ਨਵੀਂ ਦਿੱਲੀ, 22 ਨਵੰਬਰ – ਇੱਥੇ ਰਾਸ਼ਟਰਪਤੀ ਭਵਨ ਵਿੱਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸਾਲ 2019 ਵਿੱਚ ਪਾਕਿਸਤਾਨ ਨਾਲ ਹੋਈ ਹਵਾਈ ਜੰਗ ਦੌਰਾਨ ਦੁਸ਼ਮਣ ਦਾ ਜੰਗੀ ਜਹਾਜ਼ ਡੇਗਣ ਅਤੇ ਤਿੰਨ ਦਿਨ ਉਸ ਦੇਸ਼ ਦੀ ਕੈਦ ਵਿੱਚ ਰਹਿਣ ਵਾਲੇ ਹਵਾਈ ਸੈਨਾ ਦੇ ਗਰੁੱਪ ਕੈਪਟਨ ਅਭਿਨੰਦਨ ਵਰਤਮਾਨ ਨੂੰ ਵੀਰ ਚੱਕਰ ਪੁਰਸਕਾਰ ਨਾਲ ਸਨਮਾਨਿਤ ਕੀਤਾ।
ਭਾਰਤੀ ਹਵਾਈ ਸੈਨਾ ਦੇ ਜੰਗੀ ਪਾਇਲਟ ਨੂੰ ਭਾਰਤ ਦੇ ਤੀਜੇ ਸਭ ਤੋਂ ਵੱਕਾਰੀ ਜੰਗ ਦੇ ਸਮੇਂ ਦੇ ਬਹਾਦਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਗਰੁੱਪ ਕੈਪਟਨ ਅਭਿਨੰਦਨ ਨੂੰ ਇਹ ਸਨਮਾਨ ਹਵਾਈ ਜੰਗ ਦੌਰਾਨ ਫ਼ਰਜ਼ ਦੀ ਅਸਾਧਾਰਨ ਭਾਵਨਾ ਪ੍ਰਗਟ ਕਰਨ ਲਈ ਦਿੱਤਾ ਗਿਆ। ਇਸ ਪੁਰਸਕਾਰ ਸਮਾਰੋਹ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਹੋਰ ਕਈ ਸ਼ਖ਼ਸੀਅਤਾਂ ਹਾਜ਼ਰ ਸਨ। ਇਸ ਦੌਰਾਨ ਕਈ ਹੋਰ ਫ਼ੌਜੀ ਅਧਿਕਾਰੀਆਂ ਦਾ ਸਨਮਾਨ ਕੀਤਾ ਗਿਆ। ਇਸ ਮਹੀਨੇ ਦੇ ਸ਼ੁਰੂਆਤ ਵਿੱਚ ਹਵਾਈ ਸੈਨਾ ਨੇ ਵਰਤਮਾਨ ਦੀ ਤਰੱਕੀ ਗਰੁੱਪ ਕੈਪਟਨ ਵਜੋਂ ਕੀਤੀ ਸੀ। ਪਾਕਿਸਤਾਨ ਦੇ ਨਾਲ ਹੋਈ ਹਵਾਈ ਜੰਗ ਦੌਰਾਨ ਉਨ੍ਹਾਂ ਦਾ ਅਹੁਦਾ ਵਿੰਗ ਕਮਾਂਡਰ ਦਾ ਸੀ। ਰਾਸ਼ਟਰਪਤੀ ਭਵਨ ਨੇ ਟਵੀਟ ਕੀਤਾ, “ਰਾਸ਼ਟਰਪਤੀ ਕੋਵਿੰਦ ਨੇ ਵਿੰਗ ਕਮਾਂਡਰ (ਹੁਣ ਗਰੁੱਪ ਕੈਪਟਨ) ਵਰਤਮਾਨ ਅਭਿਨੰਦਨ ਨੂੰ ਵੀਰ ਚੱਕਰ ਪ੍ਰਦਾਨ ਕੀਤਾ। ਉਨ੍ਹਾਂ ਨੇ ਲਾਜਵਾਬ ਬਹਾਦਰੀ ਦਿਖਾਈ, ਨਿੱਜੀ ਸੁਰੱਖਿਆ ਦੀ ਪ੍ਰਵਾਹ ਨਾ ਕਰਦੇ ਹੋਏ ਦੁਸ਼ਮਣ ਦੇ ਸਾਹਮਣੇ ਦਲੇਰੀ ਦਿਖਾਈ ਅਤੇ ਫ਼ਰਜ਼ ਦੀ ਅਸਾਧਾਰਨ ਭਾਵਨਾ ਦਾ ਪ੍ਰਦਰਸ਼ਨ ਕੀਤਾ”। ਅਭਿਨੰਦਨ ਨੇ ਆਪਣੇ ਮਿੱਗ-21 ਬਾਈਸਨ ਜੰਗੀ ਜਹਾਜ਼ ਦੇ ਡਿੱਗਣ ਤੋਂ ਪਹਿਲਾਂ 27 ਫਰਵਰੀ, 2019 ਨੂੰ ਪਾਕਿਸਤਾਨ ਦੇ ਇਕ ਐੱਫ-16 ਜੰਗੀ ਜਹਾਜ਼ ਨੂੰ ਡੇਗ ਦਿੱਤਾ ਸੀ। ਭਾਰਤ ਵੱਲੋਂ ਬਾਲਾਕੋਟ ਵਿੱਚ ਅਤਿਵਾਦੀ ਟਿਕਾਣਿਆਂ ‘ਤੇ ਕੀਤੇ ਗਏ ਹਵਾਈ ਹਮਲੇ ਤੋਂ ਇਕ ਦਿਨ ਬਾਅਦ ਪਾਕਿਸਤਾਨ ਨੇ ਜਵਾਬੀ ਕਾਰਵਾਈ ਦੀ ਕੋਸ਼ਿਸ਼ ਕੀਤੀ ਸੀ। ਸਰਕਾਰ ਨੇ ਵਰਤਮਾਨ ਨੂੰ ਵੀਰ ਚੱਕਰ ਪ੍ਰਦਾਨ ਕਰਨ ਦੇ ਫ਼ੈਸਲੇ ਦਾ ਐਲਾਨ 2019 ਵਿੱਚ ਕੀਤਾ ਸੀ।
Home Page ਰਾਸ਼ਟਰਪਤੀ ਕੋਵਿੰਦ ਨੇ ਗਰੁੱਪ ਕੈਪਟਨ ਅਭਿਨੰਦਨ ਵਰਤਮਾਨ ਨੂੰ ‘ਵੀਰ ਚੱਕਰ’ ਪੁਰਸਕਾਰ ਨਾਲ...