ਇਮੀਗ੍ਰੇਸ਼ਨ ਮੰਤਰੀ ਵੱਲੋਂ ਵਧਾਈ
ਆਕਲੈਂਡ, 22 ਸਤੰਬਰ (ਹਰਜਿੰਦਰ ਸਿੰਘ ਬਸਿਆਲਾ) – ਇਮੀਗ੍ਰੇਸ਼ਨ ਨਿਊਜ਼ੀਲੈਂਡ ‘2021 ਰੈਜ਼ੀਡੈਂਟ ਵੀਜ਼ਾ’ ਸ਼੍ਰੇਣੀ ਤਹਿਤ 1 ਦਸੰਬਰ ਤੋਂ 2021 ਤੋਂ ਅਰਜ਼ੀਆਂ ਲੈਣੀਆਂ ਸ਼ੁਰੂ ਕੀਤੀਆਂ ਸਨ ਅਤੇ ਪਹਿਲਾ ਵੀਜ਼ਾ 6 ਦਸੰਬਰ ਨੂੰ ਲਾ ਕੇ ਰੈਜ਼ੀਡੈਂਟ ਵੀਜ਼ਿਆਂ ਦੀਆਂ ਮੋਹਰਾਂ ਦੀ ਸ਼ਿਆਹੀ ਭਰ ਕੇ ਸਾਹਮਣੇ ਰੱਖ ਲਈਆਂ ਸਨ ਤੇ ਠਾਹ-ਠਾਹ ਜਾਰੀ ਹੈ। 18 ਸਤੰਬਰ ਤੱਕ ਜਾਰੀ ਅੰਕੜਿਆਂ ਅਨੁਸਾਰ ਹੁਣ ਤੱਕ ਕੁੱਲ 106,059 ਅਰਜ਼ੀਆਂ ਪ੍ਰਾਪਤ ਕੀਤੀਆਂ ਗਈਆਂ ਹਨ ਜਿਨ੍ਹਾਂ ਦੇ ਵਿਚੋਂ 54,216 ਅਰਜ਼ੀਆਂ ਪਾਸ ਕਰ ਦਿੱਤੀਆਂ ਗਈਆਂ ਹਨ ਅਤੇ 101,349 ਤੋਂ ਵੱਧ ਲੋਕ ਰੈਜੀਡੈਂਟ ਵੀਜ਼ਾ ਪ੍ਰਾਪਤ ਕਰ ਚੁੱਕੇ ਹਨ। ਕੁੱਲ ਪ੍ਰਾਪਤ ਅਰਜ਼ੀਆਂ ਦੇ ਵਿਚ 2,14,416 ਲੋਕ ਸ਼ਾਮਿਲ ਨੇ ਜਿਨ੍ਹਾਂ ਨੇ ਰੈਜੀਡੈਂਟ ਵੀਜ਼ੇ ਪ੍ਰਾਪਤ ਕਰਨੇ ਨੇ। 133 ਅਰਜ਼ੀਆਂ ਅਯੋਗ ਵੀ ਪਾਈਆਂ ਗਈਆਂ ਹਨ। ਇਹ ਸਾਰਾ ਕੁਝ ਇਮੀਗ੍ਰੇਸ਼ਨ ਨੇ 18 ਮਹੀਨਿਆਂ ਦੇ ਵਿਚ ਨਿਬੇੜਨਾ ਹੈ ਅਤੇ ਦਸੰਬਰ ਤੱਕ ਬਹੁਤਿਆਂ ਦੇ ਹੋਰ ਵੀਜ਼ੇ ਲੱਗ ਸਕਦੇ ਹਨ। ਦਿਤੇ ਵੇਰਵੇ ਅਨੁਸਾਰ ਅਜੇ 1,12, 934 ਹੋਰ ਲੋਕਾਂ ਦੇ ਪੱਕੇ ਹੋਣ ਦੀ ਆਸ ਬਣੀ ਹੋਈ ਹੈ।
ਨਿਊਜ਼ੀਲੈਂਡ ਨੂੰ ਆਪਣਾ ਘਰ ਬਨਾਉਣ ਲਈ ਇਮੀਗ੍ਰੇਸ਼ਨ ਮੰਤਰੀ ਵੱਲੋਂ ਸਵਾਗਤ
ਇਮੀਗ੍ਰੇਸ਼ਨ ਮੰਤਰੀ ਸ੍ਰੀ ਮਾਈਕਲ ਵੁੱਡ ਨੇ ਕਿਹਾ ਹੈ ਕਿ ਇਕ ਲੱਖ ਤੋਂ ਵੱਧ ਲੋਕਾਂ ਨੇ ਨਿਊਜ਼ੀਲੈਂਡ ਨੂੰ ਹੁਣ ਆਰ-21 ਵੀਜਾ ਪ੍ਰਣਾਲੀ ਅਧੀਨ ਆਪਣਾ ਘਰ ਬਣਾਇਆ ਹੈ, ਤੇ ਇਹ ਨਿਊਜ਼ੀਲੈਂਡ ਨੂੰ ਹੁਣ ਆਪਣਾ ਘਰ ਕਹਿ ਸਕਦੇ ਹਨ। ਪ੍ਰਵਾਸੀ ਕਮਿਊਨਿਟੀ ਅਤੇ ਕੀਵੀ ਬਿਜ਼ਨਸ ਦੇ ਲਈ ਇਹ ਸਹਿਜਤਾ ਵਾਲੀ ਅਵਸਥਾ ਹੈ। ਨਵੇਂ ਪ੍ਰਵਾਸੀ ਨਵੇਂ ਹੁਨਰ ਦੇ ਨਾਲ ਇਥੇ ਕੰਮ ਕਰ ਰਹੇ ਹਨ ਤੇ ਆਰਥਿਕ ਵਿਕਾਸ ਵਿਚ ਸਹਿਯੋਗ ਕਰ ਰਹੇ ਹਨ। ਪੱਕੇ ਹੋਇਆਂ ਦੇ ਵਿਚ 3721 ਹੈਲਥ ਵਰਕਰ, 11368 ਕੰਸਟ੍ਰਕਸ਼ਨ ਵਾਲੇ, 576 ਅਧਿਆਪਕ ਵੀ ਸ਼ਾਮਿਲ ਹਨ।
Home Page ਰੈਜ਼ੀਡੈਂਟ-21 ਵੀਜ਼ੇ:101,349 ਲੋਕਾਂ ਨੂੰ ਲੱਗ ਗਿਆ ਹੈ ਹੁਣ ਤੱਕ ਰੈਜ਼ੀਡੈਂਟ ਵੀਜ਼ਾ-112,934 ਹੋਰ...