ਹੁਣ ਤੱਕ ਪੰਜ ਵਿਅਕਤੀਆਂ ਦੀ ਮੌਤ
ਵਾਸ਼ਿੰਗਟਨ 1 ਜੂਨ – ਸਿਆਹਫਾਮ ਜੌਰਜ ਫਲਾਇਡ ਦੀ ਮੌਤ ਮਗਰੋਂ ਭੜਕੀ ਹਿੰਸਾ ‘ਚ ਹੁਣ ਤੱਕ ਪੰਜ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਅਮਰੀਕਾ ਦੇ ਵੱਖ ਵੱਖ ਸ਼ਹਿਰਾਂ ‘ਚ ਹਜ਼ਾਰਾਂ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਤੇ 40 ਸ਼ਹਿਰਾਂ ‘ਚ ਕਰਫ਼ਿਊ ਲਾਇਆ ਗਿਆ ਹੈ। ਨਿਊਯਾਰਕ ‘ਚ ਲੋਕਾਂ ਦੇ ਵਿਰੋਧ ਕਾਰਨ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਵੀ ਵ੍ਹਾਈਟ ਹਾਊਸ ਦੇ ਬੰਕਰ ‘ਚ ਪਨਾਹ ਲੈਣੀ ਪਈ ਹੈ। ਵੱਖਰੀ ਜਾਣਕਾਰੀ ਅਨੁਸਾਰ ਜੌਰਜ ਫਲਾਇਡ ਦੀਆਂ ਅੰਤਿਮ ਰਸਮਾਂ ਉਸ ਦੇ ਘਰੇਲੂ ਸ਼ਹਿਰ ਹਿਊਸਟਨ ‘ਚ ਕੀਤੀਆਂ ਜਾਣਗੀਆਂ।
ਖ਼ਬਰਾਂ ਅਨੁਸਾਰ ਹਜ਼ਾਰਾਂ ਮੁਜ਼ਾਹਰਾਕਾਰੀ ਵ੍ਹਾਈਟ ਹਾਊਸ ਦੇ ਬਾਹਰ ਇਕੱਠੇ ਹੋ ਗਏ ਤੇ ਉਨ੍ਹਾਂ ਰਾਸ਼ਟਰਪਤੀ ਟਰੰਪ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਸੀਐੱਨਐੱਨ ਅਨੁਸਾਰ ਇਸ ਦੌਰਾਨ ਰਾਸ਼ਟਰਪਤੀ ਨੂੰ ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ ਤੇ ਪੁੱਤਰ ਬੈਰੋਨ ਨਾਲ ਥੋੜ੍ਹੀ ਦੇਰ ਲਈ ਵ੍ਹਾਈਟ ਹਾਊਸ ਦੇ ਬੰਕਰ ‘ਚ ਲਿਜਾਣਾ ਪਿਆ। ਰਾਸ਼ਟਰਪਤੀ ਨੇ ਬੀਤੇ ਦਿਨ ਮੀਡੀਆ ਸੰਮੇਲਨ ਨਹੀਂ ਕੀਤਾ ਪਰ ਟਵਿੱਟਰ ‘ਤੇ ਇਸ ਹਿੰਸਾ ਨੂੰ ਭੜਕਾਉਣ ਲਈ ਮੀਡੀਆ ਨੂੰ ਜ਼ਿੰਮੇਵਾਰ ਦੱਸਿਆ। ਇਸ ਹਿੰਸਾ ਨੂੰ ਪਿਛਲੇ ਕੁੱਝ ਦਹਾਕਿਆਂ ਅੰਦਰ ਅਮਰੀਕਾ ‘ਚ ਸਭ ਤੋਂ ਭਿਅੰਕਰ ਖ਼ਾਨਾ-ਜੰਗੀ ਦੱਸਿਆ ਜਾ ਰਿਹਾ ਹੈ ਜਿਸ ਨੇ ਤਕਰੀਬਨ 140 ਸ਼ਹਿਰਾਂ ਨੂੰ ਆਪਣੀ ਲਪੇਟ ‘ਚ ਲਿਆ ਹੋਇਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਲਾਸ ਏਂਜਲਸ, ਸ਼ਿਕਾਗੋ, ਨਿਊਯਾਰਕ, ਹਿਊਸਟਨ, ਫਿਲੇਡਾਲਫੀਆ, ਬਰਮਿੰਘਮ, ਬੋਸਟਨ ਤੇ ਵਾਸ਼ਿੰਗਟਨ ਡੀਸੀ ‘ਚ ਵੱਡੇ ਪੱਧਰ ‘ਤੇ ਹਿੰਸਾ ਤੇ ਅੱਗਜ਼ਨੀ ਦੀਆਂ ਘਟਨਾਵਾਂ ਵਾਪਰੀਆਂ ਹਨ। ਮੁਜ਼ਾਹਰਾਕਾਰੀਆਂ ਨੇ ਕਈ ਥਾਵਾਂ ‘ਤੇ ਪੁਲੀਸ ਦੇ ਵਾਹਨਾਂ ਸਮੇਤ ਹੋਰ ਕਈ ਗੱਡੀਆਂ ਵੀ ਸਾੜ ਦਿੱਤੀਆਂ। ਵਾਸ਼ਿੰਗਟਨ ਪੋਸਟ ਦੀ ਰਿਪੋਰਟ ਅਨੁਸਾਰ ਹੁਣ ਤੱਕ ਵੱਖ ਵੱਖ ਥਾਵਾਂ ‘ਤੇ ਘੱਟੋ ਘੱਟ ਪੰਜ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਪੁਲੀਸ ਨੇ ਦੋ ਦਰਜਨ ਸ਼ਹਿਰਾਂ ‘ਚ 2564 ਦੇ ਕਰੀਬ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸਾਬਕਾ ਉਪ ਰਾਸ਼ਟਰਪਤੀ ਜੋਅ ਬਿਡੇਨ ਨੇ ਡੈਲਾਵੇਅਰ ‘ਚ ਮੁਜ਼ਾਹਰੇ ਵਾਲੀ ਥਾਂ ਦਾ ਦੌਰਾ ਵੀ ਕੀਤਾ ਹੈ।
ਟਰੰਪ ਵੱਲੋਂ ਐਂਟਿਫਾ ‘ਤੇ ਪਾਬੰਦੀ ਦੀ ਧਮਕੀ
ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਉਹ ਸਾਰੇ ਮੁਲਕ ਅੰਦਰ ਹਿੰਸਾ ਭੜਕਾਉਣ ‘ਚ ਭੂਮਿਕਾ ਨਿਭਾਉਣ ਵਾਲੀ ਕੱਟੜ ਖੱਬੇਪੱਖੀ ਜਥੇਬੰਦੀ ਐਂਟਿਫਾ ਨੂੰ ਦਹਿਸ਼ਤੀ ਜਥੇਬੰਦੀ ਐਲਾਨ ਦੇਣਗੇ। ਐਂਟਿਫਾ ਨੂੰ ਅਮਰੀਕਾ ‘ਚ ਗਰਮ-ਖ਼ਿਆਲੀ, ਖੱਬੇ-ਪੱਖੀ ਤੇ ਨਸਲਵਾਦ ਵਿਰੋਧੀ ਸਿਆਸੀ ਮੁਹਿੰਮ ਮੰਨਿਆ ਜਾਂਦਾ ਹੈ ਅਤੇ ਇਸ ਦੇ ਮੈਂਬਰਾਂ ਦਾ ਟੀਚਾ ਨੀਤੀਆਂ ‘ਚ ਸੁਧਾਰ ਦੀ ਥਾਂ ਸਿੱਧੇ ਐਕਸ਼ਨ ਰਾਹੀਂ ਆਪਣੇ ਸਿਆਸੀ ਹਿੱਤ ਹਾਸਲ ਕਰਨਾ ਹੈ। ਟਰੰਪ ਨੇ ਟਵੀਟ ਕੀਤਾ, ‘ਅਮਰੀਕਾ ਐਂਟਿਫਾ ਨੂੰ ਇੱਕ ਅਤਿਵਾਦੀ ਜਥੇਬੰਦੀ ਐਲਾਨ ਦੇਵੇਗਾ।’ ਟਰੰਪ ਪ੍ਰਸ਼ਾਸਨ ਵੱਲੋਂ ਅਮਰੀਕਾ ‘ਚ ਭੜਕੀ ਹਿੰਸਾ ਲਈ ਐਂਟਿਫਾ ਨੂੰ ਜ਼ਿੰਮੇਵਾਰ ਠਹਿਰਾ ਰਿਹਾ ਹੈ। ਅਟਾਰਨੀ ਜਨਰਲ ਵਿਲੀਅਮ ਪੀ ਬਾਰ ਨੇ ਕਿਹਾ ਕਿ ਐਂਟਿਫਾ ਤੇ ਘਰੇਲੂ ਅਤਿਵਾਦ ਫੈਲਾਉਣ ਵਾਲੀਆਂ ਹੋਰ ਅਜਿਹੀਆਂ ਜਥੇਬੰਦੀਆਂ ਵੱਲੋਂ ਸਾਰੇ ਅਮਰੀਕਾ ‘ਚ ਹਿੰਸਾ ਫੈਲਾਈ ਜਾ ਰਹੀ ਤੇ ਇਨ੍ਹਾਂ ਨਾਲ ਇਸੇ ਢੰਗ ਨਾਲ ਨਜਿੱਠਿਆ ਜਾਵੇਗਾ।
Home Page ਰਾਸ਼ਟਰਪਤੀ ਟਰੰਪ ਨੂੰ ਵ੍ਹਾਈਟ ਹਾਊਸ ਦੇ ਬੰਕਰ ‘ਚ ਲਿਜਾਇਆ ਗਿਆ