ਰਾਸ਼ਟਰਪਤੀ ਟਰੰਪ ਨੇ ‘ਲੇਕਨ ਰੀਲੇਅ ਐਕਟ’ ਉਪਰ ਕੀਤੇ ਦਸਤਖਤ, ਗੈਰ ਕਾਨੂੰਨੀ ਪ੍ਰਵਾਸੀਆਂ ਵਿਰੁੱਧ ਕਾਰਵਾਈ ਲਈ ਇਮਗ੍ਰੇਸ਼ਨ ਅਫਸਰਾਂ ਨੂੰ ਮਿਲੇ ਅਧਿਕਾਰ

ਕੈਪਸ਼ਨ ਵਾਈਟ ਹਾਊਸ ਵਿਚ ਕਾਨੂੰਨ ਉਪਰ ਸਹੀ ਪਾਉਣ ਤੋਂ ਪਹਿਲਾਂ ਡੋਨਾਲਡ ਟਰੰਪ ਲੇਕਨ ਰੀਲੇਅ ਦੀ ਮਾਂ ਐਲੀਸਨ ਫਿਲਿਪਸ ਨੂੰ ਮਿਲਦੇ ਹੋਏ

ਸੈਕਰਾਮੈਂਟੋ, ਕੈਲੀਫੋਰਨੀਆ, 1 ਫਰਵਰੀ (ਹੁਸਨ ਲੜੋਆ ਬੰਗਾ) – ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬਹੁਤ ਹੀ ਚਰਚਿਤ ‘ਲੇਕਨ ਰੀਲੇਅ ਐਕਟ’ ਉਪਰ ਦਸਤਖਤ ਕਰ ਦਿੱਤੇ ਹਨ। 20 ਜਨਵਰੀ ਨੂੰ ਆਪਣਾ ਕਾਰਜਕਾਲ ਸੰਭਾਲਣ ਉਪਰੰਤ ਇਹ ਪਹਿਲਾ ਕਾਨੂੰਨ ਹੈ ਜਿਸ ਉਪਰ ਟਰੰਪ ਨੇ ਸਹੀ ਪਾਈ ਹੈ। ਹੁਣ ਇਸ ਕਾਨੂੰਨ ਤਹਿਤ ਇਮੀਗ੍ਰੇਸ਼ਨ ਅਫਸਰ ਗੈਰ ਕਾਨੂੰਨੀ ਪ੍ਰਵਾਸੀ ਨੂੰ ਉਸ ਵੇਲੇ ਆਪਣੀ ਹਿਰਾਸਤ ਵਿਚ ਲੈ ਸਕਣਗੇ ਜਦੋਂ ਉਹ ਕਿਸੇ ਅਪਰਾਧ ਤਹਿਤ ਪੁਲਿਸ ਅਫਸਰਾਂ ਵੱਲੋਂ ਗ੍ਰਿਫਤਾਰ ਕੀਤਾ ਜਾਵੇਗਾ। ਉਸ ਵਿਰੁੱਧ ਮੁਕੱਦਮੇ ਦੀ ਬਜਾਏ ਉਸ ਨੂੰ ਸਿੱਧਾ ਦੇਸ਼ ਨਿਕਾਲਾ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਵਾਈਟ ਹਾਊਸ ਵਿਚ ਸੰਬੋਧਨ ਕਰਦਿਆਂ ਟਰੰਪ ਨੇ ਕਿਹਾ ਕਿ ਇਹ ਇਕ ਇਤਿਹਾਸਕ ਕਾਨੂੰਨ ਹੈ ਜਿਸ ਉਪਰ ਅੱਜ ਸਹੀ ਪਾਉਣ ਜਾ ਰਹੇ ਹਾਂ। ਇਸ ਨਾਲ ਅਣਗਿਣਤ ਨਿਰਦੋਸ਼ ਅਮਰੀਕੀ ਨਾਗਰਿਕਾਂ ਦੇ ਜੀਵਨ ਬਚ ਜਾਣਗੇ। ਇਸ ਕਾਨੂੰਨ ਦਾ ਨਾਂ 22 ਸਾਲਾ ਨਰਸਿੰਗ ਵਿਦਿਆਰਥਣ ਲੇਕਨ ਰਿਲੇਅ ਦੇ ਨਾਂ ‘ਤੇ ਰਖਿਆ ਗਿਆ ਹੈ ਜਿਸ ਦੀ 22 ਫਰਵਰੀ 2024 ਨੂੰ ਇਕ ਵੈਂਜੂਏਲੀਅਨ ਨਾਗਰਿਕ ਦੁਆਰਾ ਐਥਨਜ, ਜਾਰਜੀਆ ਵਿਚ ਹੱਤਿਆ ਕਰ ਦਿੱਤੀ ਗਈ ਸੀ। ਇਹ ਵੈਂਜੂਏਲਨ ਨਾਗਰਿਕ ਗੈਰ ਕਾਨੂੰਨੀ ਸੀ ਤੇ ਇਸ ਤੋਂ ਪਹਿਲਾਂ ਉਹ ਦੁਕਾਨ ਤੋਂ ਚੋਰੀ ਕਰਨ ਦੇ ਮਾਮਲੇ ਵਿਚ ਫੜਿਆ ਗਿਆ ਸੀ। ਲੇਕਨ ਰੀਲੇਅ 2024 ਦੀਆਂ ਚੋਣਾਂ ਵਿਚ ਚੋਣ ਪ੍ਰਚਾਰ ਦੌਰਾਨ ਟਰੰਪ ਦੇ ਭਾਸ਼ਣਾਂ ਦਾ ਕੇਂਦਰ ਬਿੰਦੂ ਰਹੀ ਸੀ। ਚੋਣ ਪ੍ਰਚਾਰ ਦੌਰਾਨ ਟਰੰਪ ਨੇ ਕਿਹਾ ਸੀ ਕਿ ”ਅਮਰੀਕਾ ਲੇਕਨ ਰੀਲੇਅ ਨੂੰ ਕਦੀ ਵੀ ਨਹੀਂ ਭੁੱਲੇਗਾ। ਇਸ ਕਿਸਮ ਦੇ ਭਿਆਨਕ ਅਤਿਆਚਾਰ ਅਮਰੀਕਾ ਦੀ ਧਰਤੀ ਉਪਰ ਨਹੀਂ ਹੋਣ ਦੇਵਾਂਗੇ।” ਵਾਈਟ ਹਾਊਸ ਵਿਚ ਲੇਕਨ ਰੀਲੇਅ ਕਾਨੂੰਨ ਉਪਰ ਦਸਤਖਤ ਕਰਨ ਵੇਲੇ ਲੇਕਨ ਰੀਲੇਅ ਦੀ ਮਾਂ ਐਲੀਸਨ ਫਿਲਿਪਸ ਵੀ ਮੌਜੂਦ ਸੀ ਜੋ ਸਾਹਮਣੀ ਕਤਾਰ ਵਿਚ ਉਪ ਰਾਸ਼ਟਰਪਤੀ ਜੇ ਡੀ ਵੈਂਸ ਤੋਂ ਅਗਲੀ ਸੀਟ ਉਪਰ ਬੈਠੀ ਸੀ। ਕਾਨੂੰਨ ਉਪਰ ਸਹੀ ਪਾਉਣ ਲਈ ਫਿਲਿਪਸ ਨੇ ਟਰੰਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਜ਼ੁਬਾਨ ਦਾ ਪੱਕਾ ਹੈ ਜੋ ਉਸ ਨੇ ਕਿਹਾ ਸੀ ਉਹ ਕਰ ਵਿਖਾਇਆ ਹੈ। ਇਸ ਕਾਨੂੰਨ ਤਹਿਤ ਯੂ ਐਸ ਇਮੀਗ੍ਰੇਸ਼ਨ ਐਂਡ ਕਸਟਮਜ ਇਨਫੋਰਸਮੈਂਟ ਦੇ ਅਧਿਕਾਰੀ ਉਨਾਂ ਲੋਕਾਂ ਨੂੰ ਆਪਣੀ ਹਿਰਾਸਤ ਵਿਚ ਲੈ ਸਕਣਗੇ ਜੋ ਬਿਨਾਂ ਦਸਤਾਵੇਜ ਗੈਰ ਕਾਨੂੰਨੀ ਤੌਰ ‘ਤੇ ਅਮਰੀਕਾ ਵਿਚ ਟਿਕੇ ਹੋਏ ਹਨ। ਜੋ ਵੀ ਗੈਰ ਕਾਨੂੰਨੀ ਪ੍ਰਵਾਸੀ ਕਿਸੇ ਅਪਰਾਧ ਤਹਿਤ ਫੜਿਆ ਗਿਆ ਹੈ ਜਾਂ ਫੜਿਆ ਜਾਵੇਗਾ ਉਸ ਵਿਰੁੱਧ ਅਦਾਲਤ ਵਿਚ ਮੁਕੱਦਮਾ ਚਲਾਉਣ ਦੀ ਲੋੜ ਨਹੀਂ ਹੋਵੇਗੀ। ਉਸ ਨੂੰ ਵਾਪਿਸ ਉਸ ਦੇ ਮੂਲ ਦੇਸ਼ ਭੇਜ ਦਿੱਤਾ ਜਾਵੇਗਾ।