ਐਰੀਜ਼ੋਨਾ ਦੇ ਗਿਣਤੀ ਸੈਂਟਰ ਅੱਗੇ ਵੋਟਾਂ ਦੀ ਗਿਣਤੀ ਵਿਰੁੱਧ ਟਰੰਪ ਸਮਰਥਕਾਂ ਵੱਲੋਂ ਵਿਖਾਵਾ
ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ) – ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਡੈਮੋਕਰੈਟਿਕ ਉਮੀਦਵਾਰ ਜੋਅ ਬਾਇਡੇਨ ਅੱਗੇ ਚੱਲ ਰਹੇ ਹਨ। ਉਨ੍ਹਾਂ ਨੇ ਵਿਸਕਾਨਸਨ ਤੇ ਮਿਸ਼ੀਗਨ ‘ਚ ਜਿੱਤ ਪ੍ਰਾਪਤ ਕਰ ਲਈ ਹੈ ਹਾਲਾਂ ਕਿ ਇਸ ਸਬੰਧੀ ਅਧਿਕਾਰਤ ਤੌਰ ‘ਤੇ ਅਜੇ ਐਲਾਨ ਨਹੀਂ ਹੋਇਆ। ਹੁਣ ਤੱਕ ਉਹ 264 ਵੋਟਾਂ ਜਿੱਤ ਚੁੱਕੇ ਹਨ ਜਦ ਕਿ ਰਿਪਬਲਿਕਨ ਉਮੀਦਵਾਰ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ 214 ਵੋਟਾਂ ਮਿਲੀਆਂ ਹਨ। ਬਾਇਡੇਨ ਬਾਕੀ ਰਹਿੰਦੇ 4 ਰਾਜਾਂ ਵਿਚੋਂ ਜੇਕਰ ਇੱਕ ਵਿੱਚ ਵੀ ਜਿੱਤ ਪ੍ਰਾਪਤ ਕਰ ਜਾਂਦੇ ਹਨ ਤਾਂ ਉਹ ਜਿੱਤ ਲਈ ਲੋੜੀਂਦੀਆਂ 270 ਵੋਟਾਂ ਲੈ ਜਾਣਗੇ ਦੂਸਰੇ ਪਾਸੇ ਰਾਸ਼ਟਰਪਤੀ ਟਰੰਪ ਨੂੰ ਜਿੱਤਣ ਵਾਸਤੇ ਪੈਨਸਿਲਵਾਨੀਆ, ਐਰੀਜ਼ੋਨਾ, ਜਾਰਜੀਆ ਤੇ ਨੇਵਾਡਾ ਨੂੰ ਹਰ ਹਾਲਤ ਵਿੱਚ ਜਿੱਤਣਾ ਪਵੇਗਾ ਜੋ ਇਸ ਸਮੇਂ ਸੰਭਵ ਨਹੀਂ ਲੱਗ ਰਿਹਾ। ਨੇਵਾਡਾ ਵਿੱਚ 6 ਵੋਟਾਂ ਹਨ ਜਿੱਥੇ ਬਾਇਡੇਨ ਅੱਗੇ ਹਨ ਹਾਲਾਂ ਕਿ ਫ਼ਰਕ ਬਹੁਤ ਥੋੜ੍ਹਾ ਹੈ ਜਦ ਕਿ ਐਰੀਜੋਨਾ ਵਿੱਚ ਵੀ ਉਹ ਟਰੰਪ ਨਾਲੋਂ ਅੱਗੇ ਹੋ ਗਏ ਹਨ। ਪੈਨਸਿਲਵਾਨੀਆ ਤੇ ਜਾਰਜੀਆ ਵਿੱਚ ਬਹੁਤ ਥੋੜ੍ਹੇ ਫ਼ਰਕ ਨਾਲ ਟਰੰਪ ਅੱਗੇ ਹਨ ਜਿੱਥੇ ਵੋਟਾਂ ਦੀ ਗਿਣਤੀ ਅਜੇ ਹੋ ਰਹੀ ਹੈ। ਡੋਨਲਡ ਟਰੰਪ ਨੇ ਪੈਨਸਿਲਵਾਨੀਆ, ਨੇਵਾਡਾ ਤੇ ਜਾਰਜੀਆ ਵਿੱਚ ਵੋਟਾਂ ਦੀ ਗਿਣਤੀ ਨੂੰ ਚੁਣੌਤੀ ਦਿੱਤੀ ਹੈ। ਉਹ ਡਾਕ ਰਾਹੀਂ ਦੇਰੀ ਨਾਲ ਆ ਰਹੀਆਂ ਵੋਟਾਂ ਦੀ ਗਿਣਤੀ ਦਾ ਵਿਰੋਧ ਕਰ ਰਹੇ ਹਨ। ਰਾਸ਼ਟਰਪਤੀ ਬਿਨਾਂ ਕਿਸੇ ਠੋਸ ਸਬੂਤ ਦੇ ਡਾਕ ਰਾਹੀਂ ਪਈਆਂ ਵੋਟਾਂ ਵਿੱਚ ਹੇਰਾਫੇਰੀ ਹੋਣ ਦਾ ਦੋਸ਼ ਲਾ ਰਹੇ ਹਨ। ਹਾਲਾਂ ਤੱਕ ਰਿਪਬਲਿਕਨ ਪਾਰਟੀ ਵੋਟਾਂ ਵਿੱਚ ਹੋਈ ਹੇਰਾਫੇਰੀ ਬਾਰੇ ਕੋਈ ਸਬੂਤ ਪੇਸ਼ ਨਹੀਂ ਕਰ ਸਕੀ। ਐਰੀਜ਼ੋਨਾ ਦੇ ਗਿਣਤੀ ਸੈਂਟਰ ਅੱਗੇ ਵੋਟਾਂ ਦੀ ਗਿਣਤੀ ਵਿਰੁੱਧ ਟਰੰਪ ਸਮਰਥਕਾਂ ਵੱਲੋਂ ਵਿਖਾਵਾ ਕੀਤਾ ਜਾ ਰਿਹਾ ਹੈ। ਨੇਵਾਡਾ ਵਿੱਚ ਵੀ ਅਜਿਹਾ ਵਿਖਾਵਾ ਹੋਣ ਦੀ ਰਿਪੋਰਟ ਹੈ ਜਿੱਥੇ ਅਧਿਕਾਰੀਆਂ ਨੂੰ ਵੋਟਾਂ ਦੀ ਗਿਣਤੀ ਰੋਕਣੀ ਪਈ ਹੈ। ਇੱਥੇ ਜ਼ਿਕਰਯੋਗ ਹੈ ਕਿ ਇਸ ਵਾਰ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਡੈਮੋਕਰੈਟਿਕ ਪਾਰਟੀ ਨੇ ਅਮਰੀਕੀਆਂ ਨੂੰ ਡਾਕ ਰਾਹੀਂ ਜਾਂ ਅਗਾਊਂ ਵੋਟਾਂ ਪਾਉਣ ਦੀ ਅਪੀਲ ਕੀਤੀ ਸੀ ਜਿਸ ਦਾ ਵਿਆਪਕ ਅਸਰ ਹੋਇਆ ਤੇ ਇਸ ਵਾਰ ਰਿਕਾਰਡ ਅਗਾਊਂ ਵੋਟਿੰਗ ਹੋਈ ਹੈ।
ਸਭ ਤੋਂ ਵਧ ਵੋਟਾਂ ਦਾ ਰਿਕਾਰਡ ਬਾਇਡੇਨ ਦੇ ਨਾਂ
ਡੈਮੋਕਰੈਟਿਕ ਉਮੀਦਵਾਰ ਜੋਏ ਬਾਇਡੇਨ ਨੇ ਅਮਰੀਕੀ ਚੋਣਾਂ ਦੇ ਇਤਿਹਾਸ ਵਿੱਚ ਸਭ ਤੋਂ ਵਧ ਵੋਟਾਂ ਲੈਣ ਦਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਹੁਣ ਤੱਕ ਗਿਣੀਆਂ ਜਾ ਚੁੱਕੀਆਂ ਵੋਟਾਂ ਵਿਚੋਂ ਉਹ 7 ਕਰੋੜ ਤੋਂ ਵਧ ਵੋਟਾਂ ਲਿਜਾ ਚੁੱਕੇ ਹਨ ਜਦ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ 6.8 ਕਰੋੜ ਵੋਟਾਂ ਮਿਲੀਆਂ ਹਨ। ਇਸ ਤੋਂ ਪਹਿਲਾਂ ਸਭ ਤੋਂ ਵਧ ਵੋਟਾਂ ਲੈਣ ਦਾ ਰਿਕਾਰਡ ਸਾਬਕਾ ਰਾਸ਼ਟਰਪਤੀ ਬਰਾਕ ਉਬਾਮਾ ਦੇ ਨਾਂ ਸੀ ਜਿਨ੍ਹਾਂ ਨੇ 6.94 ਕਰੋੜ ਵੋਟਾਂ ਪ੍ਰਾਪਤ ਕੀਤੀਆਂ ਸਨ।
ਜੇਤੂ ਦੇ ਐਲਾਨ ਵਿੱਚ ਹੋ ਸਕਦੀ ਹੈ ਦੇਰੀ
ਡਾਕ ਰਾਹੀਂ ਪਈਆਂ ਵੋਟਾਂ ਦੀ ਗਿਣਤੀ ਤੇ ਰਿਪਬਲਿਕਨ ਪਾਰਟੀ ਵੱਲੋਂ ਚੋਣ ਨਤੀਜਿਆਂ ਨੂੰ ਲੈ ਕੇ ਵੋਟਾਂ ਦੀ ਯੋਗਤਾ ਸਬੰਧੀ ਅਦਾਲਤਾਂ ਵਿੱਚ ਦਿੱਤੀ ਚੁਣੌਤੀ ਦੇ ਮੱਦੇਨਜ਼ਰ ਰਾਸ਼ਟਰਪਤੀ ਦੀ ਚੋਣ ਦੇ ਜੇਤੂ ਉਮੀਦਵਾਰ ਦਾ ਨਾਂ ਐਲਾਨਣ ਵਿੱਚ ਦੇਰੀ ਹੋ ਸਕਦੀ ਹੈ। ਡੈਮੋਕਰੈਟਿਕ ਉਮੀਦਵਾਰ ਆਪਣੀ ਜਿੱਤ ਪ੍ਰਤੀ ਪੂਰੇ ਆਸਵੰਦ ਹਨ। ਜੋਅ ਬਾਇਡੇਨ ਨੇ ਅੱਜ ਫਿਰ ਐਲਾਨ ਕੀਤਾ ਕਿ ਉਹ ਜਿੱਤ ਦੇ ਰਾਹ ਉੱਪਰ ਅੱਗੇ ਵਧ ਰਹੇ ਹਨ। ਉਨ੍ਹਾਂ ਕਿਹਾ ਕਿ ਅਮਰੀਕੀ ਲੋਕ ਸਬਰ ਰੱਖਣ ਜਦੋਂ ਤੱਕ ਇਕ-ਇਕ ਵੋਟ ਗਿਣ ਨਹੀਂ ਹੋ ਜਾਂਦੀ ਸਾਨੂੰ ਸਬਰ ਤੇ ਸ਼ਾਂਤੀ ਰੱਖਣੀ ਪਵੇਗੀ। ਅੱਜ ਉਹ ਬਹੁਤ ਖ਼ੁਸ਼ ਤੇ ਸੰਤੁਸ਼ਟ ਨਜ਼ਰ ਆ ਰਹੇ ਸਨ।
Home Page ਰਾਸ਼ਟਰਪਤੀ ਚੋਣਾਂ ਵਿੱਚ ਹਾਲੇ ਵੀ ਰੇੜਕਾ ਜਾਰੀ, ਬਾਇਡੇਨ ਨੂੰ 264 ਤੇ ਟਰੰਪ...