ਰਿਸ਼ੀ ਸੂਨਕ ਨੇ ਬਰਤਾਨੀਆ ਦੇ 57ਵੇਂ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਿਆ, ਸਭ ਤੋਂ ਛੋਟੀ ਉਮਰ ਦੇ ਪ੍ਰਧਾਨ ਮੰਤਰੀ ਬਣੇ

ਲੰਡਨ, 25 ਅਕਤੂਬਰ – ਕੰਜ਼ਰਵੇਟਿਵ ਪਾਰਟੀ ਦੇ ਨਵੇਂ ਆਗੂ ਰਿਸ਼ੀ ਸੂਨਕ ਨੇ ਅੱਜ ਬਰਤਾਨੀਆ ਦੇ 57ਵੇਂ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲ ਲਿਆ। ਉਹ ਬਰਤਾਨੀਆ ਦੇ ਭਾਰਤੀ ਮੂਲ ਦੇ ਪਹਿਲੇ ਪ੍ਰਧਾਨ ਮੰਤਰੀ ਹਨ। ਅਹੁਦਾ ਸੰਭਾਲਣ ਤੋਂ ਪਹਿਲਾਂ ਸੂਨਕ ਨੇ ਬਰਤਾਨੀਆ ਦੇ ਸਮਰਾਟ ਚਾਰਲਸ 3 ਨਾਲ ਰਸਮੀ ਮੁਲਾਕਾਤ ਵੀ ਕੀਤੀ।
ਉਧਰ ਅਹੁਦਾ ਛੱਡ ਰਹੀ ਪ੍ਰਧਾਨ ਮੰਤਰੀ ਲਿਜ਼ ਟਰੱਸ ਨੇ ਬਕਿੰਘਮ ਪੈਲੇਸ ਜਾ ਕੇ ਆਪਣਾ ਅਸਤੀਫ਼ਾ ਸਮਰਾਟ ਨੂੰ ਸੌਂਪਣ ਤੋਂ ਪਹਿਲਾਂ ਅੱਜ ਸਵੇਰੇ 10 ਡਾਊਨਿੰਗ ਸਟਰੀਟ ਵਿੱਚ ਆਪਣੀ ਆਖਰੀ ਕੈਬਨਿਟ ਮੀਟਿੰਗ ਦੀ ਪ੍ਰਧਾਨਗੀ ਕੀਤੀ। ਟਰੱਸ ਨੇ ਆਪਣੀ ਅਧਿਕਾਰਤ ਰਿਹਾਇਸ਼ ਦੇ ਬਾਹਰ ਆਖਰੀ ਸੰਬੋਧਨ ਵਿੱਚ ਸੂਨਕ ਨੂੰ ਸ਼ੁਭ ਕਾਮਨਾਵਾਂ ਵੀ ਦਿੱਤੀਆਂ। ਉਧਰ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਟਵੀਟ ਕਰਕੇ ਸੂਨਕ ਨੂੰ ਇਸ ਨਵੀਂ ਜ਼ਿੰਮੇਵਾਰੀ ਲਈ ਵਧਾਈ ਦਿੱਤੀ। ਅਹੁਦਾ ਸੰਭਾਲਣ ਤੋਂ ਫੌਰੀ ਮਗਰੋਂ ਸੂਨਕ ਨੇ ਆਪਣੀ ਕੈਬਨਿਟ ਨੂੰ ਅੰਤਿਮ ਰੂਪ ਦੇਣ ਲਈ ਮੀਟਿੰਗਾਂ ਵੀ ਕੀਤੀਆਂ।
ਇਸ ਤੋਂ ਪਹਿਲਾਂ ਪੈਲੇਸ ’ਚੋਂ ਟਰੱਸ ਦੀ ਰਵਾਨਗੀ ਮਗਰੋਂ ਸੂਨਕ ਉਥੇ ਪੁੱਜੇ ਤੇ ਉਨ੍ਹਾਂ ਸਮਰਾਟ ਨਾਲ ਮੁਲਾਕਾਤ ਕੀਤੀ। ਸਮਰਾਟ ਚਾਰਲਸ ਨੇ ਸੂਨਕ ਨੂੰ ਯੂਕੇ ਦੇ 57ਵੇਂ ਪ੍ਰਧਾਨ ਮੰਤਰੀ ਵਜੋਂ ਸਰਕਾਰ ਬਣਾਉਣ ਦਾ ਸੱਦਾ ਦਿੱਤਾ। ਪਿਛਲੇ ਛੇ ਹਫ਼ਤਿਆਂ ਵਿੱਚ ਦੂਜੀ ਵਾਰ ਜਦੋਂ ਕਿ ਇਸ ਸਾਲ ਵਿੱਚ ਤੀਜਾ ਮੌਕਾ ਹੈ ਜਦੋਂ ਯੂਕੇ ਨੂੰ ਨਵਾਂ ਪ੍ਰਧਾਨ ਮੰਤਰੀ ਮਿਲਿਆ ਹੈ। 42 ਸਾਲਾ ਸੂਨਕ ਟਰੱਸ ਤੋਂ ਪਹਿਲਾਂ ਬੋਰਿਸ ਜੌਹਨਸਨ ਦੀ ਸਰਕਾਰ ਵਿੱਚ ਵਿੱਤ ਮੰਤਰੀ ਸਨ। ਸੂਨਕ, ਜੋ ਹਿੰਦੂ ਧਰਮ ਨਾਲ ਸਬੰਧ ਰੱਖਦੇ ਹਨ, ਪਿਛਲੇ 210 ਸਾਲਾਂ ਵਿੱਚ ਬਰਤਾਨੀਆ ਦੇ ਸਭ ਤੋਂ ਛੋਟੀ ਉਮਰ ਦੇ ਪ੍ਰਧਾਨ ਮੰਤਰੀ ਹਨ। ਉਹ ਦੇਸ਼ ਦੇ ਪਹਿਲੇ ਹਿੰਦੂ ਪ੍ਰਧਾਨ ਮੰਤਰੀ ਵੀ ਹਨ। ਸੂਨਕ ਨੇ ਸੋੋਮਵਾਰ ਨੂੰ ਬਰਤਾਨੀਆ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਮਨੋਨੀਤ ਕੀਤੇ ਜਾਣ ਮਗਰੋਂ ਆਪਣੇ ਪਲੇਠੇ ਸੰਬੋਧਨ ਵਿੱਚ ਕਿਹਾ ਸੀ, ‘‘ਯੂਕੇ ਮਹਾਨ ਦੇਸ਼ ਹੈ, ਪਰ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਾਨੂੰ ਵੱਡੀ ਆਰਥਿਕ ਚੁਣੌਤੀ ਦਰਪੇਸ਼ ਹੈ।
ਯੂਕੇ ਨੂੰ ਵਿੱਤੀ ਸੰਕਟ ’ਚੋਂ ਬਾਹਰ ਕੱਢਣਾ ਤੇ ਵੰਡੀ ਹੋਈ ਕੰਜ਼ਰਵੇਟਿਵ ਪਾਰਟੀ ਨੂੰ ਇਕਜੁੱਟ ਕਰਨਾ, ਸੂਨਕ ਲਈ ਦੋ ਅਹਿਮ ਚੁਣੌਤੀਆਂ ਹੋਣਗੀਆਂ। ਸੂਨਕ ਨੇ ਕਿਹਾ ਸਾਨੂੰ ਹੁਣ ਸਥਿਰਤਾ ਤੇ ਇਕਜੁੱਟਤਾ ਦੀ ਲੋੜ ਹੈ ਅਤੇ ਮੈਂ ਆਪਣੀ ਪਾਰਟੀ ਤੇ ਆਪਣੇ ਮੁਲਕ ਨੂੰ ਇਕਜੁੱਟ ਕਰਨ ਨੂੰ ਆਪਣੀ ਸਿਖਰਲੀ ਤਰਜੀਹ ਬਣਾਵਾਂਗਾ; ਕਿਉਂਕਿ ਇਹੀ ਇਕ ਤਰੀਕਾ ਹੈ, ਜਿਸ ਨਾਲ ਅਸੀਂ ਸਾਨੂੰ ਦਰਪੇਸ਼ ਚੁਣੌਤੀਆਂ ਦੇ ਟਾਕਰੇ ਦੇ ਨਾਲ ਆਪਣੇ ਬੱਚਿਆਂ ਤੇ ਅੱਗੇ ਉਨ੍ਹਾਂ ਦੇ ਬੱਚਿਆਂ ਦਾ ਭਵਿੱਖ ਵਧੇਰੇ ਖ਼ੁਸ਼ਹਾਲ ਤੇ ਬਿਹਤਰ ਬਣਾ ਸਕਦੇ ਹਾਂ।’’
ਦੀਵਾਲੀ ਮੌਕੇ ਸੂਨਕ ਦੀ ਜਿੱਤ ਯੂਕੇ ਵਿੱਚ ਰਹਿੰਦੇ ਭਾਰਤੀ ਪਰਵਾਸੀ ਭਾਈਚਾਰੇ ਲਈ ਵੀ ਖਾਸ ਹੈ, ਜਿਨ੍ਹਾਂ ਇਸ ਨੂੰ ਬਰਤਾਨਵੀ ਸਮਾਜ ਦੇ ਇਤਿਹਾਸ ਦਾ ‘ਇਤਿਹਾਸਕ ਪਲ’ ਕਰਾਰ ਦਿੱਤਾ ਹੈ। ਰਿਸ਼ੀ ਸੂਨਕ ਦਾ ਜਨਮ 1980 ਵਿੱਚ ਸਾਊਥੈਂਪਟਨ ਵਿੱਚ ਹੋਇਆ ਸੀ। ਪਹਿਲਾਂ ਜੌਹਨਸਨ ਤੇ ਫਿਰ ਟਰੱਸ ਵੱਲੋਂ ਅਸਤੀਫ਼ਾ ਦੇਣ ਦੇ ਕੀਤੇ ਐਲਾਨ ਮਗਰੋਂ ਭਾਰਤੀ ਮੂਲ ਦੇ ਸੂਨਕ ਇਸ ਦੌੜ ਵਿੱਚ ਮੋਹਰੀ ਸਨ।