ਪ੍ਰੋ. ਕੁਲਬੀਰ ਸਿੰਘ
ਰਵੀਸ਼ ਕੁਮਾਰ ਭਾਰਤੀ ਮੀਡੀਆ ਦਾ ਵੱਡਾ ਨਾਂ ਹੈ। ਭਾਰਤੀ ਟੈਲੀਵਿਜ਼ਨ ਦਾ ਵੱਡਾ ਚਿਹਰਾ ਹੈ। ਮੀਡੀਆ ਦੀ ਜਾਣੀ-ਪਛਾਣੀ ਹਸਤੀ ਹੈ। ਉਹ ਬੋਲਣ ਦੇ ਨਾਲ ਕੁਝ ਨਾ ਕੁਝ ਲਿਖਦਾ ਵੀ ਰਹਿੰਦਾ ਹੈ। ਕਦੇ ਕਵਿਤਾ ਰਾਹੀਂ, ਕਦੇ ਵਾਰਤਕ ਰਾਹੀਂ।
‘The Free Voice’ ਦਾ ਤਰਜਮਾ ਵੱਖ-ਵੱਖ ਭਾਸ਼ਾਵਾਂ ਵਿਚ ਹੋ ਰਿਹਾ ਹੈ। ਭਾਰਤ ਵਿਚ ਲੋਕਤੰਤਰ ਦੀ, ਸਭਿਆਚਾਰ ਦੀ ਕੀ ਸਥਿਤੀ ਹੈ। ਰਵੀਸ਼ ਕੁਮਾਰ ਇਸਤੇ ਖੁੱਲ੍ਹ ਕੇ ਬੋਲਦਾ ਹੈ। ਮੀਡੀਆ ਦੀ, ਨਿਊਜ਼ ਚੈਨਲਾਂ ਦੀ ਕਾਰਗੁਜ਼ਾਰੀ ਦੀਆਂ ਪਰਤਾਂ ਫਿਰੋਲਦਿਆਂ ਬੇਬਾਕ ਉਹ ਸਭ ਕੁਝ ਕਹਿੰਦਾ, ਲਿਖਦਾ ਹੈ ਜਿਸਨੂੰ ਕਹਿਣ ਲਿਖਣ ਤੋਂ ਬਹੁਤੇ ਗਰੇਜ਼ ਕਰਦੇ ਹਨ। ਉਸਦੇ ਦਰਸ਼ਕ, ਉਸਦੇ ਪਾਠਕ ਇਹ ਸਭ ਜਾਣਦੇ ਹਨ।
‘The Free Voice’ ਕਿਤਾਬ ਉਹ ਸ਼ੀਸ਼ਾ ਹੈ ਜਿਸ ਵਿਚੋਂ ਤੁਸੀਂ ਭਾਰਤ ਦੀਆਂ ਗੁੰਝਲਦਾਰ ਸਮਾਜਕ ਹਕੀਕਤਾਂ ਅਤੇ ਲੋਕਤੰਤਰ ਲਈ ਪੈਦਾ ਹੋਈਆਂ ਚੁਣੌਤੀਆਂ ਨੂੰ ਆਸਾਨੀ ਨਾਲ ਵੇਖ ਸਕਦੇ ਹੋ। ਸਮਝ ਸਕਦੇ ਹੋ। ਉਹ ਨਿਡਰ ਰਿਪੋਰਟਿੰਗ ਅਤੇ ਤਿੱਖੀਆਂ ਸਿਆਸੀ ਟਿੱਪਣੀਆਂ ਕਾਰਨ ਜਾਣਿਆਂ ਜਾਂਦਾ ਹੈ। ਸੱਚ ਬੋਲਣ ਕਰਕੇ ਉਹ ਅਕਸਰ ਕਈ ਲੋਕਾਂ ਦੇ ਨਿਸ਼ਾਨੇ ʼਤੇ ਰਹਿੰਦਾ ਹੈ। ਇਸ ਪੁਸਤਕ ਰਾਹੀਂ ਉਸਨੇ ਨਿੱਜੀ ਤਜ਼ਰਬਿਆਂ ਦੇ ਆਧਾਰ ʼਤੇ ਸਿੱਧ ਕੀਤਾ ਹੈ ਕਿ ਭਾਰਤੀ ਲੋਕਤੰਤਰ ਨੂੰ ਕਿੱਥੇ-ਕਿੱਥੇ ਕਿਵੇਂ ਕਿੰਨਾ ਖਤਰਾ ਹੈ।
ਉਸਨੇ ਪਾਠਕਾਂ ਨੂੰ ਸਫ਼ਲਤਾਪੂਰਵਕ ਦੱਸਿਆ ਹੈ ਕਿ ਸੱਚ ਬੋਲਣ ਦੀ ਉਸਨੂੰ ਕਿੰਨੀ ਕੀਮਤ ਚੁਕਾਉਣੀ ਪਈ ਹੈ। ਉਸਦੇ ਜੀਵਨ ਨੂੰ ਕਿੰਨਾ ਖ਼ਤਰਾ ਹੈ ਅਤੇ ਰੋਜ਼ਾਨਾ ਕਿੰਨੇ ਤਰ੍ਹਾਂ-ਤਰ੍ਹਾਂ ਦੇ ਹਮਲਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ਹਾਲਾਤਾਂ ਦੌਰਾਨ ਉਸਨੇ ਲਗਾਤਾਰ ਇਹ ਦੱਸਣਾ ਕਿਵੇਂ ਜਾਰੀ ਰੱਖਿਆ ਕਿ ਲੋਕਤੰਤਰ ਦੀ ਸੁਰੱਖਿਆ ਲਈ ਸਵਾਲ ਪੁੱਛਣਾ ਕਿਉਂ ਅਤੇ ਕਿੰਨਾ ਜ਼ਰੂਰੀ ਹੈ।
ਪੁਸਤਕ ਵਿਚ ਸਿਆਸੀ-ਕਾਰਪੋਰੇਟ-ਮੀਡੀਆ ਗੱਠਜੋੜ ਦਾ ਪਰਦਾ ਫਾਸ਼ ਕਰਦਿਆਂ ਦੱਸਿਆ ਗਿਆ ਹੈ ਕਿ ਮੀਡੀਆ ਕਿਵੇਂ ਸਰਕਾਰੀ ਪ੍ਰਚਾਰ ਵਿਚ ਰੁੱਝਿਆ ਹੋਇਆ ਹੈ। ਕਿਵੇਂ ਜਾਅਲੀ ਖ਼ਬਰਾਂ ਅਤੇ ਝੂਠੀ ਜਾਣਕਾਰੀ ਫੈਲਾਈ ਜਾ ਰਹੀ ਹੈ। ਕਿਵੇਂ ਉਲਾਰ ਤੇ ਸਨਸਨੀਖੇਜ਼ ਬਹਿਸਾਂ ਕਰਵਾ ਕੇ ਲੋਕਾਂ ਦੇ ਮਨਾਂ ਅੰਦਰ ਫਿਰਕੂ ਨਫ਼ਰਤ ਭਰੀ ਜਾ ਰਹੀ ਹੈ। ਵੱਟਸਐਪ ਅਤੇ ਸ਼ੋਸ਼ਲ ਮੀਡੀਆ ʼਤੇ ਰੁੱਝੇ ਲੋਕ ਕਿਵੇਂ ਸੋਚਣਾ ਅਤੇ ਕੌਮੀ ਮੁੱਦਿਆਂ ʼਤੇ ਪ੍ਰਤੀਕਰਮ ਦੇਣਾ ਭੁੱਲ ਗਏ ਹਨ।
ਕਿਸੇ ਧਰਮ, ਕਿਸੇ ਸਮਾਜ, ਕਿਸੇ ਭਾਈਚਾਰੇ ਨੂੰ ਨਿਸ਼ਾਨਾ ਬਨਾਉਣ ਲਈ ਕਿਵੇਂ ਵੱਟਸਐਪ ਗਰੁੱਪ ਬਣਾਏ ਜਾਂਦੇ ਹਨ। ਕਿਵੇਂ ਮੀਡੀਆ ਅਤੇ ਬੋਲਣ ਵਾਲਿਆਂ ਅੰਦਰ ਡਰ ਭਰਿਆ ਜਾ ਰਿਹਾ ਹੈ। ਕਿਵੇਂ ਉਸਾਰੂ ਆਲੋਚਨਾ ਨੂੰ ਹਾਸ਼ੀਏ ʼਤੇ ਧਕੇਲ ਦਿੱਤਾ ਗਿਆ ਹੈ। ਧਰਮ ਅਤੇ ਰਾਸ਼ਟਰਵਾਦ ਦੇ ਨਾਂ ʼਤੇ ਕਿਵੇਂ ਪੱਤਰਕਾਰਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ।
ਉਹ ਇਸ ਪੁਸਤਕ ਰਾਹੀਂ ਇਕ ਪਾਸੇ ਸਮਾਜਕ ਯਥਾਰਥ ਨੂੰ ਲੋਕਾਂ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹੈ। ਦੂਸਰੇ ਪਾਸੇ ਦੇਸ਼ ਵਾਸੀਆਂ ਨੂੰ, ਦਰਪੇਸ਼ ਚੁਣੌਤੀਆਂ ਪ੍ਰਤੀ ਚੌਕਸ ਵੀ ਕਰ ਰਿਹਾ ਹੈ। ਉਹ ਸੋਚਣ, ਪੜ੍ਹਨ ਤੇ ਬੋਲਣ ਦਾ ਹੋਕਾ ਦਿੰਦਾ ਹੈ। ਧਰਮ ਦੇ ਨਾਂ ʼਤੇ ਟੈਲੀਵਿਜ਼ਨ ʼਤੇ ਕੀਤੀਆਂ ਜਾ ਰਹੀਆਂ ਬਹਿਸਾਂ ʼਤੇ ਤਿੱਖੇ ਵਿਅੰਗ ਕਰਦਾ ਹੈ।
ਮੈਂ ਜਦੋਂ ਉਸਦੀ ਇਹ ਕਿਤਾਬ ਪੜ੍ਹ ਰਿਹਾ ਸਾਂ ਤਾਂ ਸ਼ੋਸ਼ਲ ਮੀਡੀਆ ʼਤੇ ਇਕ ਖ਼ਬਰ ਤੁਰਦੀ ਹੈ। ਤੁਰਦੀ ਤੁਰਦੀ ਫੈਲ ਜਾਂਦੀ ਹੈ। ਤਸਦੀਕ ਲਈ ਮੈਂ ਖ਼ਬਰ ਦੇ ਹੋਰਨਾਂ ਸਰੋਤਾਂ ਵੱਲ ਵੱਧਦਾ ਹਾਂ। ਖ਼ਬਰ ਸਹੀ ਸੀ , ਪਰ ਖ਼ਬਰ ਵਿਚ ਕਈ ਘੁੰਢੀਆਂ ਸਨ। ਹਰ ਕੋਈ ਆਪਣੇ-ਆਪਣੇ ਢੰਗ ਨਾਲ ਖ਼ਬਰ ਨਸ਼ਰ ਕਰ ਰਿਹਾ ਸੀ। ਆਪਣੇ ਆਪਣੇ ਢੰਗ ਨਾਲ ਵਿਆਖਿਆ ਕਰ ਰਿਹਾ ਸੀ ਅਤੇ ਸਵਾਲ ਇਹ ਉਭਾਰਦਾ ਸੀ ਕਿ ਹੁਣ ਰਵੀਸ਼ ਕੁਮਾਰ ਦਾ ਕੀ ਹੋਵੇਗਾ?
ਖ਼ਬਰ ਨੂੰ ਇਸ ਤਰੀਕੇ ਨਾਲ ਉਛਾਲਿਆ ਗਿਆ ਕਿ ਗੌਤਮ ਅਡਾਨੀ ਨੇ ਐਨ.ਡੀ.ਟੀ.ਵੀ. ਖ਼ਰੀਦ ਲਿਆ ਹੈ। ਹਣ ਚੈਨਲ ਦੀ ਸੰਪਾਦਕੀ ਨੀਤੀ ਅਤੇ ਰਵੀਸ਼ ਦੇ ਪ੍ਰਾਈਮ ਟਾਈਮ ਦਾ ਕੀ ਹੋਵੇਗਾ?
ਦਰਅਸਲ ਕੁਝ ਦੇਰ ਪਹਿਲਾਂ ਇਕ ਰਿਪੋਰਟ ਛਪੀ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਰੀਬੀ ਮੰਨੇ ਜਾਣ ਵਾਲੇ ਪ੍ਰਸਿੱਧ ਵਿਉਪਾਰੀ ਅਡਾਨੀ ਦੀ ਕੰਪਨੀ ਐਨ.ਡੀ.ਟੀ.ਵੀ. 29.18 ਫ਼ੀਸਦੀ ਹਿੱਸੇਦਾਰੀ ਖਰੀਦਣ ਜਾ ਰਹੀ ਹੈ। ਹੁਣ ਇਹ ਖ਼ਬਰ ਆਈ ਹੈ ਕਿ ਇਹ ਹਿੱਸੇਦਾਰੀ ਖਰੀਦ ਲਈ ਗਈ ਹੈ ਅਤੇ ਬਾਕੀ 26 ਫ਼ੀਸਦੀ ਹਿੱਸੇਦਾਰੀ ਖਰੀਦਣ ਲਈ ਖੁਲ੍ਹੀ ਪੇਸ਼ਕਸ਼ ਵੀ ਕਰ ਦਿੱਤੀ ਗਈ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਬਿਨਾਂ ਸ਼ੱਕ ਅਡਾਨੀ ਐਨ.ਡੀ.ਟੀ.ਵੀ. ਦੇ ਮਾਲਕ ਬਣ ਜਾਣਗੇ।
ਇਹ ਖਰੀਦ ਸਿੱਧੇ ਤੌਰ ʼਤੇ ਅਡਾਨੀ ਗਰੁੱਪ ਵੱਲੋਂ ਨਹੀਂ ਕੀਤੀ ਗਈ ਬਲਕਿ ਵੀ ਸੀ ਪੀ ਐਲ ਵੱਲੋਂ ਕੀਤੀ ਗਈ ਹੈ ਜੋ ਏ ਐਮ ਜੀ ਮੀਡੀਆ ਨੈਟਵਰਕ ਦੀ ਸਹਾਇਕ ਕੰਪਨੀ ਹੈ, ਜਿਸ ʼਤੇ ਅਡਾਨੀ ਐਂਟਰਪ੍ਰਾਈਜ਼ਜ਼ ਦੀ ਮਾਲਕੀ ਹੈ।
ਐਨ.ਡੀ.ਟੀ.ਵੀ. ਦੇ ਤਿੰਨ ਮੁੱਖ ਚੈਨਲ ਚਲ ਰਹੇ ਹਨ। ਇਕ ਵੈਬਸਾਈਟ ਹੈ ਅਤੇ ਇਕ ਯੂ ਟਿਊਬ ਚੈਨਲ ਹੈ। ਰਵੀਸ਼ ਕੁਮਾਰ ਇਸ ਸੰਸਥਾ ਨਾਲ ਜੁੜਿਆ ਸਟਾਰ ਐਂਕਰ ਹੈ।
ਸਾਲ ਭਰ ਤੋਂ ਅਜਿਹੀਆਂ ਖ਼ਬਰਾਂ ਦੀ ਸਰਸਰਾਹਟ ਸੀ। ਉਦੋਂ ਤੋਂ ਰਵੀਸ਼ ਕੁਮਾਰ ਆਪਣੇ ਘਰ ਤੋਂ ਪ੍ਰਾਈਮ ਟਾਈਮ ਪ੍ਰੋਗਰਾਮ ਕਰ ਰਹੇ ਹਨ। ਭਾਵੇਂ ਘਰੋਂ ਪ੍ਰੋਗਰਾਮ ਕਰਨ ਨੂੰ ਕੋਵਿਡ ਨਾਲ ਜੋੜਿਆ ਜਾ ਰਿਹਾ ਹੈ। ਪਰੰਤੂ ਹੁਣ ਤਾਂ ਟੈਲੀਵਿਜ਼ਨ ਚੈਨਲਾਂ ਦੇ ਸਟੂਡੀਓ ਵਿਚ ਕੰਮਕਾਰ ਆਮ ਵਾਂਗ ਚਲ ਰਿਹਾ ਹੈ।
ਰਵੀਸ਼ ਕੁਮਾਰ ਨੂੰ ਜਿਸਦਾ ਡਰ ਸੀ ਉਹ ਹੋ ਗਿਆ ਹੈ। ਅਡਾਨੀ ਦੇ ਮੀਡੀਆ ਗਰੁੱਪ ਨੇ ਅਸਿੱਧੇ ਢੰਗ ਨਾਲ ਉਪਰੋਕਤ ਹਿੱਸੇਦਾਰੀ ਖਰੀਦ ਲਈ ਹੈ। ਨੇੜ-ਭਵਿੱਖ ਵਿਚ ਇਸਦੇ ਕੀ ਪ੍ਰਭਾਵ ਪੈਣਗੇ ਇਹ ਸਮੇਂ ਨਾਲ ਸਾਹਮਣੇ ਆਏਗਾ।
29.18 ਫ਼ੀਸਦੀ ਹਿੱਸੇਦਾਰੀ ਖਰੀਦਣ ਦਾ ਅਰਥ ਨਹੀਂ ਕਿ ਚੈਨਲ ਦੀ ਸੰਪਾਦਕੀ ਨੀਤੀ ਉਸਦੇ ਹੱਥ ਆ ਗਈ ਹੈ। ਪਰ ਇਕ ਗੱਲ ਸਾਫ਼ ਹੈ ਕਿ ਅਡਾਨੀ ਗਰੁੱਪ ਨੇ ਮੀਡੀਆ ਖੇਤਰ ਵਿਚ ਸਰਗਰਮੀ ਵਧਾ ਦਿੱਤੀ ਹੈ।
ਓਧਰ ਐਨ.ਡੀ.ਟੀ.ਵੀ. ਨੇ ਆਪਣੀ ਵੈਬਸਾਈਟ ʼਤੇ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਸਾਡੇ ਨਾਲ ਚਰਚਾ ਤੋਂ ਬਗ਼ੈਰ, ਓਹਲਾ ਰੱਖ ਕੇ ਇਹ ਹਿੱਸੇਦਾਰੀ ਖਰੀਦੀ ਗਈ ਹੈ। ਦਰਅਸਲ ਇਹ ਹਿੱਸੇਦਾਰੀ ਵੀ.ਸੀ.ਪੀ.ਐਲ. ਨੇ ਇਕ ਲੋਨ ਸਮਝੌਤੇ ਦੇ ਆਧਾਰ ʼਤੇ ਖਰੀਦੀ ਹੈ ਜਿਹੜਾ 2009-10 ਵਿਚ ਹੋਇਆ ਸੀ।
ਐਨ.ਡੀ.ਟੀ.ਵੀ. ਨੇ ਅੱਗੇ ਲਿਖਿਆ ਕਿ ਇਹ ਹਿੱਸੇਦਾਰੀ ਖਰੀਦਣ ਲੱਗਿਆਂ ਸਾਡੀ ਸਹਿਮਤੀ ਨਹੀਂ ਲਈ ਗਈ। ਐਨ.ਡੀ.ਟੀ.ਵੀ. ਪੱਤਰਕਾਰੀ ਨਾਲ ਕਦੇ ਵੀ ਸਮਝੌਤਾ ਨਹੀਂ ਕਰ ਸਕਦਾ ਅਤੇ ਇਹ ਅੱਜ ਵੀ ਉਸੇ ਮਾਣਮੱਤੀ ਪੱਤਰਕਾਰੀ ਨਾਲ ਖੜਾ ਹੈ।
Columns ਰਵੀਸ਼ ਨੂੰ ਪੜ੍ਹਦਿਆਂ ਅਡਾਨੀ ਦੀ ਆਮਦ