
ਅੰਮ੍ਰਿਤਸਰ, 7 ਮਈ (ਡਾ. ਚਰਨਜੀਤ ਸਿੰਘ ਗੁਮਟਾਲਾ) – ਪੰਜਾਬ ਵਿੱਚ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਵੱਲੋਂ ਸਰਕਾਰੀ ਜਾਇਦਾਦਾਂ ਦੇ ਨਜਾਇਜ਼ ਕਬਜ਼ਿਆਂ ਨੂੰ ਛਡਾਉਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਦਾ ਅੰਮ੍ਰਿਤਸਰ ਵਿਕਾਸ ਮੰਚ (ਰਜਿ.) ਨੇ ਸੁਆਗਤ ਕਰਦੇ ਹੋਏ ਮਹਾਰਾਜਾ ਰਣਜੀਤ ਸਿੰਘ ਦੀ ਗਰਮੀਆਂ ਦੀ ਰਾਜਧਾਨੀ ਇਤਿਹਾਸਕ ਰਾਮ ਬਾਗ਼ ਨੂੰ ਵੀ ਨਜਾਇਜ਼ ਕਬਜ਼ਿਆਂ ਤੋਂ ਛੁਟਕਾਰਾ ਦਿਵਾਉਣ ਦੀ ਮੰਗ ਕੀਤੀ ਹੈ। ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ, ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ, ਪ੍ਰਿੰਸੀਪਲ ਸਕੱਤਰ ਸਥਾਨਕ ਸਰਕਾਰ ਸ੍ਰੀ ਵਿਵੇਕ ਪ੍ਰਤਾਪ ਸਿੰਘ ਆਈ ਏ ਐਸ, ਮੇਅਰ ਸ. ਕਰਮਜੀਤ ਸਿੰਘ ਰਿੰਟੂ , ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਤੇ ਸ੍ਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਵਿਧਾਇਕ ਜਿਨ੍ਹਾਂ ਦੇ ਇਲਾਕੇ ਵਿਚ ਰਾਮ ਬਾਗ਼ ਆਉਂਦਾ ਹੈ ਨੂੰ ਲਿਖੇ ਪੱਤਰ ਵਿਚ ਕਿਹਾ ਹੈ ਕਿ ਰਾਮ ਬਾਗ਼ ਬਾਰੇ ਭਾਰਤ ਦੇ ਰਾਸ਼ਟਰਪਤੀ ਅਤੇ ਪੰਜਾਬ ਦੇ ਗਵਰਨਰ ਦਰਮਿਆਨ 4 ਦਸੰਬਰ 2018 ਨੂੰ ਹੋਏ ਸਮਝੌਤੇ ਅਧੀਨ ਇਸ ਬਾਗ਼ ਵਿਚੋਂ ਮਹਾਰਾਜਾ ਰਣਜੀਤ ਸਿੰਘ ਵੱਲੋਂ ਉਸਾਰੀਆਂ ਇਮਾਰਤਾਂ ਨੂੰ ਛੱਡ ਕਿ ਬਾਕੀ ਉਸਾਰੀਆਂ ਜਿਨ੍ਹਾਂ ਵਿਚ ਨਗਰ ਨਿਗਮ ਦਾ ਐਸ.ਡੀ. ਓ. ਦਫ਼ਤਰ, ਖਾਣ ਪੀਣ ਵਾਲਾ ਖੋਖਾ, ਲਾਅਨ ਟੈਨਿਸ ਤੇ ਸਕੇਟਿੰਗ ਰਿੰਕ ਆਦਿ ਸ਼ਾਮਲ ਹਨ ਢਾਹੁਣੀਆਂ ਹਨ, ਜੋ ਨਹੀਂ ਢਾਈਆਂ ਗਈਆਂ।ਬਾਗ਼ ਅੰਦਰ ਸ਼ਰਾਬ ਦੀ ਵਰਤੋਂ ਕਰਨ ਅਤੇ ਹੋਰ ਵਪਾਰਕ ਕੰਮ ਕਰਨ ਦੀ ਮਨਾਹੀ ਕੀਤੀ ਗਈ ਹੈ ਜੋ ਅਜੇ ਵੀ ਜਾਰੀ ਹੈ।
ਸਮਝੌਤੇ ਵਿੱਚ ਬਾਗ਼ ਅੰਦਰ ਚਾਰ ਪਹੀਆ ਗੱਡੀਆਂ ਤੇ ਭਾਰੀ ਗੱਡੀਆਂ ਦੇ ਦਾਖ਼ਲੇ ਦੀ ਮਨਾਹੀ ਕੀਤੀ ਗਈ ਹੈ, ਜਿਸ ਦੀ ਵੀ ਪਾਲਣਾ ਨਹੀਂ ਹੋ ਰਹੀ।ਜਿੱਥੋਂ ਤੀਕ ਕਲੱਬਾਂ ਦੀ ਲੀਜ਼ ਦਾ ਸਬੰਧ ਹੈ, ਇਸ ਬਾਰੇ ਕਿਹਾ ਗਿਆ ਹੈ ਕਿ ਜੇ ਕਲੱਬਾਂ ਵਾਲੇ ਨਜਾਇਜ਼ ਉਸਾਰੀਆਂ ਢਾਹ ਦੇਂਦੇ ਹਨ ਤੇ ਸ਼ਰਾਬ ਦੀ ਵਰਤੋਂ ਨਹੀਂ ਕਰਦੇ ਤਾਂ ਇਨ੍ਹਾਂ ਦੀ ਲੀਜ਼ ਵੱਧ ਤੋਂ ਵੱਧ ਪੰਜ ਸਾਲ ਵਧਾਈ ਜਾਵੇਗੀ।ਇਸ ਸਮੇਂ ਦੌਰਾਨ ਨਗਰ ਨਿਗਮ ਕਲੱਬਾਂ ਨੂੰ ਪੜਾਅ ਵਾਰ ਇੱਥੋਂ ਕਿਸੇ ਹੋਰ ਢੁਕਵੀਂ ਜਗ੍ਹਾ ਜਿੱਥੇ ਉਹ ਠੀਕ ਸਮਝੇ ਤਬਦੀਲ ਕਰੇਗਾ ਤੇ ਸਮੁੱਚੇ ਸਮਾਰਕ ਦਾ ਕਬਜ਼ਾ ਚੰਗੇ ਪ੍ਰਬੰਧ ਲਈ ਪੁਰਾਤਤਵ ਵਿਭਾਗ ਨੂੰ ਦੇ ਦੇਵੇਗਾ।ਇਸ ਸਬੰਧੀ ਵੀ ਕੁੱਝ ਨਹੀਂ ਕੀਤਾ ਗਿਆ।
ਰਾਮ ਬਾਗ਼ ਮਹਾਰਾਜਾ ਰਣਜੀਤ ਸਿੰਘ ਵੱਲੋਂ ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਨਾਂ ‘ਤੇ ਬਣਾਇਆ ਗਿਆ ਸੀ। ਇਸ 84 ਏਕੜ ਦੇ ਬਾਗ਼ ਨੂੰ ਲਾਹੌਰ ਦੇ ਸ਼ਾਲਾਮਾਰ ਬਾਗ਼ ਦੇ ਪੈਟਰਨ ‘ਤੇ ਉਸਾਰਿਆ ਗਿਆ। ਇਹ ਮਹਾਰਾਜਾ ਦੀ ਗਰਮੀਆਂ ਦੀ ਰਾਜਧਾਨੀ ਸੀ। ਇਸ ਬਾਗ਼ ਵਿੱਚ ਹੀ ਪੈਨੋਰਮਾ ਹੈ ਤੇ ਸਮਰ ਪੈਲੇਸ ਹੈ। ਇਹ ਬਾਗ਼ ਦੁਨੀਆ ਭਰ ਵਿੱਚੋਂ ਆਉਣ ਵਾਲੇ ਯਾਤਰੂਆਂ ਦੇ ਲਈ ਖਿੱਚ ਦਾ ਕੇਂਦਰ ਬਣ ਸਕਦਾ ਹੈ ਅਤੇ ਯਾਤਰੂ ਇੱਥੇ ਅੱਧਾ ਦਿਨ ਬਤੀਤ ਕਰ ਸਕਦੇ ਹਨ। ਪ੍ਰੰਤੂ ਬੜੇ ਦੁੱਖ ਦੀ ਗੱਲ ਹੈ ਕਿ ਨਗਰ ਨਿਗਮ ਵੱਲੋਂ ਇਸ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ।ਸਮਾਰਟ ਪਾਰਕ ਦੀਆਂ ਹਦਾਇਤਾਂ ਅਨੁਸਾਰ ਇੱਕ ਏਕੜ ਰਕਬੇ ਵਾਸਤੇ 2 ਮਾਲੀ ਚਾਹੀਦੇ ਹਨ। ਇਸ ਤਰ੍ਹਾਂ 88 ਏਕੜ ਦੇ ਰਾਮ ਬਾਗ਼ ਵਾਸਤੇ 176 ਮਾਲੀ ਚਾਹੀਦੇ ਹਨ ਪ੍ਰੰਤੂ ਮੌਜੂਦਾ ਕੇਵਲ 5-6 ਮਾਲੀ ਹੀ ਕੰਮ ਕਰ ਰਹੇ ਹਨ। ਅਰਬਨ ਹਾਟ ਦੀ ਤਰਫ਼ੋਂ ਬਣੀ ਡਿਉੜੀ ਦੇ ਸਾਹਮਣੇ ਵਾਲੇ ਹਿੱਸੇ ਤੋਂ ਲੈ ਕੇ ਸਮਰ ਪੈਲੇਸ ਤੱਕ ਅਤੇ ਸਰਵਿਸ ਕਲੱਬ ਤੱਕ ਬਾਗ਼ ਦਾ ਸਾਰਾ ਹੀ ਹਿੱਸਾ ਉੱਜੜਿਆ ਪਿਆ ਹੈ। ਫੁੱਲ ਬੂਟਿਆਂ ਦੀ ਗੱਲ ਤਾਂ ਦੂਰ, ਇਸ ਬਾਗ਼ ਵਿੱਚ ਕੋਈ ਪਾਰਕ ਜਾਂ ਕਿਆਰੀ ਨਾਂ ਦੀ ਕੋਈ ਚੀਜ਼ ਨਹੀਂ ਹੈ। ਗੰਦਗੀ ਦੇ ਢੇਰ ਲੱਗੇ ਹੋਏ ਹਨ ਤੇ ਦਰੱਖਤਾਂ ਦੇ ਆਸੇ ਪਾਸੇ ਮਿੱਟੀ ਕੱਢਣ ਕਰਕੇ ਦਰੱਖਤ ਡਿੱਗਣ ਵਾਲੇ ਹੋਏ ਹਨ ਤੇ ਕਈ ਡਿੱਗ ਚੁੱਕੇ ਹਨ। ਇਸ ਸਾਰੇ ਨਜ਼ਾਰੇ ਨੂੰ ਦੇਖ ਕੇ ਲੱਗਦਾ ਹੈ ਨਗਰ ਨਿਗਮ ਨਾਂ ਦੀ ਕੋਈ ਸੰਸਥਾ ਹੀ ਨਹੀਂ ਹੈ ਤੇ ਜੇ ਹੈ ਤਾਂ ਉਹ ਆਪਣੀ ਜ਼ੁੰਮੇਵਾਰੀ ਪ੍ਰਤੀ ਸੁਚੇਤ ਨਹੀਂ ਹੈ।
ਇਸ ਸਮਝੌਤੇ ਨੂੰ ਹੋਇਆਂ ਤਕਰੀਬਨ 42 ਮਹੀਨੇ ਹੋ ਗਏ ਹਨ ਲੇਕਿਨ ਨਗਰ ਨਿਗਮ,ਅੰਮ੍ਰਿਤਸਰ ਨੇ ਬਣਦੀ ਕਾਰਵਾਈ ਨਹੀਂ ਕੀਤੀ। ਇਸ ਸਬੰਧੀ ਇੱਕ ਲਿਖਤੀ ਬੇਨਤੀ ਪੱਤਰ ਅੰਮ੍ਰਿਤਸਰ ਵਿਕਾਸ ਮੰਚ(ਰਜਿਸਟਰਡ), ਅੰਮ੍ਰਿਤਸਰ ਵੱਲੋਂ 19 ਫ਼ਰਵਰੀ 2020 ਨੂੰ ਕਮਿਸ਼ਨਰ ,ਨਗਰ ਨਿਗਮ, ਅੰਮ੍ਰਿਤਸਰ, ਮੇਅਰ, ਨਗਰ ਨਿਗਮ, ਅੰਮ੍ਰਿਤਸਰ ਨੂੰ ਮਿਲ ਕੇ ਦਿੱਤਾ ਗਿਆ ਸੀ, ਇਸ ਪੱਤਰ ਦਾ ਕਿਸੇ ਵੀ ਅਧਿਕਾਰੀ ਨੇ ਜੁਆਬ ਨਹੀਂ ਦਿੱਤਾ ਅਤੇ ਨਾ ਬਣਦੀ ਕਾਰਵਾਈ ਕੀਤੀ ਹੈ। ਇਸ ਤੋਂ ਪਹਿਲਾਂ 1 ਅਕਤੂਬਰ 2019 ਨੂੰ ਮੁੱਖ -ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਥਾਨਕ ਸਰਕਾਰ ਮੰਤਰੀ ਪੰਜਾਬ, ਚੀਫ਼ ਸੈਕਟਰੀ ਪੰਜਾਬ, ਪ੍ਰਮੁੱਖ ਸਕੱਤਰ ਸਥਾਨਕ ਸਰਕਾਰ, ਮੇਅਰ ਨਗਰ ਨਿਗਮ,ਅੰਮ੍ਰਿਤਸਰ, ਡਿਪਟੀ ਕਮਿਸ਼ਨਰ ਅੰਮ੍ਰਿਤਸਰ, ਕਮਿਸ਼ਨਰ ਨਗਰ ਨਿਗਮ ਅੰਮ੍ਰਿਤਸਰ ਨੂੰ ਵੀ ਪੱਤਰ ਲਿਖੇ ਗਏ ਸਨ, ਕਿਸੇ ਵੀ ਅਧਿਕਾਰੀ ਨੇ ਜੁਆਬ ਦੇਣ ਦੀ ਖੇਚਲ ਨਹੀਂ ਕੀਤੀ। ਇਸ ਤਰ੍ਹਾਂ ਇਹ ਅਧਿਕਾਰੀ ਭਾਰਤ ਦੇ ਰਾਸ਼ਟਰਪਤੀ ਅਤੇ ਗਵਰਨਰ ਪੰਜਾਬ ਦੇ ਹੁਕਮਾਂ ਨੂੰ ਟਿੱਚ ਸਮਝ ਰਹੇ ਹਨ।