ਰੂਸ ਤੇ ਯੂਕਰੇਨ ਯੁੱਧ: ਕੀਵ ਅਤੇ ਖਾਰਕੀਵ ‘ਚ ਰੂਸੀ ਹਮਲੇ ਤੇਜ਼

ਕੀਵ, 1 ਮਾਰਚ – ਰੂਸ ਤੇ ਯੂਕਰੇਨ ਵਿਚਾਲੇ ਚੱਲ ਰਹੀ ਚੜ੍ਹਾਈ ਦੇ 6ਵੇਂ ਦਿਨ ਰੂਸ ਨੇ ਯੂਕਰੇਨ ਦੀ ਰਾਜਧਾਨੀ ਕੀਵ ‘ਤੇ ਪੂਰਬੀ ਯੂਕਰੇਨ ਦੇ ਵੱਡੇ ਸ਼ਹਿਰ ਖਾਰਕੀਵ ‘ਤੇ ਹਮਲੇ ਤੇਜ਼ ਕਰ ਦਿੱਤੇ ਹਨ। ਯੂਕਰੇਨ ਨੇ ਰੂਸੀ ਰਾਕੇਟ ਹਮਲੇ ਵਿੱਚ 70 ਤੋਂ ਵੱਧ ਫ਼ੌਜੀਆਂ ਤੇ ਗੋਲਾਬਾਰੀ ਵਿੱਚ ਦਰਜਨਾਂ ਆਮ ਨਾਗਰਿਕਾਂ ਦੇ ਮਾਰੇ ਜਾਣ ਦਾ ਦਾਅਵਾ ਕੀਤਾ ਹੈ। ਇਸ ਦੌਰਾਨ ਖਾਰਕੀਵ ਵਿੱਚ ਗੋਲਾਬਾਰੀ ਦੀ ਜ਼ੱਦ ਵਿੱਚ ਆਇਆ ਭਾਰਤੀ ਵਿਦਿਆਰਥੀ ਹਲਾਕ ਹੋ ਗਿਆ। ਰੂਸੀ ਫ਼ੌਜ ਨੇ ਖਾਰਕੀਵ ਦੇ ਕਈ ਰਿਹਾਇਸ਼ੀ ਇਲਾਕਿਆਂ ਤੇ ਸੋਵੀਅਤ ਯੁੱਗ ਦੀ ਖੇਤਰੀ ਪ੍ਰਸ਼ਾਸਨਿਕ ਇਮਾਰਤ ਨੂੰ ਵੀ ਨਿਸ਼ਾਨਾ ਬਣਾਇਆ। ਖਾਰਕੀਵ ‘ਚ ਇਹਤਿਆਤ ਵਜੋਂ ਕਰਫ਼ਿਊ ਲਾ ਦਿੱਤਾ ਗਿਆ ਹੈ। ਯੂਕਰੇਨੀ ਸਰਕਾਰ ਨੇ ਦਾਅਵਾ ਕੀਤਾ ਕਿ ਪਿਛਲੇ ਵੀਰਵਾਰ ਤੋਂ ਸ਼ੁਰੂ ਹੋਏ ਹਮਲਿਆਂ ਵਿੱਚ ਹੁਣ ਤੱਕ 352 ਆਮ ਨਾਗਰਿਕਾਂ ਦੀ ਜਾਨ ਜਾਂਦੀ ਰਹੀ ਹੈ ਜਿਨ੍ਹਾਂ ਵਿੱਚ 14 ਬੱਚੇ ਵੀ ਸ਼ਾਮਲ ਹਨ। ਇਸ ਦੌਰਾਨ ਸੈਟੇਲਾਈਟ ਤਸਵੀਰਾਂ ਮੁਤਾਬਿਕ ਰੂਸੀ ਫ਼ੌਜ ਦਾ 40 ਮੀਲ (ਲਗਭਗ 64 ਕਿੱਲੋਮੀਟਰ) ਲੰਮਾ ਕਾਫ਼ਲਾ ਉੱਤਰੀ ਕੀਵ ਨੇੜੇ ਪੁੱਜ ਗਿਆ ਹੈ। ਉੱਧਰ ਖ਼ਬਰ ਏਜੰਸੀ ਆਈਏਐੱਨਐੱਸ ਦੀ ਇਕ ਰਿਪੋਰਟ ਮੁਤਾਬਿਕ ਰੂਸ ਦੇ ਰੱਖਿਆ ਮੰਤਰਾਲੇ ਨੇ ਰਾਜਧਾਨੀ ਕੀਵ ਵਿੱਚ ਯੂਕਰੇਨ ਦੀ ਸੁਰੱਖਿਆ ਸੇਵਾ (ਐੱਸਬੀਯੂ) ਅਤੇ ਸੂਚਨਾ ਤੇ ਮਨੋਵਿਗਿਆਨਕ ਅਪਰੇਸ਼ਨਾਂ (ਪੀਐੱਸਓ) ਨੂੰ ਅਗਲੇ ਦਿਨਾਂ ‘ਚ ਨਿਸ਼ਾਨਾ ਬਣਾਉਣ ਦਾ ਦਾਅਵਾ ਕੀਤਾ ਹੈ। ਬਿਆਨ ਮੁਤਾਬਿਕ ਰੂਸ ਨੇ ਨੇੜਲੇ ਖੇਤਰਾਂ ‘ਚ ਰਹਿੰਦੇ ਆਮ ਲੋਕਾਂ ਨੂੰ ਇੱਥੋਂ ਜਾਣ ਲਈ ਆਖ ਦਿੱਤਾ ਹੈ।
ਇਸ ਦੌਰਾਨ ਰੂਸ ਦੀ ਖ਼ਬਰ ਏਜੰਸੀ ‘ਤਾਸ’ ਨੇ ਸਰਕਾਰ ਵਿਚਲੇ ਸੂਤਰ ਦੇ ਹਵਾਲੇ ਨਾਲ ਦਾਅਵਾ ਕੀਤਾ ਹੈ ਕਿ ਰੂਸ ਤੇ ਯੂਕਰੇਨ ਵੱਲੋਂ ਭਲਕੇ 2 ਮਾਰਚ ਨੂੰ ਦੂਜੇ ਗੇੜ ਦੀ ਗੱਲਬਾਤ ਕੀਤੀ ਜਾ ਸਕਦੀ ਹੈ। ਬੇਲਾਰੂਸ ਦੀ ਸਰਹੱਦ ‘ਤੇ ਗੋਮੇਲ ਵਿੱਚ ਹੋਈ ਪਹਿਲੇ ਗੇੜ ਦੀ ਗੱਲਬਾਤ ਬੇਨਤੀਜਾ ਰਹੀ ਸੀ ਤੇ ਦੋਵਾਂ ਧਿਰਾਂ ਨੇ ਆਉਂਦੇ ਦਿਨਾਂ ‘ਚ ਮੁੜ ਮਿਲਣ ਦੀ ਗੱਲ ਆਖੀ ਸੀ। ਉਂਜ ਸੋਮਵਾਰ ਨੂੰ ਹੋਈ ਇਹ ਗੱਲਬਾਤ ਕਿਸੇ ਤਣ ਪੱਤਣ ਨਾ ਲੱਗਣ ਮਗਰੋਂ ਰਾਜਧਾਨੀ ਕੀਵ ਵਿੱਚ ਕਈ ਧਮਾਕੇ ਸੁਣੇ ਗਏ। ਰੂਸੀ ਫ਼ੌਜਾਂ 30 ਲੱਖ ਦੀ ਆਬਾਦੀ ਵਾਲੇ ਕੀਵ ਨੇੜੇ ਪੁੱਜ ਗਈਆਂ ਹਨ। ਸੈਟੇਲਾਈਟ ਤਸਵੀਰਾਂ ਮੁਤਾਬਿਕ ਰੂਸੀ ਫ਼ੌਜ ਦਾ 40 ਮੀਲ (64 ਕਿੱਲੋਮੀਟਰ) ਲੰਮਾ ਕਾਫ਼ਲਾ, ਜਿਸ ਵਿੱਚ ਹਥਿਆਰਬੰਦ ਵਾਹਨ, ਟੈਂਕ, ਤੋਪਖ਼ਾਨਾ ਤੇ ਹੋਰ ਜੰਗੀ ਸਾਜ਼ੋ-ਸਾਮਾਨ ਸ਼ਾਮਲ ਹੈ, ਕੀਵ ਸ਼ਹਿਰ ਦੇ ਕੇਂਦਰ ‘ਚੋਂ 25 ਕਿੱਲੋਮੀਟਰ (17 ਮੀਲ) ਦੀ ਦੂਰੀ ‘ਤੇ ਹੈ। ਖ਼ਬਰ ਏਜੰਸੀ ਏਪੀ ਨੇ ਕਿਹਾ ਕਿ ਰੂਸੀ ਫ਼ੌਜਾਂ ਵੱਲੋਂ ਯੂਕਰੇਨ ਦੇ ਦੂਜੇ ਵੱਡੇ ਸ਼ਹਿਰ ਖਾਰਕੀਵ ਨੂੰ ਵੀ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹੈ। ਖ਼ਬਰ ਏਜੰਸੀ ਨੇ ਰੂਸੀ ਫ਼ੌਜਾਂ ਵੱਲੋਂ ਸ਼ਹਿਰ ਦੇ ਰਿਹਾਇਸ਼ੀ ਇਲਾਕੇ ਵਿੱਚ ਧਮਾਕੇ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ, ਹਾਲਾਂਕਿ ਰੂਸੀ ਫ਼ੌਜ ਨੇ ਅਜਿਹੇ ਕਿਸੇ ਹਮਲੇ ਤੋਂ ਇਨਕਾਰ ਕੀਤਾ ਹੈ। ਖਾਰਕੀਵ ਵਿੱਚ ਸੋਵੀਅਤ ਯੁੱਗ ਦਾ ਪ੍ਰਤੀਕ ਮੰਨੀ ਜਾਂਦੀ ਖੇਤਰੀ ਪ੍ਰਸ਼ਾਸਨਿਕ ਇਮਾਰਤ ਨੂੰ ਨਿਸ਼ਾਨਾ ਬਣਾਇਆ ਗਿਆ। ਹੰਗਾਮੀ ਸੇਵਾਵਾਂ ਬਾਰੇ ਅਧਿਕਾਰੀ ਨੇ ਕਿਹਾ ਕਿ ਇਮਾਰਤ ਦੇ ਮਲਬੇ ‘ਚੋਂ ਛੇ ਲਾਸ਼ਾਂ ਕੱਢੀਆਂ ਗਈਆਂ ਹਨ ਜਦੋਂਕਿ 20 ਹੋਰ ਜ਼ਖ਼ਮੀ ਹੋ ਗਏ। ਜ਼ੇਲੈਂਸਕੀ ਨੇ ਆਜ਼ਾਦੀ ਚੌਕ ‘ਤੇ ਹਮਲੇ ਨੂੰ ‘ਪ੍ਰਤੱਖ ਹਮਲਾ’ ਕਰਾਰ ਦਿੰਦਿਆਂ ਕਿਹਾ ਕਿ ਇਸ ਨੂੰ ਯਾਦ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਖਾਰਕੀਵ ‘ਤੇ ਹਮਲਾ ‘ਜੰਗੀ ਅਪਰਾਧ’ ਹੈ। ਖੇਤਰੀ ਪ੍ਰਸ਼ਾਸਨ ਦੇ ਮੁਖੀ ਓਲੇਹ ਸਿਨੇਹੂਬੋਵ ਨੇ ਕਿਹਾ ਕਿ ਰੂਸੀ ਗੋਲਾਬਾਰੀ ‘ਚ 11 ਵਿਅਕਤੀ ਮਾਰੇ ਗਏ ਤੇ ਹੋਰ ਜ਼ਖ਼ਮੀ ਹੋ ਗਏ।