ਕੀਵ, 20 ਅਪ੍ਰੈਲ – ਰੂਸ ਨੇ ਯੂਕਰੇਨ ਦੇ ਪੂਰਬੀ ਉਦਯੋਗਿਕ ਖੇਤਰ ਵਿੱਚ ਕੋਲਾ ਖਾਣਾ ਅਤੇ ਕਾਰਖ਼ਾਨਿਆਂ ‘ਤੇ ਕੰਟਰੋਲ ਹਾਸਲ ਕਰਨ ਅਤੇ ਦੇਸ਼ ਨੂੰ ਦੋ ਹਿੱਸਿਆਂ ਵਿੱਚ ਵੰਡਣ ਦੇ ਮਕਸਦ ਨਾਲ ਅੱਜ ਸ਼ਹਿਰਾਂ ‘ਤੇ ਹਮਲੇ ਤੇਜ਼ ਕਰ ਦਿੱਤੇ ਹਨ ਅਤੇ ਹੋਰ ਸੈਨਿਕਾਂ ਨੂੰ ਜੰਗੀ ਮੋਰਚਿਆਂ ‘ਤੇ ਭੇਜਿਆ ਹੈ। ਡੋਨਾਬਾਸ ਦੇ ਸੈਂਕੜੇ ਮੀਲ ਲੰਮੇ ਇਲਾਕੇ ਵਿੱਚ ਲੜਾਈ ਸ਼ੁਰੂ ਹੋ ਗਈ ਹੈ। ਜੇਕਰ ਰੂਸ ਇਸ ਇਲਾਕੇ ‘ਤੇ ਕਬਜ਼ਾ ਕਰਨ ਵਿੱਚ ਸਫਲ ਹੋ ਜਾਂਦਾ ਹੈ ਤਾਂ ਰੂਸੀ ਰਾਸ਼ਟਰਪਤੀ ਵਲਾਦਮੀਰ ਪੂਤਿਨ ਲਈ ਇਹ ਵੱਡੀ ਜਿੱਤ ਹੋਵੇਗੀ।
ਡੋਨਾਬਾਸ ਵਿੱਚ ਤਬਾਹੀ ਝੱਲ ਰਹੇ ਬੰਦਰਗਾਹੀ ਸ਼ਹਿਰ ਮਾਰਿਓਪੋਲ ਵਿੱਚ ਯੂਕਰੇਨ ਦੇ ਸੈਨਿਕਾਂ ਨੇ ਦੱਸਿਆ ਕਿ ਰੂਸੀ ਫ਼ੌਜ ਨੇ ਇੱਕ ਵੱਡੇ ਸਟੀਲ ਪਲਾਂਟ ਨੂੰ ਤਬਾਹ ਕਰਨ ਲਈ ਭਾਰੀ ਬੰਬਾਰੀ ਕੀਤੀ। ਇਹ ਸਟੀਲ ਪਲਾਂਟ ਸੁਰੱਖਿਆ ਕਰਮੀਆਂ ਦਾ ਆਖ਼ਰੀ ਟਿਕਾਣਾ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਇੱਕ ਹਸਪਤਾਲ ਨੂੰ ਵੀ ਨਿਸ਼ਾਨਾ ਬਣਾਇਆ, ਜਿੱਥੇ ਸੈਂਕੜੇ ਲੋਕ ਠਹਿਰੇ ਹੋਏ ਹਨ। ਯੂਕਰੇਨ ਦੇ ਜਨਰਲ ਸਟਾਫ਼ ਨੇ ਅੱਜ ਦੱਸਿਆ ਕਿ ਰੂਸ ਨੇ ਪੂਰਬ ਵਿੱਚ ਵੱਖ-ਵੱਖ ਥਾਵਾਂ ‘ਤੇ ਹਮਲਾਵਰ ਕਾਰਵਾਈ ਜਾਰੀ ਰੱਖੀ ਹੋਈ ਹੈ ਅਤੇ ਉਸ ਦੀਆਂ ਫ਼ੌਜਾਂ ਯੂਕਰੇਨ ਦੀ ਸੁਰੱਖਿਆ ਵਿੱਚ ਕਮਜ਼ੋਰ ਪੁਆਇੰਟ ਲੱਭ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਮਾਰਿਓਪੋਲ ਵਿੱਚ ਅਜ਼ੋਵਸਟਲ ਸਟੀਲ ਮਿੱਲ ਵਿੱਚ ਆਖ਼ਰੀ ਵਿਰੋਧ ਨੂੰ ਹਰਾਉਣਾ ਰੂਸ ਦੀ ਸਿਖਰਲੀ ਪਹਿਲ ਹੈ। ਪੂਰਬੀ ਸ਼ਹਿਰ ਖਾਰਕੀਵ ਅਤੇ ਕਰਮਤੋਰਸਕ ਵੱਡੇ ਹਮਲਿਆਂ ਦੀ ਲਪੇਟ ਵਿੱਚ ਹਨ।
ਰੂਸ ਨੇ ਵੀ ਕਿਹਾ ਹੈ ਕਿ ਉਸ ਨੇ ਡੋਨਾਬਾਸ ਦੇ ਪੱਛਮ ਵਿੱਚ ਜੈਪੋਰਿਜ਼ੀਆ ਤੇ ਨਿਪਰੋ ਦੇ ਨੇੜਲੇ ਇਲਾਕਿਆਂ ‘ਤੇ ਮਿਜ਼ਾਈਲ ਹਮਲੇ ਕੀਤੇ ਹਨ। ਰੂਸੀ ਰੱਖਿਆ ਮੰਤਰਾਲੇ ਦੇ ਤਰਜਮਾਨ ਮੇਜਰ ਜਨਰਲ ਇਗੋਰ ਕੋਨਾਸ਼ੇਨਕੋਵ ਨੇ ਦੱਸਿਆ ਕਿ ਰੂਸੀ ਬਲਾਂ ਵੱਲੋਂ ਯੂਕਰੇਨ ਦੇ ਕਈ ਸੈਨਿਕ ਟਿਕਾਣਿਆਂ ‘ਤੇ ਹਮਲੇ ਕੀਤੇ ਜਾ ਰਹੇ ਹਨ, ਜਿਸ ਵਿੱਚ ਕਈ ਸ਼ਹਿਰਾਂ ਜਾਂ ਪਿੰਡਾਂ ਵਿੱਚ ਜਾਂ ਉਨ੍ਹਾਂ ਦੇ ਨੇੜੇ ਸੈਨਿਕਾਂ ਦੇ ਅੱਡੇ ਅਤੇ ਮਿਜ਼ਾਈਲ ਵਾਰਹੈੱਡ ਡਿਪੂ ਸ਼ਾਮਲ ਹਨ। ਇਸੇ ਦੌਰਾਨ ਰੂਸ ਦੇ ਰੱਖਿਆ ਮੰਤਰਾਲੇ ਨੇ ਦਾਅਵਾ ਕੀਤਾ ਕਿ ਰੂਸੀ ਬਲਾਂ ਨੇ ਰਾਤ ਨੂੰ ਯੂਕਰੇਨੀ ਫ਼ੌਜਾਂ ਦੇ 1,053 ਟਿਕਾਣਿਆਂ ‘ਤੇ ਹਮਲੇ ਕੀਤੇ ਹਨ ਅਤੇ 106 ਨੂੰ ਨਸ਼ਟ ਕੀਤਾ ਹੈ। ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਮੰਗਲਵਾਰ ਰਾਤ ਦੇਸ਼ ਦੇ ਨਾਂ ਜਾਰੀ ਵੀਡੀਓ ਸੰਦੇਸ਼ ਵਿੱਚ ਕਿਹਾ ਕਿ ਰੂਸੀ ਫ਼ੌਜ ਜੰਗ ਵਿੱਚ ਆਪਣਾ ਸਭ ਕੁੱਝ ਝੋਕ ਰਹੀ ਹੈ। ਦੇਸ਼ ਦੇ ਬਹੁਤੇ ਸੈਨਿਕ ਯੂਕਰੇਨ ਵਿੱਚ ਜਾਂ ਰੂਸੀ ਸਰਹੱਦਾਂ ‘ਤੇ ਮੌਜੂਦ ਹਨ।
Home Page ਰੂਸ-ਯੂਕਰੇਨ ਜੁੱਧ: ਰੂਸ ਵੱਲੋਂ ਯੂਕਰੇਨ ਦੇ ਵੱਖ-ਵੱਖ ਸ਼ਹਿਰਾਂ ‘ਤੇ ਹਮਲੇ ਤੇਜ਼