AUSTRALIA/NEWZEALAND ECSTASY TOUR-2019
ਪ੍ਰੋ. ਪੂਰਨ ਸਿੰਘ ਹੋਰਾਂ ਆਖਿਆ ਸੀ ਕਿ ਪਿਆਰ ਵਿੱਚ ਮੋਏ ਬੰਦਿਆਂ ਦੇ ਬਚਨ, ਕਵਿਤਾ ਹੁੰਦੇ ਹਨ। ਡਾ: ਸਤਿੰਦਰ ਸਰਤਾਜ ਦੀ ਗੱਲ ਕਰੀਏ ਤਾਂ ਉਸ ਕੋਲ ਵਰ੍ਹਿਆਂ ਦਾ ਅਧਿਐਨ ਹੈ, ਖੂਬਸੂਰਤ ਅਵਾਜ਼ ਤੇ ਅੰਦਾਜ਼ ਹੈ, ਸੰਗੀਤਕ ਖੜਾਕ ਤੋਂ ਹੱਟ ਕੇ ਸੁਤੀਆਂ ਕਲਾਂ ਜਗਾਉਂਦੀਆਂ ਧੁੰਨਾਂ ਹਨ, ਮੱਸਿਆ ਰੰਗੇ ਸਫਿਆਂ ਤੇ ਚਾਨਣ ਰੰਗੇ ਅੱਖਰ ਉੱਕਰਦੀ ਸ਼ਾਇਰੀ ਐ। ਇੱਕ ਸਮਾਂ ਸੀ ਕਿ ਰਵਿੰਦਰ ਨਾਥ ਟੈਗੋਰ ਪੰਜਾਬੀ ਬੋਲੀ ਦੀ ਭਾਵੁਕਤਾ, ਮਿਠਾਸ ਅਤੇ ਸੁੰਦਰਤਾ ਤੋਂ ਪ੍ਰਭਾਵਤ ਹੋ ਕੇ ਉੱਘੇ ਐਕਟਰ ਸਵ. ਬਲਰਾਜ ਸਾਹਨੀ ਨੂੰ ਆਖਣ ਲੱਗੇ ਕਿ ਆਪਣੀ ਮਾਂ-ਬੋਲੀ ਵਿੱਚ ਲਿਖੋ। ਤੇ ਜਿਹੜੀ ਲੋਕ-ਬੋਲੀ ਟੈਗੋਰ ਸਾਹਿਬ ਤੋਂ ਪ੍ਰਭਾਵਿਤ ਹੋਏ ਸਨ ਉਹ ਸੀ ਅਖੇ, ‘ਲੱਛੀਏ ਜਿੱਥੇ ਤੂੰ ਪਾਣੀ ਡੋਲਿਆ, ਉਥੇ ਉੱਗ ਪਏ ਚੰਦਨ ਦੇ ਬੂਟੇ’…। ਸੋ ਰੌਲਾ-ਰੱਪਾ ਜਿੰਨਾਂ ਮਰਜ਼ੀ ਵੱਧ ਜਾਵੇ ਪਰ ਵਗਦੀ ਹਨ੍ਹੇਰੀ ਤੇ ਤੱਤੀਆਂ ਹਵਾਂਵਾਂ ਵਿੱਚ ਠੰਡੇ ਬੁੱਲੇ ਵਰਗੀ ਤਾਜ਼ਗੀ ਲੈ ਕੇ, ਮਾਖਿਓਂ ਮਿੱਠੀ ਬੋਲੀ ਪੰਜਾਬੀ ਦਾ ਸਰਵਣ ਪੁੱਤ ਬਣ ਕੇ ਸਮਿਆਂ ਦਾ ਸਰਤਾਜ, ਆਣ ਅਲਖ ਜਗਾਉਂਦਾ ਹੈ। ਸਾਂਈ ਵੇ ਸਾਡੀ ਫਰਿਆਦ ਤੇਰੇ ਤਾਂਈ,
ਸਾਂਈ ਵੇ ਮਿਹਨਤਾਂ ਦੇ ਮੁਲ ਵੀ ਪੁਆਈਂ,
ਸਾਂਈ ਵੇ ਮਾੜਿਆਂ ਦੀ ਮੰਡੀ ਨਾ ਵਿਕਾਈਂ, ਸਾਂਈ ਜੇ ਸਾਜ਼ ਰੁੱਸ ਗਏ ਤਾਂ ਮਨਾਈਂ,
ਸਾਂਈ ਵੇ ਕੰਨੀ ਕਿਸੇ ਗੀਤ ਦੀ ਫੜਾਈਂ, ਸਾਂਈ ਵੇ ਸੱਚੀ ‘ਸਰਤਾਜ’ ਹੀ ਬਣਾਈਂ…..
ਮੈਨੂੰ ਯਾਦ ਐ ਮੱਧ ਜੂਨ ਤੋਂ ਮੱਧ ਜੁਲਾਈ 2009 ਤੱਕ, ਆਪਣੀ ਘੁੱਮਕੜ ਤਬੀਅਤ ਦੇ ਮੱਦੇਨਜ਼ਰ ਉੱਤਰੀ ਅਮਰੀਕਾ ਖੇਤਰ ਦੇ ਦੌਰੇ ਤੇ ਸਾਂ। ੩ ਜੁਲਾਈ ਸ਼ਾਮ ਸਮੇਂ ਸੂਫ਼ੀ ਕਲਾਕਾਰ ਡਾ. ਸਤਿੰਦਰ ਦੀ ਮਹਿਫਿਲ ਦਾ ਆਨੰਦ ਮਾਣਿਆ।ਸਤਿੰਦਰ ਸਰਤਾਜ ਦੀ ਮਹਿਫਿਲ ਦਾ ਇਕ ਟਿਕਟ, ਇਕਬਾਲ ਮਾਹਲ ਹੋਰਾਂ ਨੇ ਮੇਰੇ ਲਈ ਰਾਖਵਾਂ ਰੱਖਿਆਂ ਹੋਇਆ ਸੀ। ਮਿਸੀਸਾਗਾ (ਟੋਰੰਟੋ) ਦੇ ਆਰਟ ਸੈਂਟਰ ਦੇ ਬਾਹਰ ਖੜੀ ਭੀੜ ਵਿੱਚ ਸਾਰੇ ਤਰ੍ਹਾਂ ਦੇ ਸਰੋਤਿਆਂ ਦੇ ਵਰਗ ਨਜ਼ਰ ਆਏ ਸਨ । ਸੰਨ ਚੁਰਾਸੀ ਤੋਂ ਬਾਅਦ ਗਰਮ ਖਿਆਲੀ ਬਣੇ ਸ. ਸੁਖਦੇਵ ਸਿੰਘ ਹੰਸਰਾ ਮਿਲੇ, ਤਰਕਸ਼ੀਲ ਸੁਸਾਇਟੀ ਦੇ ਅਵਤਾਰ ਹੋਰੀਂ, ਰੇਡੀਓ ਤੇ ਅਖਬਾਰਾਂ ਦੇ ਨੁਮਾਇੰਦੇ, ਟਰੱਕ ਡਰਾਈਵਰ ਅਤੇ ਲਹਿੰਦੇ ਪੰਜਾਬ ਦੇ ਪਰਿਵਾਰ ਵੀ ਸਰਤਾਜ ਦੇ ਅੰਦਾਜ਼ ਵੇਖਣ ਲਈ ਪੱਬਾਂ ਭਾਰ ਹੋਏ ਫਿਰਦੇ ਸਨ। ਹਾਲ ਦੇ ਅੰਦਰ ਸ਼ਾਂਤ ਮਾਹੌਲ ਅਤੇ ਕੁੱਝ ਪਲਾਂ ਬਾਅਦ ਉੱਘੇ ਪੇਸ਼ਕਾਰ ਪ੍ਰੋ. ਨਿਰਮਲ ਜੌੜਾ ਹੋਰਾਂ ਨੇ ਸਰਤਾਜ ਨੂੰ ਪੇਸ਼ ਕੀਤਾ। ਮਹਿਫਿਲ ਦਾ ਮਾਹੌਲ ਅਦਬ ਅਤੇ ਸ਼ਾਇਰੀ ਦੇ ਰੰਗ ਵਿੱਚ ਅਗਾਊਂ ਰੰਗਿਆ ਹੋਇਆ ਸੀ।ਖੈਰ, ਸਰਤਾਜ ਹੋਰਾਂ ਨੇ ‘ਸਾਂਈ’ ਗੀਤ ਛੋਹਿਆ ਤਾਂ ਇੰਜ ਲੱਗਿਆ ਕਿ ਪੁਰਾਤਨ ਪੰਜਾਬ ਦੀ ਸੱਥ ਵਿੱਚ ਬੈਠਾ ਬਾਬਾ ਵਾਰਸ ਸ਼ਾਹ, ਖੁਦਾ ਤੋਂ ਜ਼ਜ਼ਬੇ ਮੰਗ ਰਿਹਾ ਹੋਵੇ। ਉਪਰੰਤ ‘ਫਿਲਹਾਲ ਹਵਾਵਾਂ ਰੁਮਕਦੀਆਂ…. ਗੀਤ ਦੇ ਨਾਲ-ਨਾਲ ਸਰੋਤੇ ਵੀ ਗਾਉਣ ਲੱਗੇ। ਤੁਰੰਤ ਬਾਅਦ ਫਿਜ਼ਾ ਦੇ ਵਿੱਚ ਇਹ ਸਤਰਾਂ ਗੂੰਜੀਆਂ:- ਤੇਰਾ ਖੂਨ ਠੰਡਾ ਹੋ ਗਿਆ ਮਸਲਾ ਖੌਲਦਾ ਨਹੀਂ ਏ, ਏਹੋ ਵਿਰਸੇ ਦਾ ਮਸਲਾ ਮਖੌਲ ਦਾ ਨਹੀਂ ਏ,
ਤੈਨੂੰ ਅਜੇ ਨਈਂ ਖਿਆਲ, ਪਤਾ ਉਦੋਂ ਈ ਲੱਗੂਗਾ…
ਜਦੋਂ ਆਪ ਹੱਥੀ ਚੋਇਆ ਸ਼ਹਿਦ ਜ਼ਹਿਰੀ ਹੋ ਗਿਆ…
ਪਾਣੀ ਪੰਜਾਂ ਦਰਿਆਵਾਂ ਵਾਲਾ ਨਹਿਰੀ ਹੋ ਗਿਆ…
ਮੁੰਡਾ ਪਿੰਡ ਦਾ ਸੀ ਸ਼ਹਿਰ ਜਾ ਕੇ ਸ਼ਹਿਰੀ ਹੋ ਗਿਆ..
ਸੰਗੀਤ ਦੇ ਨਾਲ ਉਹਦੀ ਹੱਥਾਂ ਦੀ ਵਜਦੀ ਤਾੜੀ ਨਾਲ ਮਹਿਫਿਲ ਦਾ ਰੰਗ ਹੋਰ ਦਾ ਹੋਰ ਹੁੰਦਾ ਰਿਹਾ। ਕਦੇ ਕਦੇ ਇੰਜ ਵੀ ਹੋਇਆ ਕਿ ਸਰੋਤੇ ਗਾ ਰਹੇ ਸਨ ਅਤੇ ਸਰਤਾਜ ਹੋਰੀਂ ਅੱਖਾਂ ਬੰਦ ਕਰੀ ਸੁਣ ਰਹੇ ਸਨ। ਏਥੇ ਜੀਹਦਾ ਜ਼ਿਆਦਾ ਜ਼ੋਰ, ਉਹਦਾ ਉਨਾਂ ਜ਼ਿਆਦਾ ਧੰਧਾ, ਸੱਚੇ ਰੱਬ ਦੀਆਂ ਨੇਮਤਾਂ ਨੂੰ, ਗੌਲਦਾ ਨਈਂ ਬੰਦਾ, ਏਸ ਧਰਤੀ ‘ਤੇ ਹੱਕ ਚਲੋ ਵੱਧ ਘੱਟ ਹੋਣੇ,
ਪਰ ਇੱਕੋ ਜਿੰਨਾ ਸਭ ਦਾ ਆਕਾਸ਼ ਹੁੰਦਾ ਏ
ਹਰ ਆਦਮੀ ‘ਚ ਹੁੰਦੈ ਇਕ ਫੱਕਰ ਫਕੀਰ, ਹਰ ਆਦਮੀ ਦੇ ਅੰਦਰ ਆਯਾਸ਼ ਹੁੰਦਾ ਏ….
ਸੰਗੀਤ ਅਤੇ ਸ਼ਬਦ ਦਾ ਰੂਹਾਨੀ ਮੇਲ ਹੋ ਰਿਹਾ ਸੀ। ਨਾਥਾਂ ਦੇ ਟਿੱਲੇ ਤੋਂ ਏਸ ਮਹਿਫਿਲ ਤੱਕ ਪਹੁੰਚੀ, ਮੇਰੀ ਮਾਂ-ਬੋਲੀ ਪੰਜਾਬੀ ਅੱਜ ਲਫਜ਼ਾਂ ਦਾ ਰੇਸ਼ਮ ਪਹਿਨ ਕੇ ਮਹਾਰਾਣੀ ਬਣੀ ਬੈਠੀ ਜਾਪੀ। ਸੰਗੀਤ ਦੇ ਨਾਂ ਤੇ ਵਿਕਦਾ ਬਜ਼ਾਰੂ ਮਾਲ ਭਾਂਵੇ ਕਿ ਮੰਡੀਆਂ ਵਿੱਚ ਥੋੜੇ ਸਮੇਂ ਵਿਕ ਜਾਂਦੈ ਪਰ ਗੁਰਦਾਸ ਮਾਨ ਹੋਰਾਂ ਦੇ ਕਹੇ ਮੁਤਾਬਕ, ਕਿ ‘ਸੌਦਾ ਵਿਕਦਾ ਰਹੂ ਬਜ਼ਾਰੀਂ ਪਰ ਸੌਦਾ ਵੇਚ ਤਸੱਲੀ ਦਾ….’। ਏਸੇ ਕਰਕੇ ਅੰਤ ਨੂੰ ਮਿੱਤਰੋ! ਰੁਤਬੇ ਸਰਤਾਜ ਜਿਹੇ ਫਨਕਾਰਾਂ ਦੇ ਹਿੱਸੇ ਆਉਂਦੇ ਨੇ। ਲਗਾਤਾਰ ਸਾਢੇ ਤਿੰਨ ਘੰਟੇ ਡਾ. ਸਤਿੰਦਰਪਾਲ ਸਿੰਘ ਧਨੋਤਾ ਦੀ ਮਹਿਫਿਲ ਦਾ ਆਨੰਦ ਮਾਣਿਆ। ਸਰੋਤੇ ਆਪੋ-ਆਪਣੀ ਥਾਂ ਤੋਂ ਨਹੀਂ ਹਿੱਲੇ।ਵਿਚਾਲੇ ਜਿਹੇ ਉਸਨੇ ਸਮਾਜਿਕ ਸਾਰੋਕਾਰਾਂ ਦੀ ਗੱਲ ਛੂਹ ਲਈ:- ਕੌਮਾਂ ਦੀਆਂ ਕੌਮਾਂ ਤੁਸੀਂ ਟੋਟੇ ਟੋਟੇ ਕੀਤੀਆਂ ਨੇ, ਬੰਦਾ ਬੰਦਾ ਟੋਟੇ ਟੋਟੇ ਹੁੰਦਾ ਤੇ ਕਰਾਈ ਜਾਓ!
ਢਿੱਡ ਭਰੋ ਆਪਣਾ ਤੇ ਇਨ੍ਹਾਂ ਦੀ ਐ ਲੋੜ ਕਾਹਦੀ, ਭੁੱਖਿਆਂ ਨੂੰ ਲੰਮੀਆਂ ਕਹਾਣੀਆਂ ਸੁਣਾਈ ਜਾਓ!
ਖਾਈ ਜਾਓ, ਖਾਈ ਜਾਓ, ਵਿੱਚੋਂ ਵਿੱਚੋਂ ਖਾਈ ਜਾਓ, ਉੱਤੋਂ ਰੌਲਾ ਪਾਈ ਜਾਓ…..!!
ਏਸੇ ਤਰਜ਼ ਉੱਤੇ ਦੁਨੀਆਂ ਭਰ ਵਿੱਚ ਉਸਦੀਆਂ ਮਹਿਫਲਾਂ ਸੱਜਣ ਲੱਗੀਆਂ ਤੇ ਤੁਸੀਂ ਉਸ ਨੂੰ ਪ੍ਰਵਾਨ ਕੀਤਾ। ਖੈਰ! ਤੁਸੀਂ-ਅਸੀਂ ਜਾਣਦੇ ਹਾਂ ਕਿ ਸਰਤਾਜ ਨੂੰ ਹਰਮਨ-ਪਿਆਰਤਾ ਦਿਵਾਉਣ ਵਿੱਚ ‘ਯੂ-ਟਿਊਬ’ ਦਾ ਉੱਘਾ ਯੋਗਦਾਨ ਹੈ। ਪੰਜਾਬੀ ਗੀਤ ਅਤੇ ਗਾਇਕਾਂ ਦੇ ਖੇਤਰ ਵਿੱਚ ਆਲੋਚਨਾ ਦਾ ਖਿੱਤਾ ਵਿਹਲਾ ਪਿਐ, ਸੋ ਕੁੱਝ ਗੱਲਾਂ ਆਲੋਚਕ ਦੇ ਤੌਰ ‘ਤੇ ਵੀ ਲਿੱਖਾਂ (ਨਹੀਂ ਤਾਂ ਤੁਸੀਂ ਆਖੋਗੇ ਕਿ ਰਿਸ਼ਤੇਦਾਰੀ ਹੋਣ ਕਰਕੇ ਤਾਰੀਫ ਕੁੱਝ ਵੱਧ ਕਰ ਦਿੱਤੀ ਐ)। ਭਾਂਵੇਂ ਕਿ ਸੰਜੀਦਾ ਸਰੋਤਿਆਂ ਨੂੰ ਉਸਦੇ ‘ਪਹਿਲੀ ਕਿੱਕ ‘ਤੇ ਸਟਾਰਟ ਮੇਰਾ ਯਾਹਮਾ’ ਅਤੇ ‘ਬਿੱਲੋ ਜੀ’ ਵਰਗੇ ਗੀਤਾਂ ਤੋਂ ਅਲਰਜੀ ਹੈ ਪਰ ਗੱਲ ਐ ਕਿ ਉਹ ਸਰੋਤਿਆਂ ਦੀ ਨਬਜ਼ ਫੜ ਕੇ ਗਾਉਂਦੈ। ਉਸਦੀ ਤਾਰੀਫ ਕਰਦਿਆਂ ਆਸਟਰੇਲੀਆ ਵਸਿਆ ਉੱਘਾ ਪੇਸ਼ਕਾਰ ਵੀਰ ਹਰਜਿੰਦਰ ਜੌਹਲ ਲਿਖਦੈ, ‘ਉਸ ਦੀ ਆਵਾਜ਼ ਕਿਤੇ ਵਿਦਰੋਹੀ ਲਲਕਾਰ ਦਾ ਰੂਪ ਧਾਰਦੀ ਹੈ, ਕਿਤੇ ਤਰਲਾ, ਕਿਤੇ ਅਰਦਾਸ, ਦਿਲਾਸਾ ਤੇ ਧਰਵਾਸ, ਕਿਤੇ ਉਦਰੇਂਵਾਂ, ਕਿਤੇ ਖੁਸ਼ੀ ਦਾ ਵੇਲਾ, ਕਿਤੇ ਕਿਲਕਾਰੀ, ਕਿਤੇ ਉਦਾਸੀ ਤੇ ਕਿਤੇ ਫਿਰ ਉਹ ਸ਼ਾਇਰੀ ਦੇ ਸਾਗਰ ਤਲ ਨੂੰ ਚੁੰਮਦੀ ਹੈ ਅਤੇ ਕਿਤੇ ਸੁਰ ਦੀ ਪਰਵਾਜ਼ ਬਣ ਨਿਭਦੀ ਹੈ।’ ਹਾਲਾਂਕਿ ਸਤਿੰਦਰ ਖੁਦ ਆਖਦੈ:-
ਸ਼ਾਇਰੀ ਦਾ ਘਰ ਦੂਰ ਸਤਿੰਦਰਾ, ਗਾਇਕੀ ਉਹਤੋਂ ਦੂਣੀ ਲਾ ਲੈ ਧੂਣੀ ਜੇ ਮੰਜਿਲ ਛੂਹਣੀ
ਕਿੱਦਾਂ ਗੀਤ ਲਿਖੇਂਗਾ, ਗਾਗਰ ਲਫਜ਼ਾਂ ਵਾਲੀ ਊਣੀ
ਪਿਆਰ ਵਿਹੂਣੀ, ਸੋਚ ਅਲੂਣੀ….
ਜ਼ਿਲਾ ਹੁਸ਼ਿਆਰਪੁਰ ਦੇ ਪਿੰਡ ਬਜਰਾਵਰ ਦੇ ਸੈਣੀ ਜ਼ਿਮੀਂਦਾਰਾਂ ਦਾ ਹੋਣਹਾਰ ਪੁੱਤ, ਆਪਣੇ ਪੁਰਖਿਆਂ ਤੋਂ ਮਿਲੀ ਰਿਵਾਇਤੀ ਖੁਸ਼ਬੋਈ ਅੱਜ ਦੁਨੀਆਂ ਭਰ ਦੇ ਪੰਜਾਬੀਆਂ ਨੂੰ ਵੰਡ ਰਿਹਾ ਹੈ।ਸੰਗਤਾਰ ਦੇ ਲਿਖੇ ਸ਼ਬਦ ਸ਼ਾਇਦ ਸਰਤਾਜ ਉੱਤੇ ਢੁੱਕਦੇ ਨੇ:- ਰਾਗ, ਤਾਲ ਦਾ ਕੰਮ ਉਮਰ ਦੀ ਸੀਰੀ ਐ ਵਿਰਲਾ ਈ ਕਰ ਸਕਦੈ, ਇਹੋ ਫਕੀਰੀ ਐ!
ਉਸਦੀਆਂ ਲੋਕ-ਰੰਗ ਵਿੱਚ ਭਿੱਜੀਆਂ ਤਸ਼ਬੀਹਾਂ ਨੇ ਪਰਦੇਸੀ ਪੰਜਾਬੀਆਂ ਦੇ ਮਨਾਂ ਤੇ ਟੂਣਾ ਕਰ ਦਿੱਤਾ ਐ। ਭਾਂਵੇਂ ਉਸ ਨੇ ਦਾਣਿਆਂ ਦਾ ਦਾਜ, ਫੁੱਲਾਂ ਦੇ ਸੁਭਾਅ ਦੀ ਗੱਲ ਕੀਤੀ, ਪਰ ਰਾਜਨੀਤਿਕ ਅਤੇ ਸਮਾਜਿਕ ਸਾਰੋਕਾਰ ਵੀ ਅਣਦੇਖੇ ਨਹੀਂ ਕੀਤੇ ਹਨ। ਪੰਜਾਬੀ ਯਨੂ ੀਵਰਸਿਟੀ, ਚੰਡੀਗੜ੍ਹ ਕੈਂਪਸ ਵਿੱਚ ਸੰਗੀਤ ਸਿਖਾਉਂਦਿਆਂ ਉਹ ਹਰ ਪਲ ਜਗਿਆਸੂ ਵਾਂਗ ਵਿਚਰਦਾ ਰਿਹਾ ਹੈ।ਅੱਜਕੱਲ ਸਾਰੀ ਦੁਨੀਆਂ ਉਸਦਾ ਵਿਹੜਾ ਹੈ। ਹਾਲੇ ਉਸ ਨੇ ਹੋਰ ਮੰਜ਼ਿਲਾਂ ਸਰ ਕਰਨੀਆਂ ਹਨ, ਉਸ ਦੇ ਆਪਣੇ ਲਫਜ਼ਾਂ ਵਿੱਚ:- ਹਾਲੇ ਤਾਂ ਸ਼ੁਰਅਾਤਾਂ ਮਿੱਤਰਾਂ, ਰੱਬ ਦੇ ਬਖਸ਼ੇ ਕਾਜ ਦੀਆਂ, ਬੜੀਆਂ ਲੰਮੀਆਂ ਰਾਹਵਾਂ ਨੇ, ‘ਸਤਿੰਦਰ’ ਤੋਂ ‘ਸਰਤਾਜ’ ਦੀਆਂ…
ਰੰਗ ਉਸਦਾ ਕਹਿਣਾ ਮੰਨਦੇ ਨੇ, ਉਹ ਸੁਰੀਲੇ ਇਸ਼ਾਰਿਆਂ ਨਾਲ ਮਲਹਾਰ, ਦੀਪਕ ਅਤੇ ਭੈਰਵੀ ਨੂੰ ਆਪਣੀ ਗਾਇਕੀ ਦੇ ਸੁਰੀਲੇ ਕੈਨਵਸ ‘ਤੇ ਉਤਾਰ ਕੇ ਆਪਣੇ ਪਿਆਰਿਆਂ ਦੇ ਰੂ-ਬਰੂ ਕਰ ਦਿੰਦਾ ਹੈ।
ਆਪਣੇ ਇਸ ਲੇਖ ਵਿੱਚ ਅੱਖਰਾਂ ਦੀ ਮਾਰਫਤ, ਆਪਣੇ ਇਸ ਹੋਣਹਾਰ ਗਰਾਈਂ, ਰਿਸ਼ਤੇਦਾਰ, ਠ੍ਹਓ ਭਲ਼ਅਛਖ ਫ੍ਰੀਂਛਓ ਵਰਗੀ ਇਤਿਹਾਸਿਕ ਸ਼ਾਹਕਾਰ ਫਿਲਮ ਦਾ ਅਦਾਕਾਰ ਅਤੇ ਚਹੇਤੇ ਕਲਾਕਾਰ
ਲਈ ਸੁਰਾਂ ਤੇ ਲਫਜ਼ਾਂ ਦੀ ਸਲੀਕੇ ਭਰੀ ਪੇਸ਼ਕਾਰੀ ਨੂੰ ਮੋਹ ਭਿੱਜਿਆ ਸਲਾਮ ਕਬੂਲ ਹੋਵੇ! ਕਿਉਂ ਜੋ:- ਹਨੇਰੇ ਦੀ ਨਦੀ ਤੋਂ ਪਾਰ ਹੈ, ਨਗਰੀ ਸਵੇਰੇ ਦੀ
ਉਹ ਅੱਜਕਲ ਗੀਤ ਕੀ ਰਚਦਾ, ਸੁਰਾਂ ਦੇ ਪੁਲ ਬਣਾਉਂਦਾ ਹੈ..
ਸੋ ਪਿਆਰਿਉ! ਆ ਜਾਉ ਫਿਰ, ਸਰਤਾਜ ਦੇ ਚਾਨਣ ਰੰਗੇ ਜਲਸਿਆਂ (10 ਮਈ-ਸ਼ੁਕਰਵਾਰ ਆਕਲੈਂਡ 11 ਮਈ-ਸ਼ਨੀਵਾਰ ਟੌਰੰਗਾ ਅਤੇ 12 ਮਈ-ਐਤਵਾਰ ਵਲਿੰਗਟਨ) ਦੀ ਰੌਣਕ ਵਧਾਈਏ। ਮੋਹ ਨਾਲ…ਪਰਮਿੰਦਰ ਸਿੰਘ ਪਾਪਾਟੋਏਟੋਏ
Columns ਲਫਜ਼ਾਂ ਅਤੇ ਸੁਰਾਂ ਦੀ ਰੰਗਤ ਲੈ ਕੈ ਹਾਜ਼ਰ ਹੈ- ਡਾ.ਸਤਿੰਦਰ ਸਰਤਾਜ