ਨਵੀਂ ਦਿੱਲੀ, 17 ਜੁਲਾਈ – ਅੱਜ ਭਾਰਤ ਦੇ 14ਵੇਂ ਰਾਸ਼ਟਰਪਤੀ ਲਈ ਪਈਆਂ ਵੋਟਾਂ ਪਈਆਂ, ਇਨ੍ਹਾਂ ਦੀ ਗਿਣਤੀ 20 ਜੁਲਾਈ ਨੂੰ ਸਵੇਰੇ 11 ਵਜੇ ਸ਼ੁਰੂ ਹੋਵੇਗੀ। ਪਹਿਲਾਂ ਸੰਸਦ ਭਵਨ ਦਾ ਬੈਲਟ ਬਕਸਾ ਖੋਲ੍ਹਿਆ ਜਾਵੇਗਾ ਅਤੇ ਬਾਅਦ ਵਿੱਚ ਵਰਣਮਾਲਾ ਕ੍ਰਮ ਅਨੁਸਾਰ ਸੂਬਿਆਂ ਦੀਆਂ ਵੋਟਾਂ ਗਿਣੀਆਂ ਜਾਣਗੀਆਂ। ਅੱਠ ਗੇੜਾਂ ਵਿੱਚ ਚਾਰ ਵੱਖ ਵੱਖ ਮੇਜ਼ਾਂ ਉੱਤੇ ਵੋਟਾਂ ਦੀ ਗਿਣਤੀ ਹੋਵੇਗੀ। ਇਸ ਚੋਣ ਲਈ ਕੁੱਲ 32 ਪੋਲਿੰਗ ਸਟੇਸ਼ਨ ਬਣਾਏ ਗਏ ਸਨ।
ਅੱਜ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਬਣਾਏ ਪੋਲਿੰਗ ਸਟੇਸ਼ਨ ਵਿੱਚ ਲਗਭਗ 99 ਫੀਸਦ ਵੋਟਾਂ ਪਈਆਂ। ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੋਟ ਪਾਇਆ। ਪ੍ਰਧਾਨ ਮੰਤਰੀ ਸ੍ਰੀ ਮੋਦੀ ਤੋਂ ਇਲਾਵਾ ਰਾਸ਼ਟਰਪਤੀ ਚੋਣਾਂ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਮੁਲਾਇਮ ਸਿੰਘ ਯਾਦਵ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਰਾਹੁਲ ਗਾਂਧੀ, ਲਾਲ ਕ੍ਰਿਸ਼ਨ ਅਡਵਾਨੀ, ਅਰੁਣ ਜੇਤਲੀ, ਸੁਸ਼ਮਾ ਸਵਰਾਜ, ਫ਼ਾਰੂਕ ਅਬਦੁੱਲਾ, ਵੈਂਕਈਆ ਨਾਇਡੂ, ਮੁਰਲੀ ਮਨੋਹਰ ਜੋਸ਼ੀ, ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ, ਮਮਤਾ ਬੈਨਰਜੀ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਹੋਰ ਕਈ ਆਗੂਆਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ।
ਲੋਕ ਸਭਾ ਦੇ ਸਕੱਤਰ ਜਨਰਲ ਅਨੂਪ ਮਿਸ਼ਰਾ, ਜੋ ਇਸ ਚੋਣ ਲਈ ਰਿਟਰਨਿੰਗ ਅਫ਼ਸਰ ਵੀ ਸਨ, ਨੇ ਦੱਸਿਆ ਕਿ ਅਰੁਣਾਚਲ ਪ੍ਰਦੇਸ਼, ਛੱਤੀਸਗੜ੍ਹ, ਅਸਾਮ, ਗੁਜਰਾਤ, ਬਿਹਾਰ, ਹਰਿਆਣਾ, ਹਿਮਾਚਲ ਪ੍ਰਦੇਸ਼, ਝਾਰਖੰਡ, ਨਾਗਾਲੈਂਡ, ਉੱਤਰਾਖੰਡ ਅਤੇ ਪੁਡੂਚੇਰੀ ਵਿੱਚ 100 ਫੀਸਦ ਵੋਟਾਂ ਪਈਆਂ, ਜਦੋਂ ਕਿ ਸੰਸਦ ਭਵਨ ਵਿੱਚ ਪਈਆਂ ਵੋਟ ਫੀਸਦ 99 ਫੀਸਦ ਰਹੀ। ਉਨ੍ਹਾਂ ਕਿਹਾ ਕਿ ਭਾਜਪਾ ਦੇ ਐਮਪੀ ਛੇਦੀ ਪਾਸਵਾਨ ਕੋਲ ਵੋਟ ਦਾ ਅਧਿਕਾਰ ਨਹੀਂ ਹੈ। ਦਿੱਲੀ ਵਿੱਚ 717 ਸੰਸਦ ਮੈਂਬਰਾਂ ਨੇ ਵੋਟ ਪਾਉਣੀ ਸੀ ਪਰ ਕੇਵਲ 714 ਮੈਂਬਰਾਂ ਨੇ ਹੀ ਆਪਣੇ ਅਧਿਕਾਰ ਦੀ ਵਰਤੋਂ ਕੀਤੀ। ਤ੍ਰਿਣਮੂਲ ਕਾਂਗਰਸ ਦੇ ਤਪਸ ਪਾਲ, ਬੀਜੇਡੀ ਦੇ ਰਾਮ ਚੰਦਰ ਹੰਸਦਕ ਅਤੇ ਪੀਐਮਕੇ ਦੇ ਅੰਬੂਮਨੀ ਰਾਮਾਦੌਸ ਨੇ ਵੋਟ ਨਹੀਂ ਪਾਈ। ਜਦੋਂ ਕਿ 54 ਸੰਸਦ ਮੈਂਬਰਾਂ ਨੇ ਸੂਬਾਈ ਰਾਜਧਾਨੀਆਂ ਵਿੱਚ ਵੋਟ ਪਾਉਣ ਲਈ ਆਗਿਆ ਲਈ ਹੋਈ ਸੀ, ਜਿਨ੍ਹਾਂ ਵਿੱਚ ਗੋਆ ਦੇ ਮੁੱਖ ਮੰਤਰੀ ਮਨੋਹਰ ਪਰੀਕਰ, ਉਨ੍ਹਾਂ ਦੇ ਯੂਪੀ ਦੇ ਹਮਰੁਤਬਾ ਯੋਗੀ ਅਦਿੱਤਿਆਨਾਥ, ਉਨ੍ਹਾਂ ਦੇ ਡਿਪਟੀ ਕੇਸ਼ਵ ਪ੍ਰਸਾਦ ਮੌਰੀਆ ਅਤੇ ਕੇਂਦਰੀ ਮੰਤਰੀ ਉਮਾ ਭਾਰਤੀ ਸ਼ਾਮਲ ਸਨ। ਭਾਜਪਾ ਮੁਖੀ ਅਮਿਤ ਸ਼ਾਹ, ਜੋ ਗੁਜਰਾਤ ਤੋਂ ਵਿਧਾਇਕ ਹਨ, ਨੇ ਵੀ ਦਿੱਲੀ ਵਿੱਚ ਵੋਟ ਪਾਉਣ ਦੀ ਆਗਿਆ ਲਈ ਸੀ। ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਕੋਲਕਾਤਾ ਵਿੱਚ ਵੋਟਾਂ ਪਾਈਆਂ। ਗੌਰਤਲਬ ਹੈ ਕਿ ਰਾਸ਼ਟਰਪਤੀ ਦੀ ਚੋਣ ਲਈ 776 ਚੁਣੇ ਗਏ ਸੰਸਦ ਮੈਂਬਰਾਂ ਅਤੇ 4120 ਵਿਧਾਇਕ ਵੋਟ ਪਾਉਣ ਦੇ ਯੋਗ ਸਨ।
ਰਾਸ਼ਟਰਪਤੀ ਦੀ ਚੋਣ ਦੌਰਾਨ ਕ੍ਰਾਸ ਵੋਟਿੰਗ ਦੀਆਂ ਖ਼ਬਰਾਂ ਹਨ। ਗੁਜਰਾਤ ਦੇ ਜੇਡੀਯੂ ਦੇ ਵਿਧਾਇਕ ਨੇ ਵੋਟਿੰਗ ‘ਚ ਹਿੱਸਾ ਨਹੀਂ ਲਿਆ ਅਤੇ ਪੰਜਾਬ ਤੋਂ ਆਪ ਦੇ ਵਿਧਾਇਕ ਐਚ.ਐੱਸ. ਫੂਲਕਾ ਵੋਟ ਪਾਉਣ ਨਹੀਂ ਆਏ। ਜਦੋਂ ਕਿ ਪੰਜਾਬ ਤੋਂ ਹੀ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਤੇ ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਵੋਟ ਰੱਦ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।
Indian News ਰਾਸ਼ਟਰਪਤੀ ਦੇ ਅਹੁਦੇ ਲਈ ਵੋਟਾਂ ਪਈਆਂ, ਗਿਣਤੀ 20 ਨੂੰ ਹੋਵੇਗੀ