨੇ ‘ਚ ਮੁਲਾਜ਼ਮਾਂ ਨੂੰ ਵਾਪਸ ਬੁਲਾ ਰਿਹਾ ਹੈ। ਭਾਵ ਅਮਰੀਕਾ ਵੀ ਇਸ ਤਨਾਅ ਅੰਦਰ ਆਪਣੀ ਸਾਮਰਾਜੀ ਸਾਜ਼ਸ਼ ਨੂੰ ਅਜਾਈ ਨਹੀਂ ਜਾਣ ਦੇਵੇਗਾ ਤੇ ਪੱਛਮ ਯੂਰਪ ਨੂੰ ਰੂਸ ਵਿਰੁਧ ਜੰਗੀ ਅੱਡਾ ਬਣਾਉਣ ਲਈ ਪੂਰੀ ਤਰ੍ਹਾਂ ਦ੍ਰਿੜ ਲੱਗਦਾ ਹੈ। 2-ਫਰਵਰੀ, 2022 ਨੂੰ ਰੂਸ ਦੇ ਡਿਪਟੀ ਵਿਦੇਸ਼ ਮੰਤਰੀ ਨੇ ਅਮਰੀਕਾ ਵੱਲੋ ਯੂਰਪ ਅੰਦਰ ਹੋਰ ਫੌਜਾਂ ਭੇਜਣ ਤੇ ਨਾਟੋ ਨੂੰ ਪੱਛਮੀ ਯੂਰਪ ਅੰਦਰ ਮਜ਼ਬੂਤ ਕਰਨ ਦੀ ਸਖ਼ਤ ਨਿਖੇਧੀ ਕੀਤੀ ਹੈ। ਅਮਰੀਕਾ ਤੇ ਉਸ ਦੇ ਇਤਹਾਦੀ ਨਾਟੋ ਦੇਸ਼ਾਂ ਦੇ ਇਹ ਕਦਮ ਜਿਥੇ ਗੈਰ-ਇਨਸਾਫ਼ੀ ਵਾਲੇ ਹਨ ਉਥੇ ਤਬਾਹੀ ਮਚਾਉਣ ਵਾਲੇ ਹਨ। ਰਾਜਨੀਤਕ ਮਾਹਰਾਂ ਅਨੁਸਾਰ ਜੇਕਰ ਯੂਕਰੇਨ ਨੂੰ ਰੂਸੀ ਖਤਰਾ ਨਹੀਂ ਤਾਂ ਯੂਕਰੇਨ ਹਥਿਆਰਾਂ ਦੀ ਮੰਗ ਕਿਉਂ ਕਰ ਰਿਹਾ ਹੈ ਤੇ ਅਮਰੀਕਾ ਯੂਰਪ ਅੰਦਰ ਕਿਉਂ ਫੌਜਾਂ ਭੇਜ ਰਿਹਾ ਹੈ (5-ਫਰਵਰੀ)। ਸਾਰੇ ਪੁਰਾਣੇ ਪੂਰਬੀ ਯੂਰਪ ਦੇ ਕਮਿਊਨਿਸਟ ਪੱਖੀ ਦੇਸ਼ਾਂ ਅੰਦਰ ਇਸਤੋਨੀਆ, ਲਾਤਵੀਆ, ਲਿਥੌਨੀਆ, ਪੌਲੈਂਡ, ਸਲੋਵਾਕੀਆ, ਹੰਗਰੀ, ਰੋਮਾਨੀਆ, ਬੁਲਗਾਰੀਆ ਜੋ ਰੂਸ ਨੂੰ ਪੱਛਮ ਵਲੋਂ ਘੇਰਦੇ ਹਨ, ਪੂਰੀ ਤਰ੍ਹਾਂ ਨਾਟੋ ਦੇ ਫੌਜੀ-ਅੱਡਿਆਂ, ਲੜਾਈ ਦਾ ਸਾਜ਼ੋ-ਸਮਾਨ ਤੇ ਫੌਜੀ ਹਥਿਆਰਾਂ ਨਾਲ ਯੁੱਧ ਕਰਨ ਲਈ ਲੈਸ ਹਨ। ਕੇਵਲ ਯੂਕਰੇਨ ਹੀ ਹੈ ਜੋ ਅੱਜੇ ਨਾਟੋ ਦਾ ਮੈਂਬਰ ਨਹੀਂ ਬਣ ਸਕਿਆ ਹੈ।
ਸਾਮਰਾਜੀ ਅਮਰੀਕਾ ਸਮੇਤ ਨਾਟੋ ਤੇ ਉਸ ਦੇ ਪਛਮੀ ਭਾਈਵਾਲ ਦੇਸ਼ ਅੱਜ ਫਿਰ ਯੂਕਰੇਨ ਅੰਦਰ ਨਾਟੋ ਦਾ ਅੱਡਾ ਕਾਇਮ ਕਰਨ ਲਈ ਰੂਸ ਵਿਰੁਧ ‘‘ਕਿਊਬਾ ਮਿਜ਼ਾਇਲ“ ਸੰਕਟ ਵਾਲੀ ਸਥਿਤੀ ਨੂੰ ਜਨਮ ਦੇ ਰਹੇ ਹਨ। ਉਸ ਵੇਲੇ ਵੀ ਅਮਰੀਕਾ ਨੇ ਕਿਊਬਾ ਵਿਰੁਧ (16-ਅਕਤੂਬਰ-20-ਨਵੰਬਰ 1962) ਮਿਜ਼ਾਇਲਾ ਬੀੜ ਦਿਤੀਆਂ ਸਨ ਤੇ ਰੂਸ, ਕਿਊਬਾ ਦੀ ਪਿਠ ਤੇ ਖੜਾ ਹੋ ਗਿਆ ਸੀ। ਉਸ ਵੇਲੇ ਸਮਾਜਵਾਦੀ ਰੂਸ ਨੇ ਕਿਊਬਾ ਅੰਦਰ ਜਦੋਂ ਅਮਰੀਕਾ ਨੇ,‘ਇਟਲੀ ਤੇ ਟੁਰਕੀ ਅੰਦਰ ਕਿਊਬਾ ਤੇ ਰੂਸ ਵਿਰੁਧ ਮਿਜ਼ਾਇਲਾ ਬੀੜੀਆਂ ਸਨ, ਦਾ ਸਾਹਮਣਾ ਕੀਤਾ ਸੀ। ਅਖੀਰ ਦੋਨੋ ਮਹਾਂ-ਸ਼ਕਤੀਆਂ ਵਿਚਕਾਰ ਇਕ ਸਮਝੌਤੇ ਬਾਦ ਦੋਨੋ ਧਿਰਾਂ ਨੇ ਮਿਜ਼ਾਇਲਾ ਡਿਸ-ਮੈਂਟਲ ਕੀਤੀਆਂ ਸਨ ਤੇ 7-ਸਾਲਾਂ ਬਾਦ ਪ੍ਰਮਾਣੂ-ਹਥਿਆਰਾਂ ਦੀ ਵਰਤੋਂ ਨਾ ਕਰਨ ਸਬੰਧੀ ਇਕ ਸਮਝੌਤਾ ਕੀਤਾ ਸੀ ਤੇ ਦੁਨੀਆਂ ਨੂੰ ਪ੍ਰਮਾਣੂ ਜੰਗ ਦੀ ਭੱਠੀ ਵਿਚੋਂ ਬਚਾਇਆ ਸੀ। ਅੱਜ ਵੀ ਜੰਗਬਾਜ਼ ਅਮਰੀਕਾ ਨੂੰ ਸੰਸਾਰ ਅਮਨ ਨੂੰ ਮੁੱਖ ਰੱਖਦਿਆਂ ਪਿਛੇ ਨੂੰ ਕਦਮ ਲੈਣੇ ਚਾਹੀਦੇ ਹਨ ਅਤੇ ਜੰਗੀ ਉਕਸਾਹਟਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਰੂਸੀ ਮੁਖੀ ਪੂਤਿਨ ਅਤੇ ਚੀਨ ਮੁੱਖ ਜੀ.ਪਿੰਗ ਨੇ ਸਰਦ ਰੁਤ ਉਲੰਪਿਕ ਖੇਡਾਂ ਵੇਲੇ ਬੀਜ਼ਿੰਗ ਵਿਖੇ, ਜਿਥੇ ਨਾਟੋ ਦੇ ਪ੍ਰਸਾਰਵਾਦ ਵਿਰੁਧ ਇਕ ਸਾਂਝੇ ਬਿਆਨ ਰਾਹੀਂ ਆਪਸੀ ਕਈ ਮੁਦਿਆ ਤੇ ਸਹਿਮਤੀ ਪ੍ਰਗਟ ਕੀਤੀ ਹੈ। ਪੂਤਿਨ ਨੇ ਇਹ ਵੀ ਕਿਹਾ ਕਿ ਰੂਸ-ਯੂਕਰੇਨ ਇਕ ਹਨ ਤੇ ਯੂਕਰੇਨ ਨਾਟੋ ‘ਚ ਸ਼ਾਮਲ ਹੋਣ ਤੋਂ ਗੁਰੇਜ਼ ਕਰੇ। ਪੱਛਮੀ ਸ਼ਕਤੀਆਂ-ਨਾਟੋ ਰੱਖਿਆ ਗਠਜੋੜ ਰਾਹੀਂ ਰੂਸ ਨੂੰ ਹੇਠਾਂ ਨਹੀਂ ਲਾ ਸਕਦਾ ਹੈ। ਰੂਸ-ਚੀਨ ਕੋਈ ਵੱਖ ਨਹੀਂ ਹਨ, ਇਕ ਦੂਸਰੇ ਦੇ ਪੂਰਨ ਸਹਿਯੋਗੀ ਹਨ। ਦੋਨਾਂ ਮੁੱਖੀਆ ਨੇ ਅਮਰੀਕਾ-ਯੂ.ਕੇ-ਅਸਟ੍ਰੇਲੀਆ ਵਿੱਚਕਾਰ ‘‘ਔਕਸ-ਸੁਰੱਖਿਆ ਪੈਕਟ“ ਦੀ ਅਲੋਚਨਾ ਕੀਤੀ । ਇਹ ਪੈਕਟ ਦੱਖਣੀ ਚੀਨ ਸਾਗਰ ਅੰਦਰ ਤਨਾਅ ਨੂੰ ਤੁਲ ਦੇਣ ਬਰਾਬਰ ਹੈ। ਪੂਤਿਨ ਨੇ ਤੈਵਾਨ ਨੂੰ ਚੀਨ ਦਾ ਖੁਦ-ਰਾਜ ਕਰਦਾ ਹਿੱਸਾ ਦੱਸਿਆ।
ਅਮਰੀਕਾ ਆਰਥਿਕ ਤੇ ਫੌਜੀ ਸ਼ਕਤੀ ਵੱਜੋ ਕਮਜ਼ੋਰ ਹੋ ਰਿਹਾ ਹੈ। ਯੂਰਪ ਅੰਦਰ ਯੂਕਰੇਨ ਅਤੇ ਏਸ਼ੀਆ ਅੰਦਰ ਤੈਵਾਨ ਮੱਸਲੇ ਅਮਰੀਕਾ ਲਈ ਖੋਅ ਬਣ ਰਹੇ ਹਨ। ਹੁਣ ਯੂਰਪ ਅੰਦਰ ਰੂਸ ਤੇ ਏਸ਼ੀਆ ਅੰਦਰ ਚੀਨ ਅਮਰੀਕੀ ਸਾਮਰਾਜ ਨੂੰ ਚੁਣੌਤੀ ਦੇ ਰਹੇ ਹਨ। ਯੂਰਪ ਦੇ ਕਈ ਅਮਰੀਕੀ ਭਾਈਵਾਲ ਦੇਸ਼ ਜਰਮਨੀ, ਫਰਾਂਸ, ਹੰਗਰੀ, ਯੂਕਰੇਨ ਮੱਸਲੇ ‘ਚ ਪਿਛੇ ਹਟ ਰਹੇ ਹਨ। ਨਾਟੋ ਗਠਜੋੜ ਕਮਜ਼ੋਰ ਪੈ ਰਿਹਾ ਹੈ ਇਸ ਲਈ ਅਮਰੀਕਾ ਨੂੰ ਪਿਛੇ ਹੱਟਣਾ ਪੈਣਾ ਹੈ। ਜੰਗ ਉਸ ਨੂੰ ਮਹਿੰਗਾ ਪਏਗਾ। ਅੱਜ ਰੂਸ ਤੇ ਚੀਨ ਜਿਹੜੇ ਕਾਫੀ ਮੁੱਦਿਆ ਤੇ ਇਕਸੁਰ ਹਨ, ਅਮਰੀਕਾ ਲਈ ਵੱਡੀ ਚੁਣੌਤੀ ਹੈ। ਕ੍ਰੀਮੀਆ ਦੀ ਤਰ੍ਹਾਂ ਯੂਕਰੇਨ ਦਾ ਪੂਰਬੀ ਹਿੱਸਾ ਵੀ ਬਗਾਵਤ ਕਰਕੇ ਰੂਸ ਨਾਲ ਮਿਲ ਸਕਦਾ ਹੈ। ਤੀਸਰੇ ਯੁੱਧ ਦੀ ਸਥਿਤੀ ‘ਚ ਜੇਕਰ ਯੂਰਪ ਕੇਂਦਰ ਬਣਦਾ ਹੈ ਬਹੁਤ ਸਾਰੇ ਦੇਸ਼ ਅਮਰੀਕਾ ਦਾ ਸਾਥ ਨਹੀਂ ਦੇਣਗੇ। ਇਸੇ ਤਰ੍ਹਾਂ ਏਸ਼ੀਆ ‘ਚ ਚੀਨ, ਮੱਧ ਏਸ਼ੀਆ ‘ਚ ਇਰਾਨ, ਟਰਕੀ, ਸੀਰੀਆ ਵੀ ਰੂਸ ਦਾ ਸਾਥ ਦੇਣਗੇ। ਭਾਰਤ ਨੂੰ ਪਾਕਿਸਤਾਨ ਤੇ ਚੀਨ ਨਾਲ ਕਿਸੇ ਤਰ੍ਹਾਂ ਦੇ ਮਤਭੇਦਾਂ ਕਾਰਨ ਇਸ ਤਨਾਅ ਅੰਦਰ ਅਮਰੀਕਾ ਦਾ ਮੋਹਰਾ ਨਹੀਂ ਬਣਨਾ ਚਾਹੀਦਾ, ਇਸ ਵਿੱਚ ਹੀ ਭਾਰਤ ਦਾ ਭਲਾ ਹੈ।
ਜਗਦੀਸ਼ ਸਿੰਘ ਚੋਹਕਾ – 91-9217997445, 001-403-285-4208 ਕੈਲਗਰੀ (ਕੈਨੇਡਾ)