ਕੀਵ ਤੇ ਅਤੇ ਉੱਤਰੀ ਯੂਕਰੇਨ ‘ਚ ਹਮਲੇ ਘੱਟ ਕਰੇਗਾ ਰੂਸ
ਇਸਤਾਨਬੁੱਲ, 29 ਮਾਰਚ – ਤੁਰਕੀ ਦੇ ਸ਼ਹਿਰ ਇਸਤਾਨਬੁੱਲ ਵਿਖੇ ਰੂਸ ਤੇ ਯੂਕਰੇਨ ਲੜਾਈ ਨੂੰ ਖ਼ਤਮ ਕਰਨ ਲਈ ਮੁੜ ਤੋਂ ਹੋਈ ਸ਼ਾਂਤੀ ਗੱਲਬਾਤ ਦੇ ਦੌਰਾਨ ਦੋਵੇਂ ਦੇਸ਼ਾਂ ਦੇ ਵਿੱਚ ਦੀ ਤਲਖ਼ੀ ਥੋੜ੍ਹੀ ਘੱਟ ਹੁੰਦੀ ਦਿਖੀ ਹੈ। ਰੂਸ ਨੇ ਜਿੱਥੇ ਕੀਵ ਅਤੇ ਉੱਤਰੀ ਯੂਕਰੇਨ ਖੇਤਰ ਵਿੱਚ ਹਮਲੇ ਘੱਟ ਕਰਨ ਦਾ ਭਰੋਸਾ ਦਿੱਤਾ, ਉੱਥੇ ਹੀ ਯੂਕਰੇਨ ਨੇ ਤਟਸਥ ਰਹਿਣ ਦਾ ਪ੍ਰਸਤਾਵ ਪੇਸ਼ ਕਰਦੇ ਹੋਏ ਅੰਤਰਰਾਸ਼ਟਰੀ ਭਾਈਚਾਰੇ ਤੋਂ ਸੁਰੱਖਿਆ ਦੀ ਗਾਰੰਟੀ ਮੰਗੀ। ਜ਼ਿਕਰਯੋਗ ਦੋਵੇਂ ਦੇਸ਼ਾਂ ਦੇ ਵਾਰਤਾਕਾਰਾਂ ਦੇ ਵਿੱਚ 10 ਮਾਰਚ ਦੇ ਬਾਅਦ ਪਹਿਲੀ ਵਾਰ ਆਹਮਨੇ-ਸਾਹਮਣੇ ਦੀ ਗੱਲਬਾਤ ਹੋਈ ਹੈ। ਹਾਲਾਂਕਿ, ਇਸ ਦੀ ਸ਼ੁਰੂਆਤ ਕਾਫ਼ੀ ਠੰਢੀ ਸੀ ਅਤੇ ਦੋਵੇਂ ਦੇਸ਼ਾਂ ਦੇ ਵਾਰਤਾਕਾਰਾਂ ਨੇ ਹੱਥ ਤੱਕ ਨਹੀਂ ਮਿਲਾਏ। ਡੋਲਮਾਬਾਹਸ ਪੈਲੇਸ ਵਿੱਚ ਗੱਲਬਾਤ ਦੀ ਸ਼ੁਰੂਆਤ ਤੋਂ ਪਹਿਲਾਂ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤਇਪ ਏਰਦੋਗਨ ਨੇ ਸੰਘਰਸ਼ ਵਿਰਾਮ ਦੀ ਅਪੀਲ ਕੀਤੀ ਅਤੇ ਉਮੀਦ ਜਤਾਈ ਕਿ ਇੱਥੋਂ ਹੀ ਰੂਸ ਅਤੇ ਯੂਕਰੇਨ ਦੇ ਆਗੂਆਂ ਦੇ ਵਿੱਚ ਗੱਲਬਾਤ ਦਾ ਰਸਤਾ ਬਣੇਗਾ। ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਤਾਜ਼ਾ ਹਾਲਾਤ ਉੱਤੇ ਫ਼ਰਾਂਸ, ਜਰਮਨੀ, ਇਟਲੀ ਅਤੇ ਬ੍ਰਿਟੇਨ ਦੇ ਆਗੂਆਂ ਨਾਲ ਚਰਚਾ ਕਰਨਗੇ।
ਰੂਸ ਦੇ ਡਿਪਟੀ ਰੱਖਿਆ ਮੰਤਰੀ ਅਲੈਗਜ਼ੈਂਡਰ ਫੋਮਿਨ ਨੇ ਮੰਗਲਵਾਰ ਨੂੰ ਰੂਸ ਤੇ ਯੂਕਰੇਨ ਦੇ ਵਫ਼ਦਾਂ ਵਿਚਾਲੇ ਇਸਤਾਨਬੁੱਲ ਵਿੱਚ ਹੋਈ ਗੱਲਬਾਤ ਮਗਰੋਂ ਇਹ ਜਾਣਕਾਰੀ ਦਿੱਤੀ ਕਿ ਰੂਸ ਨੇ ਯੂਕਰੇਨ ਦੀ ਰਾਜਧਾਨੀ ਕੀਵ ਅਤੇ ਇਕ ਹੋਰ ਸ਼ਹਿਰ ਚਰਨੀਹੀਵ ਨੇੜੇ ਫ਼ੌਜੀ ਕਾਰਵਾਈ ‘ਤੇ ਠੱਲ੍ਹ ਪਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਦੋਹਾਂ ਧਿਰਾਂ (ਰੂਸ ਤੇ ਯੂਕਰੇਨ) ਵਿੱਚ ਆਪਸੀ ਭਰੋਸਾ ਵਧਾਉਣ ਅਤੇ ਅਗਲੀ ਗੱਲਬਾਤ ਲਈ ਜ਼ਰੂਰੀ ਹਾਲਾਤ ਪੈਦਾ ਕਰਨ ਲਈ ਲਿਆ ਗਿਆ ਹੈ। ਅਲੈਗਜ਼ੈਡਰ ਫੋਮਿਨ ਵੱਲੋਂ ਇਸ ਮਾਮਲੇ ਬਾਰੇ ਹੋਰ ਜਾਣਕਾਰੀ ਰੂਸੀ ਵਫ਼ਦ ਦੀ ਦੇਸ਼ ਵਾਪਸੀ ਮਗਰੋਂ ਦਿੱਤੀ ਜਾਵੇਗੀ।
Home Page ਰੂਸ ਤੇ ਯੂਕਰੇਨ ਵਿਚਾਲੇ ਇਸਤਾਨਬੁੱਲ ‘ਚ ਗੱਲਬਾਤ ਥੋੜ੍ਹੀ ਘੱਟ ਹੋਈ ਰਿਸ਼ਤਿਆਂ ਦੀ...