ਯੂਬਾਸਿਟੀ, 7 ਨਵੰਬਰ (ਹੁਸਨ ਲੜੋਆ ਬੰਗਾ) – ਵਿਸ਼ਵ ਪੱਧਰੀ ਨਗਰ ਕੀਰਤਨ ਵਿੱਚ ਆਪਣਾ ਨਾਂਅ ਸ਼ੁਮਾਰ ਕਰਨ ਵਾਲੇ ਯੂਬਾਸਿਟੀ ਤੋਂ ਸਜਾਏ ਨਗਰ ਕੀਰਤਨ ‘ਚ ਹਰ ਵਰਗ ਦਾ ਵਿਅਕਤੀ ਪਹੁੰਚਿਆ, ਜਿੱਥੇ ਵੱਖ-ਵੱਖ ਪੜਾਵਾਂ ‘ਤੇ ਵੱਖ-ਵੱਖ ਸਮਾਗਮਾਂ ਦਾ ਆਯੋਜਨ ਕੀਤਾ ਗਿਆ। ਇਨ੍ਹਾਂ ਧਾਰਮਿਕ ਸਮਾਗਮਾਂ ‘ਤੇ ਖ਼ਾਸ ਕਰ ਲੰਗਰਾਂ ਦੀ ਸੇਵਾ ਦੀ ਤਿਆਰੀ ਕਰੀਬ ਇਕ ਮਹੀਨੇ ਤੋਂ ਹੋ ਰਹੀ ਸੀ। ਨਗਰ ਕੀਰਤਨ ਤੋਂ ਪਹਿਲਾਂ ਆਤਿਸ਼ਬਾਜ਼ੀ ਕੀਤੀ ਗਈ, ਜਿਸ ਦਾ ਸਿੱਖ ਭਾਈਚਾਰੇ ਦੇ ਨਾਲ-ਨਾਲ ਅਮਰੀਕਨ ਭਾਈਚਾਰੇ ਨੇ ਵੀ ਆਨੰਦ ਮਾਣਿਆ। ਇਨ੍ਹਾਂ ਸਮਾਗਮਾਂ ਦੌਰਾਨ ਅੰਮ੍ਰਿਤ ਸੰਚਾਰ ਹੋਇਆ, ਜਿਸ ਦੌਰਾਨ ਕਕਾਰਾਂ ਦੀ ਸੇਵਾ ਗੁਰੂ ਘਰਾਂ ਵੱਲੋਂ ਕੀਤੀ ਗਈ।
ਇਨ੍ਹਾਂ ਸਮਾਗਮਾਂ ਦੌਰਾਨ ਦਸਮੇਸ਼ ਹਾਲ ਵਿੱਚ ਇਕ ਬਹੁਮੁੱਲੀ ਸੈਮੀਨਾਰ ਕਰਵਾਇਆ ਗਿਆ, ਜਿਸ ਦੌਰਾਨ ਡਾ. ਹਰਸ਼ਿੰਦਰ ਕੌਰ ਤੇ ਇੰਗਲੈਂਡ ਤੋਂ ਇਕਤਿਹਾਰ ਕਰਾਮਤ ਚੀਮਾ ਵਿਸ਼ੇਸ਼ ਤੌਰ ‘ਤੇ ਪਹੁੰਚੇ, ਜਿਨ੍ਹਾਂ ਨੇ ਸਿੱਖ ਧਰਮ ਦੇ ਬੁਨਿਆਦੀ ਅਸੂਲ ‘ਤੇ ਅੱਜ ਦੇ ਸੰਦਰਭ ਵਿੱਚ ਉਨ੍ਹਾਂ ਦੀ ਮਹੱਤਤਾ ਬਾਰੇ ਸ਼ਾਮਿਲ ਸੰਗਤਾਂ ਨੂੰ ਜਾਣੂ ਕਰਵਾਇਆ। ਇਸ ਮੌਕੇ ਡਾ. ਹਰਸ਼ਿੰਦਰ ਕੌਰ ਨੇ ਸਿੱਖੀ ਨੂੰ ਬਚਾਉਣ ਤੇ ਨਸ਼ੇ ‘ਚ ਗੜੁੱਚ ਹੋਏ ਪੰਜਾਬ ਤੇ ਪੰਜਾਬੀ ਜਵਾਨੀ ਬਾਰੇ ਚਿੰਤਾ ਦਾ ਪ੍ਰਗਟਾਵਾ ਕੀਤਾ। ਧਾਰਮਿਕ ਸਮਾਗਮਾਂ ਦੌਰਾਨ ਨਿਸ਼ਾਨ ਸਾਹਿਬ ਦੀ ਸੇਵਾ ਕੀਤੀ ਗਈ। ਰੈਣ ਸੁਬਾਈ ਕੀਰਤਨ ਵਿੱਚ ਪੰਥ ਦੇ ਮਕਬੂਲ ਰਾਗੀ ਜਥਿਆਂ ਨੇ ਆਪਣੀ ਹਾਜ਼ਰੀ ਭਰੀ ਤੇ ਜੋ ਗੁਰਬਾਣੀ ਨਾਲ ਸ਼ਾਮ ੬ ਵਜੇ ਤੋਂ ਸਵੇਰੇ ਇਕ ਵਜੇ ਤੱਕ ਸੰਗਤਾਂ ਨੂੰ ਰੱਬੀ ਬਾਣੀ ਨਾਲ ਜੋੜਦੇ ਰਹੇ। ਇਨ੍ਹਾਂ ਮਹਾਨ ਜਥਿਆਂ ਵਿੱਚ ਭਾਈ ਮਨਜੀਤ ਸਿੰਘ ਪਠਾਨਕੋਟ ਵਾਲੇ, ਭਾਈ ਹਰਚਰਨ ਸਿੰਘ ਖ਼ਾਲਸਾ ਹਜ਼ੂਰੀ ਰਾਗੀ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ, ਭਾਈ ਮਨੋਹਰ ਸਿੰਘ ਦਿੱਲੀ ਵਾਲੇ ਤੇ ਹਜ਼ੂਰੀ ਰਾਗੀ ਗੁਰਦੁਆਰਾ ਸਾਹਿਬ ਯੂਬਾਸਿਟੀ, ਗਿਆਨੀ ਲਖਵਿੰਦਰ ਸਿੰਘ ਸੋਹਲ ਦੇ ਰਾਗੀ ਜਥੇ ਨੇ ਗੁਰੂ ਘਰ ਹਾਜ਼ਰੀ ਭਰੀ।
ਇਨ੍ਹਾਂ ਸਮਾਗਮਾਂ ਤੋਂ ਬਾਅਦ ਐਤਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਇਸ ਤੋਂ ਬਾਅਦ ਕੁੱਝ ਅਮਰੀਕੀ ਉੱਚ ਅਧਿਕਾਰੀਆਂ ਤੇ ਸਿੱਖ ਆਗੂਆਂ ਵੱਲੋਂ ਆਪਣੇ-ਆਪਣੇ ਵਿਚਾਰ ਰੱਖੇ ਗਏ। ਇਨ੍ਹਾਂ ਆਗੂਆਂ ਵਿੱਚ ਅਸੰਬਲੀਮੈਨ, ਸੁਪਰਵਾਈਜ਼ਰ ਰੌਲ ਸਲੰਜਰ, ਸੁਪਰਵਾਈਜ਼ਰ ਲੈਰੀ ਮੂੰਗਰ, ਸੁਪਰਵਾਈਜ਼ਰ ਜਿਮ ਵਿਟਕਰ, ਸੁਪਰਵਾਈਜ਼ਰ ਡੈਨ ਫਲੋਰਸਨ, ਸੁਪਰਵਾਈਜ਼ਰ ਸੈਂਟ ਕੋਨਿੰਟ, ਸੁਪਰਡੈਂਟ ਯੂਬਾ ਸਿਟੀ ਯੂਨਾਫਾਈਡ ਸਕੂਲ ਡਿਸਟ੍ਰਿਕ ਬਲਜਿੰਦਰ ਕੌਰ ਢਿੱਲੋਂ ਤੇ ਮੇਅਰ ਯੂਬਾ ਸਿਟੀ ਸਟੀਵ ਕਲੀਵਲੈਂਡ ਨੇ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਭਰੀ ਤੇ ਸਿੱਖ ਭਾਈਚਾਰੇ ਨੂੰ ਗੁਰਤਾਗੱਦੀ ਦਿਵਸ ‘ਤੇ ਨਗਰ ਕੀਰਤਨ ‘ਤੇ ਵਧਾਈ ਦਿੱਤੀ। ਇਸੇ ਤਰ੍ਹਾਂ ਸਿੱਖ ਭਾਈਚਾਰੇ ਦੇ ਆਗੂਆਂ ਵਿੱਚ ਡਾ. ਅਮਰਜੀਤ ਸਿੰਘ, ਡਾ. ਪ੍ਰਿਤਪਾਲ ਸਿੰਘ, ਡਾ. ਹਰਸ਼ਿੰਦਰ ਕੌਰ, ਡਾ. ਗੁਰਨਾਮ ਸਿੰਘ ਪੰਮਾ, ਡਾ. ਬਖਸ਼ੀਸ਼ ਸਿੰਘ ਸਿੱਖ ਕਾਸਲ, ਸ. ਰੇਸ਼ਮ ਸਿੰਘ, ਸ. ਬੂਟਾ ਸਿੰਘ ਖੜਾਦ, ਸ. ਸਿਮਰਨਜੀਤ ਸਿੰਘ ਮਾਨ ਦਾ ਬੇਟਾ ਸ. ਮਾਨ ਸਿੰਘ ਮਾਨ, ਸ੍ਰੀ ਪਲਵਿੰਦਰ ਸਿੰਘ ਮਾਹੀ, ਸ. ਪ੍ਰਮਿੰਦਰ ਸਿੰਘ ਗਰੇਵਾਲ, ਸ. ਜਸਵੰਤ ਸਿੰਘ ਹੋਠੀ, ਸ. ਜਸਵਿੰਦਰ ਸਿੰਘ ਜੰਡੀ, ਸ. ਸੁਖਵਿੰਦਰ ਸਿੰਘ ਥਾਣਾ ਤੇ ਸੁਖਮਿੰਦਰ ਸਿੰਘ ਹੰਸਰਾ ਆਦਿ ਨੇ ਆਪਣੇ-ਆਪਣੇ ਵਿਚਾਰ ਰੱਖੇ।
ਸਟੇਜ ਦੀ ਕਾਰਵਾਈ ਸ. ਗੁਰਮੇਜ ਸਿੰਘ ਗਿੱਲ ਨੇ ਧਾਰਮਿਕ ਮਰਿਆਦਾ ਤੇ ਠਰ੍ਹੰਮੇ ਨਾਲ ਨਿਭਾਈ। ਇਸ ਵਾਰ ਨਗਰ ਕੀਰਤਨ ‘ਤੇ ਵਿਸ਼ੇਸ਼ ਸੋਵੀਨਾਰ ਵੀ ਕੱਢਿਆ ਗਿਆ, ਜਿਸ ਨੂੰ ਹਜ਼ਾਰਾਂ ਸੰਗਤਾਂ ਦੀ ਹਾਜ਼ਰੀ ‘ਚ ਪ੍ਰਬੰਧਕਾਂ ਵੱਲੋਂ ਦੀਵਾਨ ਹਾਲ ‘ਚ ਰਿਲੀਜ਼ ਕਰਕੇ ਸੰਗਤਾਂ ਨੂੰ ਸਮਰਪਿਤ ਕੀਤਾ ਤੇ ਬਾਅਦ ‘ਚ ਹਜ਼ਾਰਾਂ ਦੀ ਤਦਾਦ ਵਿੱਚ ਸੰਗਤਾਂ ਨੂੰ ਮੁਫ਼ਤ ਵੰਡਿਆ ਗਿਆ। ਸਵੇਰੇ ਅਮਰੀਕਨ ਤੇ ਸਿੱਖ ਆਗੂਆਂ ਨੂੰ ਦਿੱਤੇ ਸਨਮਾਨਾਂ ਤੋਂ ਬਾਅਦ ਅਰਦਾਸ ਹੋਣ ਬਾਅਦ ਨਗਰ ਕੀਰਤਨ ਦੀ ਆਰੰਭਤਾ ਹੋਈ, ਜਿਸ ਦੀ ਅਗਵਾਈ ਪੰਜਾਂ ਪਿਆਰਿਆਂ ਤੋਂ ਇਲਾਵਾ ਅਮਰੀਕਨ ਸਮੁੰਦਰੀ ਸੈਨਾ ਤੇ ਹਵਾਈ ਸੈਨਾ ਦੀ ਟੁਕੜੀ ਨੇ ਬੈਂਡ ਤੇ ਪਰੇਡ ਨਾਲ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਇਕ ਵੱਡੇ ਸ਼ਿੰਗਾਰੇ ਫਲੋਟ ਵਿੱਚ ਸੁਸ਼ੋਭਿਤ ਕਰਕੇ ਤੇ ਕੀਰਤਨ ਕਰਕੇ ਯੂਬਾਸਿਟੀ ਨਗਰ ਵਿੱਚ ਕੱਢਿਆ ਗਿਆ, ਜਿਸ ਨੂੰ ਹਜ਼ਾਰਾਂ ਸੰਗਤਾਂ ਨੇ ਨਮਸਕਾਰ ਕੀਤਾ ਤੇ ਜੈਕਾਰਿਆਂ ਨਾਲ ਜਿਵੇਂ ਅਸਮਾਨ ਗੂੰਜ ਉੱਠਿਆ ਹੋਵੇ। ਇਸ ਨਗਰ ਕੀਰਤਨ ਵਿੱਚ ਵੱਖ-ਵੱਖ ਫਲੋਟਾਂ ਨੇ ਨਗਰ ਕੀਰਤਨ ਦੀ ਸ਼ਾਨ ਨੂੰ ਚਾਰ ਚੰਨ ਲਗਾਏ। ਕੁੱਝ ਫਲੋਟਾਂ ਦੀ ਅਗਵਾਈ ਕੁੱਝ ਸਿਆਸੀ ਤੇ ਸਮਾਜਿਕ ਆਗੂ ਕਰ ਰਹੇ ਸਨ। ਵੱਖ-ਵੱਖ ਤਰ੍ਹਾਂ ਦੇ ਪਕਵਾਨਾਂ ਤੇ ਲੰਗਰਾਂ ਦਾ ਸੰਗਤਾਂ ਵਿੱਚ ਸ਼ਾਮਿਲ ਹਰ ਵਰਗ ਦੇ ਲੋਕਾਂ ਨੇ ਅਨੰਦ ਲਿਆ। ਭਾਰੀ ਗਿਣਤੀ ਵਿੱਚ ਲੋਕਾਂ ਨੇ ਗੁਰਦੁਆਰੇ ਅੱਗੇ ਬਣਾਈ ਗਈ ਆਰਜ਼ੀ ਮਾਰਕੀਟ ਤੋਂ ਭਾਰੀ ਖ਼ਰੀਦੋ-ਫ਼ਰੋਖ਼ਤ ਵੀ ਕੀਤੀ। ਮਾਹੌਲ ਤਲਖ਼ੀ ਵਾਲਾ ਹੋਣ ਦੇ ਬਾਵਜੂਦ ਵੀ ਸੁੱਖ-ਸਾਂਦ ਰਿਹਾ, ਇਹ ਪ੍ਰਬੰਧਕਾਂ ਦੀ ਪ੍ਰਾਪਤੀ ਹੈ। ਸੰਗਤਾਂ ਨੂੰ ਪੁਲਿਸ ਵੱਲੋਂ ਟ੍ਰੈਫਿਕ ਕੰਟਰੋਲ ਕਰਨ ਲਈ ਰੋਕੇ ਜਾਣ ‘ਤੇ ਗੁਰਦੁਆਰੇ ਤੱਕ ਪਹੁੰਚਣ ਲਈ ਕੁੱਝ ਦਿੱਕਤਾਂ ਜ਼ਰੂਰ ਆਈਆਂ।