ਸਰੀ, 18 ਸਤੰਬਰ (ਹਰਦਮ ਮਾਨ) – ਵੈਨਕੂਵਰ ਵਿਚਾਰ ਮੰਚ ਵੱਲੋਂ ਜਰਨੈਲ ਆਰਟ ਗੈਲਰੀ ਅਤੇ ਗੁਰਦੀਪ ਆਰਟਸ ਅਕੈਡਮੀ ਦੇ ਸਹਿਯੋਗ ਨਾਲ ਰਾਜਿੰਦਰ ਸਿੰਘ ਪੰਧੇਰ ਦੀ ਪੁਸਤਕ ‘ਮੈਨੂੰ ਸੈਕਲ ਵਾਲੀ ਬਹੂ ਨ੍ਹੀਂ ਚਾਹੀਦੀ’ ਲੋਕ ਅਰਪਣ ਕਰਨ ਲਈ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ, ਇੰਦਰਜੀਤ ਕੌਰ ਸਿੱਧੂ, ਰਾਜਿੰਦਰ ਸਿੰਘ ਪੰਧੇਰ ਅਤੇ ਕਿਰਪਾਲ ਸਿੰਘ ਪੰਧੇਰ ਨੇ ਕੀਤੀ।
ਸਮਾਗਮ ਦਾ ਆਗਾਜ਼ ਮੰਚ ਦੇ ਪ੍ਰਧਾਨ ਜਰਨੈਲ ਸਿੰਘ ਆਰਟਿਸਟ ਦੇ ਸਵਾਗਤੀ ਸ਼ਬਦਾਂ ਨਾਲ ਹੋਇਆ। ਉਨ੍ਹਾਂ ਮੰਚ ਦੇ ਉਦੇਸ਼ ਅਤੇ ਕਾਰਜ ਬਾਰੇ ਸੰਖੇਪ ਵਿਚ ਜਾਣਕਾਰੀ ਦਿੱਤੀ। ਮੰਚ ਸੰਚਾਲਕ ਮੋਹਨ ਗਿੱਲ ਨੇ ਕਿਹਾ ਕਿ ‘ਮੈਨੂੰ ਸੈਕਲ ਵਾਲੀ ਬਹੂ ਨ੍ਹੀਂ ਚਾਹੀਦੀ’ ਪੁਸਤਕ ਵਿਚ ਵੱਖ ਵੱਖ ਵਿਸ਼ਿਆਂ ਉਪਰ ਛੋਟੇ ਛੋਟੇ ਲੇਖ ਹਨ ਅਤੇ ਇਨ੍ਹਾਂ ਲੇਖਾਂ ਨੂੰ ਉਦਾਹਰਣਾਂ ਅਤੇ ਕਹਾਣੀਆਂ ਨਾਲ ਰੌਚਿਕ ਰੂਪ ਵਿਚ ਪੇਸ਼ ਕੀਤਾ ਗਿਆ ਹੈ। ਹਰਚੰਦ ਸਿੰਘ ਬਾਗੜੀ ਨੇ ਰਾਜਿੰਦਰ ਸਿੰਘ ਪੰਧੇਰ ਦੀ ਸ਼ਖ਼ਸੀਅਤ ਬਾਰੇ ਸੰਖੇਪ ਵਿਚ ਗੱਲਬਾਤ ਕੀਤੀ ਅਤੇ ਕਿਹਾ ਕਿ ਇਸ ਪੁਸਤਕ ਵਿੱਚੋਂ ਰਾਜਿੰਦਰ ਸਿੰਘ ਪੰਧੇਰ ਦੀ ਸਵੈ-ਜੀਵਨੀ ਦੀ ਝਲਕ ਪੈਂਦੀ ਹੈ। ਇਹ ਪੁਸਤਕ ਨੌਜਵਾਨਾਂ ਅਤੇ ਵੱਡੀ ਉਮਰ ਦੇ ਪਾਠਕਾਂ ਲਈ ਪੜ੍ਹਨਯੋਗ ਹੈ।
ਮਨਜੀਤ ਕੰਗ ਨੇ ਕਿਹਾ ਕਿ ਇਸ ਪੁਸਤਕ ਵਿਚ ਲੇਖਕ ਨੇ ਆਪਣੇ ਜੀਵਨ ਦੇ ਕੀਮਤੀ ਅਤੇ ਯਾਦਗਾਰੀ ਪਲਾਂ ਨੂੰ ਬਹੁਤ ਹੀ ਸਰਲ ਅਤੇ ਰੌਚਿਕ ਸ਼ਬਦਾਵਲੀ ਰਾਹੀ ਪਰੋਇਆ ਹੈ। ਇਸ ਵਿਚ ਸਾਡੇ ਸਮਾਜਿਕ ਸਰੋਕਾਰਾਂ ਅਤੇ ਵਿਸਰਦੇ ਜਾ ਰਹੇ ਅਹਿਸਾਸਾਂ ਨੂੰ ਮਾਣਨ ਅਤੇ ਮਹਿਸੂਸ ਕਰਨ ਦੀ ਬਹੁਤ ਹੀ ਸ਼ਲਾਘਾਯੋਗ ਕੋਸ਼ਿਸ਼ ਕੀਤੀ ਗਈ ਹੈ। ਡਾ. ਪਿਰਥੀਪਾਲ ਸਿੰਘ ਸੋਹੀ ਨੇ ਲੇਖਕ ਨਾਲ ਆਪਣੀ ਸਾਂਝ ਦਾ ਜ਼ਿਕਰ ਕੀਤਾ ਅਤੇ ਇਸ ਕਿਤਾਬ ਦੀ ਅਹਿਮੀਅਤ ਬਾਰੇ ਕਿਹਾ ਕਿ ਇਹ ਕਿਤਾਬ ਇਤਿਹਾਸਕ ਪੱਖ ਤੋਂ ਨੌਜਵਾਨਾਂ ਲਈ ਅਤੇ ਯਾਦਗਾਰੀ ਪੱਖ ਤੋਂ ਬਜ਼ੁਰਗਾਂ ਲਈ ਬਹੁਤ ਮਹੱਤਵਪੂਰਨ ਹੈ। ਇਸ ਵਿੱਚ 50 ਸਾਲ ਪਹਿਲਾਂ ਦੇ ਪੰਜਾਬ ਦਾ ਇਤਿਹਾਸ, ਸਭਿਆਚਾਰ, ਬੋਲੀ ਅਤੇ ਲੋਕਾਂ ਦਾ ਰਹਿਣ ਸਹਿਣ ਦੀ ਖੂਬਸੂਰਤ ਪੇਸ਼ਕਾਰੀ ਹੈ।
ਪ੍ਰਿੰ. ਮਲੂਕ ਚੰਦ ਕਲੇਰ ਨੇ ਪੁਸਤਕ ਰਾਹੀਂ ਉੱਭਰ ਕੇ ਸਾਹਮਣੇ ਆਈਆਂ ਕਦਰਾਂ ਕੀਮਤਾਂ ਅਤੇ ਲੇਖਕ ਲਈ ਕਲਪਨਾ ਦੀ ਮਹੱਤਤਾ ਦੀ ਗੱਲ ਕੀਤੀ। ਜਰਨੈਲ ਸਿੰਘ ਸੇਖਾ ਨੇ ਕਿਹਾ ਕਿ ਰਾਜਿੰਦਰ ਸਿੰਘ ਪੰਧੇਰ ਦੀ ਇਹ ਖੂਬੀ ਹੈ ਕਿ ਇਨ੍ਹਾਂ ਲੇਖਾਂ ਨੂੰ ਹਾਸ ਵਿਅੰਗ ਦੀ ਚਾਸ਼ਣੀ ਨਾਲ ਬਹੁਤ ਹੀ ਦਿਲਚਸਪ ਬਣਾਇਆ ਗਿਆ ਹੈ। ਪੁਸਤਕ ਲਈ ਇੰਦਰਜੀਤ ਕੌਰ ਸਿੱਧੂ, ਪ੍ਰੋ. ਗੁਰਨਾਮ ਸਿੰਘ ਸੰਘੇੜਾ ਅਤੇ ਹਰਮਨ ਪੰਧੇਰ ਨੇ ਰਾਜਿੰਦਰ ਸਿੰਘ ਪੰਧੇਰ ਨੂੰ ਇਸ ਪੁਸਤਕ ਲਈ ਵਧਾਈ ਦਿੱਤੀ। ਅੰਤ ਵਿਚ ਰਾਜਿੰਦਰ ਸਿੰਘ ਪੰਧੇਰ ਨੇ ਸਾਮਗਮ ਵਿਚ ਹਾਜਰ ਸਭਨਾਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ।
Home Page ਰਾਜਿੰਦਰ ਸਿੰਘ ਪੰਧੇਰ ਦੀ ਪੁਸਤਕ ‘ਮੈਨੂੰ ਸੈਕਲ ਵਾਲੀ ਬਹੂ ਨ੍ਹੀਂ ਚਾਹੀਦੀ’ ਦਾ...