ਲਖੀਮਪੁਰ ਖੀਰੀ (ਯੂਪੀ), 12 ਅਕਤੂਬਰ – ਇੱਥੇ 3 ਅਕਤੂਬਰ ਨੂੰ ਹੋਈ ਲਖੀਮਪੁਰ ਹਿੰਸਾ ਦੌਰਾਨ ਗੱਡੀਆਂ ਨਾਲ ਦਰੜ ਕੇ ਮਾਰੇ ਗਏ 4 ਕਿਸਾਨਾਂ ਤੇ 1 ਪੱਤਰਕਾਰ ਦੀ ਤਿਕੋਨੀਆ ਪਿੰਡ ਨੇੜੇ ਹੋਈ ਸਾਂਝੀ ‘ਅੰਤਿਮ ਅਰਦਾਸ’ ਵਿੱਚ ਸ਼ਾਮਲ ਕਿਸਾਨ ਆਗੂਆਂ ਨੇ ਅੱਜ ਐਲਾਨ ਕੀਤਾ ਕਿ ਕਿਸਾਨਾਂ ਦੀ ਕੁਰਬਾਨੀ ਅਜਾਈਂ ਨਹੀਂ ਜਾਵੇਗੀ ਤੇ ਜਦੋਂ ਤੱਕ ਇਨਸਾਫ਼ ਨਹੀਂ ਮਿਲਦਾ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਵਿੱਢੇ ਸੰਘਰਸ਼ ਦਾ ਘੇਰਾ ਹੋਰ ਮੋਕਲਾ ਕਰਨ ਦਾ ਸੰਕਲਪ ਦੁਹਰਾਇਆ। ਆਗੂਆਂ ਨੇ ਕਿਹਾ ਕਿ ਭਾਜਪਾ-ਆਰਐੈੱਸਐੱਸ ਦੀ ਫ਼ਿਰਕੂ ਤੇ ਫੁੱਟਪਾਊ ਸਿਆਸਤ ਜ਼ਰੀਏ ਕਿਸਾਨਾਂ ਦੇ ਅੰਦੋਲਨ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕੀਤਾ ਜਾਵੇਗਾ। ਸੰਯੁਕਤ ਕਿਸਾਨ ਮੋਰਚਾ ਤੇ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ, ਜਿਨ੍ਹਾਂ ਵਿੱਚ ਰਾਕੇਸ਼ ਟਿਕੈਤ, ਦਰਸ਼ਨ ਪਾਲ, ਜੋਗਿੰਦਰ ਸਿੰਘ ਉਗਰਾਂਹਾ, ਧਰਮਿੰਦਰ ਮਲਿਕ ਸ਼ਾਮਲ ਸਨ, ਤੋਂ ਇਲਾਵਾ ਸਥਾਨਕ ਕਿਸਾਨ ਯੂਨੀਅਨ ਦੇ ਆਗੂਆਂ ਨੇ ਵੀ ‘ਅੰਤਿਮ ਅਰਦਾਸ’ ਦੌਰਾਨ ਕਿਸਾਨਾਂ ਤੇ ਪੱਤਰਕਾਰ ਨੂੰ ਸ਼ਰਧਾਂਜਲੀਆਂ ਦਿੱਤੀਆਂ।
ਤਿਕੋਨੀਆ ਦੇ ਸਾਹਿਬਜ਼ਾਦਾ ਇੰਟਰ ਕਾਲਜ ਦੇ ਖੁੱਲ੍ਹੇ ਮੈਦਾਨ ਵਿੱਚ ਲੱਗੀ ਸਟੇਜ ‘ਤੇ ਬਹਿਰਾਈਚ ਜ਼ਿਲ੍ਹੇ ਨਾਲ ਸਬੰਧਿਤ ਪੀੜਤ ਕਿਸਾਨ ਦਲਜੀਤ ਸਿੰਘ ਤੇ ਗੁਰਵਿੰਦਰ ਸਿੰਘ, ਖੀਰੀ ਜ਼ਿਲ੍ਹੇ ਦੇ ਕਿਸਾਨ ਨਛੱਤਰ ਸਿੰਘ ਤੇ ਲਵਪ੍ਰੀਤ ਸਿੰਘ ਦੇ ਪਰਿਵਾਰਕ ਮੈਂਬਰ ਅਤੇ ਨਿਗਹਾਸਨ (ਖੀਰੀ) ਦੇ ਪੱਤਰਕਾਰ ਰਮਨ ਕਸ਼ਯਪ ਦਾ ਭਰਾ ਤੇ ਧੀ ਉਨ੍ਹਾਂ ਦੀਆਂ ਫ਼ੋਟੋਆਂ ਲੈ ਕੇ ਬੈਠੇ ਹੋਏ ਸਨ। ਇਸ ਤੋਂ ਪਹਿਲਾਂ ਪਿੰਡ ਦੇ ਕੌਡੀਆਲਾ ਘਾਟ ਗੁਰਦੁਆਰੇ ਵਿੱਚ ‘ਅਖੰਡ ਪਾਠ’ ਦੇ ਭੋਗ ਪਾਏ ਗਏ।
ਕਾਂਗਰਸ ਆਗੂ ਪ੍ਰਿਯੰਕਾ ਗਾਂਧੀ, ਰਾਜ ਸਭਾ ਮੈਂਬਰ ਦੀਪੇਂਦਰ ਹੁੱਡਾ, ਅਜੈ ਕੁਮਾਰ ਲੱਲੂ ਤੇ ਹੋਰਨਾਂ ਕਾਂਗਰਸੀ ਆਗੂਆਂ ਨਾਲ ਦੁਪਹਿਰ ਇੱਕ ਵਜੇ ਦੇ ਕਰੀਬ ‘ਅੰਤਿਮ ਅਰਦਾਸ’ ਵਾਲੇ ਪੰਡਾਲ ਵਿੱਚ ਪੁੱਜੇ। ਇਸ ਮੌਕੇ ਹੋਰਨਾਂ ਸਿਆਸੀ ਆਗੂਆਂ ਵਿੱਚ ਸਮਾਜਵਾਦੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਾਮਪਾਲ ਸਿੰਘ ਯਾਦਵ, ਡਾ.ਆਰ.ਏ.ਉਸਮਾਨੀ, ਰਾਸ਼ਟਰੀ ਲੋਕ ਦਲ ਦੇ ਪ੍ਰਧਾਨ ਜੈਯੰਤ ਚੌਧਰੀ ਵੀ ਮੌਜੂਦ ਸਨ। ਮੋਰਚੇ ਵੱਲੋਂ ਕੀਤੇ ਐਲਾਨ ਮੁਤਾਬਿਕ ਅੱਜ ਕਿਸੇ ਵੀ ਸਿਆਸੀ ਆਗੂ ਨੂੰ ਸਟੇਜ ਸਾਂਝੀ ਕਰਨ ਦੀ ਆਗਿਆ ਨਹੀਂ ਦਿੱਤੀ ਗਈ।
ਅੰਤਿਮ ਅਰਦਾਸ ਵਿੱਚ ਸਿਰਫ਼ ਉੱਤਰ ਪ੍ਰਦੇਸ਼ ਤੇ ਲਖੀਮਪੁਰ ਜ਼ਿਲ੍ਹੇ ਦੇ ਕਿਸਾਨ ਹੀ ਨਹੀਂ ਬਲਕਿ ਪੰਜਾਬ, ਹਰਿਆਣਾ, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਰਾਜਸਥਾਨ ਤੇ ਹੋਰਨਾਂ ਰਾਜਾਂ ਦੇ ਕਿਸਾਨ ਵੀ ਸ਼ਾਮਲ ਹੋਏ। ਯੂਪੀ ਸਰਕਾਰ ਨੇ ਲੋਕਾਂ ਨੂੰ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਤੋਂ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਪੁਲੀਸ ਰੋਕਾਂ ਦੇ ਬਾਵਜੂਦ ਲੋਕ ਵੱਡੀ ਗਿਣਤੀ ਵਿੱਚ ਤਿਕੋਨੀਆ ਪੁੱਜਣ ਵਿੱਚ ਸਫਲ ਰਹੇ। ਕਿਸਾਨਾਂ ਨੇ ਸਪਸ਼ਟ ਐਲਾਨ ਕੀਤਾ ਕਿ ਉਹ ਭਾਜਪਾ-ਆਰਐੱਸਐੱਸ ਦੀ ਵੰਡਪਾਊ ਸਿਆਸਤ ਨੂੰ ਉਨ੍ਹਾਂ ਦਾ ਏਕਾ ਤੋੜਨ ਦੀ ਇਜਾਜ਼ਤ ਨਹੀਂ ਦੇਣਗੇ। ਮੋਰਚੇ ਦੇ ਆਗੂਆਂ ਨੇ ਇਕ ਬਿਆਨ ਵਿੱਚ ਕਿਹਾ, “ਇਕ ਸ਼ਾਂਤਮਈ ਤੇ ਜਮਹੂਰੀ ਅੰਦੋਲਨ ਨੂੰ ਕੁਚਲਣ ਦੀ ਭਾਜਪਾ ਦੀਆਂ ਕੋਸ਼ਿਸ਼ਾਂ ਨੂੰ ਹੁਣ ਤੱਕ ਪੂਰੇ ਦੇਸ਼ ਨੇ ਵੇਖਿਆ ਹੈ। ਅਸੀਂ ਅੰਦੋਲਨ ਨੂੰ ਲੀਹੋਂ ਉੱਤਰਨ ਨਹੀਂ ਦੇਵਾਂਗੇ ਤੇ ਹੋਰ ਮਜ਼ਬੂਤ ਹੋ ਕੇ ਨਿਕਲਾਂਗੇ”। ਉਨ੍ਹਾਂ ਕਿਹਾ ਕਿ ਲਖੀਮਪੁਰ ਹਿੰਸਾ ਮਾਮਲੇ ‘ਚ ਪੀੜਤਾਂ ਨੂੰ ਇਨਸਾਫ਼ ਮਿਲਣ ਤੱਕ ਸੰਘਰਸ਼ ਜਾਰੀ ਰਹੇਗਾ।
ਕਿਸਾਨ ਆਗੂਆਂ ਨੇ ਕਿਹਾ ਕਿ ਯੂਪੀ ਦੇ ਸਾਰੇ ਜ਼ਿਲ੍ਹਿਆਂ ਤੇ ਹੋਰਨਾਂ ਰਾਜਾਂ ਵਿੱਚ ਕਲਸ਼ ਯਾਤਰਾਵਾਂ ਕੱਢਣ ਲਈ, ਦਸਹਿਰੇ ਮੌਕੇ 15 ਅਕਤੂਬਰ ਨੂੰ ਭਾਜਪਾ ਆਗੂਆਂ ਦੇ ਪੁਤਲੇ ਸਾੜਨ ਤੇ 18 ਅਕਤੂਬਰ ਨੂੰ ਰੇਲ ਰੋਕੋ ਲਈ ਸਮੁੱਚੀ ਯੋਜਨਾ ਜਾਰੀ ਕੀਤੀ ਜਾਵੇਗੀ। ਕਿਸਾਨ ਆਗੂਆਂ ਨੇ ਪੁਣਛ ਵਿੱਚ ਦਹਿਸ਼ਤਗਰਦਾਂ ਨਾਲ ਮੁਕਾਬਲੇ ਦੌਰਾਨ ਸ਼ਹੀਦ ਹੋਏ ਫ਼ੌਜੀਆਂ ਜਸਵਿੰਦਰ ਸਿੰਘ, ਸਾਰਜ ਸਿੰਘ, ਗੱਜਣ ਸਿੰਘ, ਮਨਦੀਪ ਸਿੰਘ ਤੇ ਵੈਸਾਖ ਐੱਚ. ਨੂੰ ਵੀ ਸ਼ਰਧਾਂਜਲੀ ਦਿੱਤੀ। ਡਾ. ਰਾਮ ਮਨੋਹਰ ਲੋਹੀਆ ਦੀ 54ਵੀਂ ਬਰਸੀ ਮੌਕੇ ਉਨ੍ਹਾਂ ਨੂੰ ਵੀ ਯਾਦ ਕੀਤਾ ਗਿਆ। ਸ਼ਰਧਾਂਜਲੀ ਸਮਾਗਮ ਨੂੰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਡਾ.ਦਰਸ਼ਨ ਪਾਲ, ਬੀਕੇਯੂ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਬੀਕੇਯੂ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਆਦਿ ਨੇ ਵੀ ਸੰਬੋਧਨ ਕੀਤਾ।
ਪ੍ਰੋਗਰਾਮ ਵਾਲੀ ਥਾਂ ਪੰਡਾਲ ਦੇ ਅੰਦਰ ਤੇ ਬਾਹਰ ਵੱਡੀ ਗਿਣਤੀ ਸੁਰੱਖਿਆ ਮੁਲਾਜ਼ਮ ਤਾਇਨਾਤ ਸਨ। ਲਖਨਊ ਦੇ ਕਮਿਸ਼ਨਰ, ਏਡੀਜੀ, ਆਈਜੀ ਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਖ਼ੁਦ ਤਿਕੋਨੀਆ ਵਿੱਚ ਡੇਰਾ ਲਾ ਕੇ ਸੁਰੱਖਿਆ ਪ੍ਰਬੰਧਾਂ ‘ਤੇ ਨਜ਼ਰ ਰੱਖੀ। ਅਮਨ ਤੇ ਕਾਨੂੰਨ ਬਣਾਈ ਰੱਖਣ ਲਈ ਪੁਲੀਸ, ਪੀਏਸੀ ਤੇ ਨੀਮ ਫ਼ੌਜੀ ਬਲਾਂ ਦੀ ਤਾਇਨਾਤੀ ਕੀਤੀ ਗਈ ਸੀ।
ਕਿਸਾਨਾਂ ਨੂੰ ਨਿਆਂ ਦਿਵਾਉਣ ਲਈ ਆਖ਼ਰੀ ਸਾਹ ਤੱਕ ਲੜਾਂਗੀ: ਪ੍ਰਿਯੰਕਾ
ਪ੍ਰਿਯੰਕਾ ਨੇ ਪੱਤਰਕਾਰਾਂ ਨੂੰ ਕਿਹਾ ਕਿ ਅੱਜ ਮੈਂ ਅੰਤਿਮ ਅਰਦਾਸ ਲਈ ਆਈ ਹਾਂ। ਇਸ ਲਈ ਕੁੱਝ ਨਹੀਂ ਬੋਲਾਂਗੀ, ਹਾਂ ਇੰਨਾ ਜ਼ਰੂਰ ਹੈ ਕਿ ਆਖ਼ਰੀ ਸਾਹਾਂ ਤੱਕ ਕਿਸਾਨਾਂ ਨੂੰ ਨਿਆਂ ਦਿਵਾਉਣ ਲਈ ਲੜਾਂਗੀ। ਪੰਡਾਲ ‘ਚ ਹੋਰਨਾਂ ਪਾਰਟੀ ਆਗੂਆਂ ਨਾਲ ਪੁੱਜੀ ਪ੍ਰਿਯੰਕਾ ਗਾਂਧੀ ਨੇ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਿਆ ਤੇ ਉੱਥੇ ਪਈਆਂ ਮ੍ਰਿਤ ਕਿਸਾਨਾਂ ਦੀਆਂ ਤਸਵੀਰਾਂ ‘ਤੇ ਫੁੱਲ ਚੜ੍ਹਾਏ।
ਅਜੈ ਮਿਸ਼ਰਾ ਨੂੰ ਨਾ ਹਟਾਇਆ ਤਾਂ ਅੰਦੋਲਨ ਤੇਜ਼ ਕਰਾਂਗੇ: ਟਿਕੈਤ
ਬੀਕੇਯੂ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਗ੍ਰਹਿ ਰਾਜ ਮੰਤਰੀ ਅਜੈ ਕੁਮਾਰ ਮਿਸ਼ਰਾ ਨੂੰ ਉਨ੍ਹਾਂ ਦੇ ਅਹੁਦੇ ਤੋਂ ਨਾ ਹਟਾਉਣ ‘ਤੇ ਅੰਦੋਲਨ ਤੇਜ਼ ਕਰਨ ਦੀ ਚਿਤਾਵਨੀ ਦਿੱਤੀ। ਟਿਕੈਤ ਨੇ ਕਿਹਾ ਕਿ 15 ਅਕਤੂਬਰ ਨੂੰ ਦਸਹਿਰੇ ਮੌਕੇ ਭਾਜਪਾ ਸਰਕਾਰ ਦੀ ਕਿਸਾਨ ਵਿਰੋਧੀ ਸਰਗਰਮੀਆਂ ਨੂੰ ਉਜਾਗਰ ਕਰਨ ਲਈ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਸਮੇਤ ਹੋਰਨਾਂ ਭਾਜਪਾ ਆਗੂਆਂ ਦੇ ਪੁਤਲੇ ਫੂਕੇ ਜਾਣਗੇ।
Home Page ਲਖੀਮਪੁਰ ਖੀਰੀ ਹਿੰਸਾ: ‘ਅੰਤਿਮ ਅਰਦਾਸ’ ਵਿੱਚ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ...