ਰੱਗਬੀ: ਨਿਊਜ਼ੀਲੈਂਡ ਸੇਵਨਜ਼ ਦੋ ਸਾਲ ਦੀ ਗ਼ੈਰ-ਹਾਜ਼ਰੀ ਤੋਂ ਬਾਅਦ 2023 ਵਿੱਚ ਹੈਮਿਲਟਨ ‘ਚ ਵਾਪਸੀ

ਆਕਲੈਂਡ, 30 ਮਈ – ਕੋਵਿਡ -19 ਮਹਾਂਮਾਰੀ ਦੇ ਕਾਰਣ ਦੋ ਸਾਲਾਂ ਦੀ ਗ਼ੈਰ-ਹਾਜ਼ਰੀ ਤੋਂ ਬਾਅਦ ਇੰਟਰਨੈਸ਼ਨਲ ਸੇਵਨਜ਼ ਸੀਰੀਜ਼ ਇਸ ਵਾਰ ਗਰਮੀਆਂ ਵਿੱਚ ਹੈਮਿਲਟਨ ਵਿੱਚ ਵਾਪਸੀ ਕਰ ਰਹੀ ਹੈ।
ਨਿਊਜ਼ੀਲੈਂਡ ਰੱਗਬੀ ਨੇ 21-22 ਜਨਵਰੀ 2023 ਨੂੰ ਐਫਐਮਜੀ ਸਟੇਡੀਅਮ ਵਾਇਕਾਟੋ ਵਿਖੇ ਨਿਊਜ਼ੀਲੈਂਡ ਦੀ ਸਭ ਤੋਂ ਵੱਡੀ ਸਪੋਰਟਿੰਗ ਪਾਰਟੀ ਦੀ ਵਾਪਸੀ ਦਾ ਐਲਾਨ ਕੀਤੀ ਹੈ, ਜਿੱਥੇ ਬਲੈਕ ਫਰਨਜ਼ ਸੇਵਨਜ਼ ਅਤੇ ਆਲ ਬਲੈਕ ਸੇਵਨਜ਼ ਦੀਆਂ ਟੀਮਾਂ ਆਪਣੇ-ਆਪਣੇ ਖ਼ਿਤਾਬਾਂ ਦਾ ਬਚਾਓ ਕਰਨਗੀਆਂ।
2021 ਅਤੇ 2022 ਦੀ ਸੀਰੀਜ਼ ਨਾ ਹੋਣ ਤੋਂ ਬਾਅਦ ਹੁਣ ਵਰਲਡ ਰੱਗਬੀ ਸੇਵਨ ਸੀਰੀਜ਼ ਦਾ ਹੈਮਿਲਟਨ ਵਿਖੇ ਹੋਣ ਵਾਲੇ ਇਸ ਟੂਰਨਾਮੈਂਟ ਦੇ ਪੁਰਸ਼ਾਂ ਅਤੇ ਔਰਤਾਂ ਦੇ ਪੂਰੇ ਮੈਚਾਂ ਦਾ ਸਕਾਈ ਚੈਨਲ ‘ਤੇ ਲਾਈਵ ਪ੍ਰਸਾਰਨ ਕੀਤਾ ਜਾਏਗਾ। NZ ਰੱਗਬੀ ਦੇ ਟੂਰਨਾਮੈਂਟਾਂ ਅਤੇ ਪ੍ਰਤੀਯੋਗਤਾਵਾਂ ਦੇ ਮੁਖੀ ਕੈਮਰਨ ਗੁੱਡ ਨੇ ਕਿਹਾ ਕਿ ਈਵੈਂਟ ਇੰਡਸਟਰੀ ਲਈ ਦੋ ਔਖੇ ਸਾਲਾਂ ਬਾਅਦ ਇਹ ਐਲਾਨ ਇੱਕ ਚੰਗਾ ਪਲ ਹੈ।
ਵਰਲਡ ਰੱਗਬੀ ਆਉਣ ਵਾਲੇ ਦਿਨਾਂ ਵਿੱਚ 2023 ਵਿੱਚ ਹੋਣ ਵਾਲੇ ਵਰਲਡ ਰੱਗਬੀ ਸੇਵਨਜ਼ ਸੀਰੀਜ਼ ਦੇ ਕਾਰਜ-ਕਰਮ ਦਾ ਐਲਾਨ ਕਰੇਗੀ। ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਸੇਵਨਜ਼ ਸੀਰੀਜ਼ ਆਖ਼ਰੀ ਵਾਰ 2020 ਵਿੱਚ ਖੇਡੀ ਗਈ ਸੀ ਪਰ ਪਿਛਲੇ ਦੋ ਸੀਜ਼ਨਾਂ ਤੋਂ ਵਰਲਡ ਰੱਗਬੀ ਸੇਵਨਜ਼ ਸੀਰੀਜ਼ ਤੋਂ ਗ਼ਾਇਬ ਹੈ ਕਿਉਂਕਿ ਕੋਵਿਡ ਨੇ ਇੰਟਰਨੈਸ਼ਨਲ ਸੇਵਨ ਸ਼ੈਡਿਊਲ ‘ਤੇ ਤਬਾਹੀ ਮਚਾਈ ਸੀ।