ਅੰਮ੍ਰਿਤਸਰ 17 ਜਨਵਰੀ – ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਰਾਸ਼ਟਰਪਤੀ ਸ੍ਰੀ ਪ੍ਰਣਾਬ ਮੁਖਰਜੀ, ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ, ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ, ਗਵਰਨਰ ਸ੍ਰੀ ਸ਼ਿਵਰਾਜ ਪਾਟਿਲ, ਕਾਨੂੰਨ ਮੰਤਰੀ ਸ੍ਰੀ ਅਸ਼ਵਨੀ ਕੁਮਾਰ, ਉਪ – ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ , ਕੇਂਦਰੀ ਸੂਚਨਾ ਮੰਤਰੀ ਸ੍ਰੀ ਮਨੀਸ਼ ਤਿਵਾੜੀ, ਲੋਕ ਸਭਾ ਮੈਂਬਰ ਸ. ਨਵਜੋਤ ਸਿੰਘ ਸਿੱਧੂ ਤੇ ਸ. ਪ੍ਰਤਾਪ ਸਿੰਘ ਬਾਜਵਾ ਨੂੰ ਵੱਖ ਵੱਖ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਲੁਧਿਆਣਾ ਦਿੱਲੀ ਐਕਪ੍ਰੈਸ ਸੜਕ ਨੂੰ ਅੰਮ੍ਰਿਤਸਰ ਦੇ ਵਾਹਗਾ ਸਰਹੱਦ ਤੀਕ ਵਧਾਇਆ ਜਾਵੇ ਤਾਂ ਜੋ ਇਸ ਦਾ ਲਾਭ ਦੁਆਬੇ ਤੇ ਮਾਝੇ ਦੇ ਨਾਲ ਨਾਲ ਉਨ੍ਹਾਂ ਲੱਖਾਂ ਯਾਤਰੂਆਂ ਨੂੰ ਮਿਲ ਸਕੇ ਜੋ ਦੇਸ਼ ਤੋਂ ਇਲਾਵਾ ਪਾਕਿਸਤਾਨ ਤੋਂ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਆਉਂਦੇ ਹਨ। ਪ੍ਰੈਸ ਨੂੰ ਜਾਰੀ ਬਿਆਨ ਵਿੱਚ ਮੰਚ ਆਗੂ ਨੇ ਕਿਹਾ ਕਿ ਦਿੱਲੀ ਤੋਂ ਪੰਜਾਬ ਨੂੰ ਐਕਪ੍ਰੈਸ ਬਨਾਉਣਾ ਇਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਇਸ ਨਾਲ ਜਿੱਥੇ ਸਫ਼ਰ ਦਾ ਸਮਾਂ ਘਟੇਗਾ, ਉੱਥੇ ਸੜਕੀਂ ਦੁਰਘਟਨਾਵਾਂ ਵਿੱਚ ਵੀ ਕਮੀ ਆਉਣ ਨਾਲ ਕੀਮਤੀ ਜਾਨਾਂ ਬਚਣਗੀਆਂ। ਇਸ ਸੜਕ ਨੂੰ ਚੰਡੀਗੜ੍ਹ ਨਾਲ ਤਾਂ ਜੋੜਨ ਦਾ ਤਾਂ ਫ਼ੈਸਲਾ ਕੀਤਾ ਗਿਆ ਹੈ ਪਰ ਮਹਾਰਾਜਾ ਰਣਜੀਤ ਦੀ ਗਰਮੀਆਂ ਦੀ ਰਾਜਧਾਨੀ ਤੇ ਸਿੱਖਾਂ ਦਾ ਮੱਕਾ ਕਹੀ ਜਾਣ ਗੁਰੂ ਦੀ ਨਗਰੀ ਨਾਲ ਨਾ ਜੋੜਨਾ ਇਹ ਸਿੱਧ ਕਰਦਾ ਹੈ ਕੇਂਦਰੀ ਤੇ ਪੰਜਾਬ ਸਰਕਾਰ ਦੀਆਂ ਨਜ਼ਰਾਂ ਵਿੱਚ ਇਸ ਦੀ ਉਹ ਅਹਿਮੀਅਤ ਨਹੀਂ ਜੋ ਕਿ ਚੰਡੀਗੜ੍ਹ ਦੀ ਹੈ। ਇਹ ਦੁਆਬੇ ਤੇ ਮਾਝੇ ਨਾਲ ਵਿਤਕਰਾ ਵੀ ਹੈ। ਪੰਜਾਬ ਸਰਕਾਰ ਪਹਿਲਾਂ ਹੀ ਸੌੜੀ ਨੀਤੀ ‘ਤੇ ਚਲਦੀ ਹੋਈ ਬਹੁਤੇ ਪ੍ਰੋਜੈਕਟ ਮਾਲਵੇ ਵਿੱਚ ਲਾ ਰਹੀ ਹੈ। ਹੈਰਾਨੀ ਦੀ ਗਲ ਹੈ ਕਿ ਪਤਾ ਨਹੀਂ ਮਾਝੇ ਤੇ ਦੁਆਬੇ ਦੇ ਆਗੂਆਂ ਦੀ ਕੀ ਮਜਬੂਰੀ ਹੈ ਕਿ ਇਸ ਵਿਤਕਰੇ ਵਿਰੁਧ ਆਪਣੀ ਆਵਾਜ਼ ਬੁਲੰਦ ਕਿਉਂ ਨਹੀਂ ਕਰਦੇ ? ਅਕਾਲੀ ਭਾਜਪਾ ਸਰਕਾਰ ਹੀ ਨਹੀਂ,ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀ ਨੀਤੀ ਵੀ ਮਾਲਵਾ ਪੱਖੀ ਸੀ।
Indian News ਲੁਧਿਆਣਾ ਦਿੱਲੀ ਐਕਪ੍ਰੈਸ ਸੜਕ ਨੂੰ ਅੰਮ੍ਰਿਤਸਰ ਦੇ ਵਾਹਗਾ ਸਰਹੱਦ ਤੀਕ ਵਧਾਇਆ...