ਸ਼੍ਰੋਮਣੀ ਅਕਾਲੀ ਦਲ 11, ਭਾਜਪਾ 10, ਲੋਕ ਇਨਸਾਫ਼ 7, ਆਪ 1 ਤੇ 4 ਆਜ਼ਾਦ ਜਿੱਤੇ
ਲੁਧਿਆਣਾ, 27 ਫਰਵਰੀ – ਸੂਬੇ ਦੀ ਸੱਤਾਧਾਰੀ ਕਾਂਗਰਸ ਪਾਰਟੀ ਨੇ ਲੁਧਿਆਣਾ ਨਗਰ ਨਿਗਮ ਦੀਆਂ ਚੋਣਾਂ ਵਿੱਚ 95 ਵਾਰਡਾਂ ਵਿੱਚੋਂ 62 ਵਾਰਡਾਂ ‘ਤੇ ਆਪਣੀ ਜਿੱਤ ਦੇ ਝੰਡੇ ਲਹਿਰਾ ਦਿੱਤੇ। ਕਾਂਗਰਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਨੇ 11, ਭਾਰਤੀ ਜਨਤਾ ਪਾਰਟੀ (ਭਾਜਪਾ) ਨੇ 10, ਵਿਧਾਇਕ ਬੈਂਸ ਭਰਾਵਾਂ ਦੀ ਲੋਕ ਇਨਸਾਫ਼ ਪਾਰਟੀ ਨੇ 7, ਆਮ ਆਦਮੀ ਪਾਰਟੀ ਨੇ 1 ਅਤੇ ਆਜ਼ਾਦ ਉਮੀਦਵਾਰਾਂ ਨੇ 4 ਵਾਰਡਾਂ ਉੱਤੇ ਜਿੱਤ ਹਾਸਲ ਕੀਤੀ ਹੈ। ਚੋਣਾਂ ਦੌਰਾਨ ਖ਼ਾਸ ਗੱਲ ਇਹ ਰਹੀ ਕਿ ਕਾਂਗਰਸ ਦੇ ਜ਼ਿਆਦਾਤਰ ਉਮੀਦਵਾਰ ਵੱਡੀ ਲੀਡ ਦੇ ਨਾਲ ਜਿੱਤੇ ਜਦੋਂ ਕਿ ਅਕਾਲੀ ਦਲ ਦੇ ਕਈ ਉਮੀਦਵਾਰਾਂ ਦੀ ਜਿੱਤ ਦਾ ਅੰਤਰ 14 ਤੋਂ 20 ਵੋਟਾਂ ਤੱਕ ਦਾ ਰਿਹਾ। ਜਦੋਂ ਕਿ ਸੂਬੇ ਦੀ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ ਨੇ 39 ਵਾਰਡਾਂ ਉੱਤੇ ਚੋਣ ਲੜੀ ਤੇ ਸਿਰਫ਼ 11 ਨੰਬਰ ਵਾਰਡ ਉੱਤੇ ਹੀ ਜਿੱਤ ਹਾਸਲ ਕੀਤੀ ਹੈ।
10 ਸਾਲਾਂ ਬਾਅਦ ਲੁਧਿਆਣਾ ਨਗਰ ਨਿਗਮ ਦੀ ਸਿਆਸਤ ਵਿੱਚ ਜ਼ਬਰਦਸਤ ਵਾਪਸੀ ਕਰਨ ਵਾਲੀ ਸੂਬੇ ਦੀ ਸੱਤਾਧਾਰੀ ਕਾਂਗਰਸ ਨੇ ਵਾਰਡ ਨੰਬਰ 3, 4, 7, 9, 10, 12, 13, 14, 15, 16, 18, 19, 20, 21, 22, 23, 24, 25, 27, 33, 35, 39, 43, 44, 45, 47, 48, 49, 51, 52, 53, 56, 58, 60, 63, 64, 65, 66, 67, 68, 69, 70, 71, 72, 73, 74, 75, 76, 78, 80, 81, 82, 83, 86, 87, 88, 90, 91, 92, 93, 94 ਅਤੇ 95 ਵਿੱਚ ਜਿੱਤ ਦਰਜ ਕੀਤੀ। ਪਿਛਲੇ ੧੦ ਸਾਲਾਂ ਤੋਂ ਲੁਧਿਆਣਾ ਨਗਰ ਨਿਗਮ ‘ਤੇ ਰਾਜ ਕਰਨ ਵਾਲੀ ਸ਼੍ਰੋਮਣੀ ਅਕਾਲੀ ਦਲ ਵਾਰਡ ਨੰਬਰ 1, 2, 6, 17, 26, 28, 29, 30, 34, 46 ਅਤੇ 54 ਵਿੱਚ ਜਿੱਤ ਦਰਜ ਕਰਨ ਵਿੱਚ ਕਾਮਯਾਬ ਰਹੀ। ਭਾਜਪਾ ਨੇ ਵਾਰਡ ਨੰਬਰ 8, 31, 57, 59, 62, 77, 79, 84, 85 ਅਤੇ 89 ਵਿੱਚ ਦਰਜ ਕੀਤੀ। ਵਿਧਾਇਕ ਬੈਂਸ ਭਰਾਵਾਂ ਦੀ ਲੋਕ ਇਨਸਾਫ਼ ਪਾਰਟੀ ਨੇ ਵਾਰਡ ਨੰਬਰ 32, 36, 37, 38, 40, 41 ਅਤੇ 50 ਵਿੱਚ ਜਿੱਤ ਦਰਜ ਕੀਤੀ। ਜਦੋਂ ਕਿ ਆਮ ਆਦਮੀ ਪਾਰਟੀ ਨੇ ਵਾਰਡ ਨੰਬਰ 11 ਵਿੱਚ ਜਿੱਤ ਦਰਜ ਕੀਤੀ। ਇਸੇ ਤਰ੍ਹਾਂ ਵਾਰਡ ਨੰਬਰ 5, 42, 55 ਅਤੇ 61 ਤੋਂ ਆਜ਼ਾਦ ਉਮੀਦਵਾਰ ਜੇਤੂ ਰਹੇ।
ਜ਼ਿਕਰਯੋਗ ਹੈ ਕਿ ਸ਼ਹਿਰ ਦੇ 95 ਵਾਰਡਾਂ ਵਿੱਚ ਗੱਠਜੋੜ ਨਾਲ ਚੋਣ ਲੜ ਰਹੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਲੋਕ ਇਨਸਾਫ਼ ਪਾਰਟੀ ਤੇ ਆਮ ਆਦਮੀ ਪਾਰਟੀ ਦਾ ਇਨ੍ਹਾਂ ਚੋਣਾਂ ਵਿੱਚ ਸਭ ਤੋਂ ਮਾੜਾ ਪ੍ਰਦਰਸ਼ਨ ਰਿਹਾ। ਇਹ ਦੋਵੇਂ ਪਾਰਟੀਆਂ ਆਪਣੀ ਵਿਧਾਨ ਸਭਾ ਵਿੱਚ ਮਿਲੀਆਂ ਵੋਟਾਂ ਦੀ ਫੀਸਦ ਨੂੰ ਵੀ ਬਚਾਉਣ ਵਿੱਚ ਕਾਮਯਾਬ ਨਹੀਂ ਹੋ ਸਕੀਆਂ। ਵਿਧਾਇਕ ਬੈਂਸ ਭਰਾਵਾਂ ਦੇ ਹਲਕਿਆਂ ਵਿੱਚ 24 ਵਾਰਡ ਆਉਂਦੇ ਸਨ ਜਿਨ੍ਹਾਂ ਵਿੱਚ ਸਿਰਫ਼ 7 ‘ਤੇ ਉਹ ਜਿੱਤ ਹਾਸਲ ਕਰ ਸਕੇ ਜਦੋਂ ਕਿ ਬਾਕੀ ਹਲਕਿਆਂ ਵਿੱਚ ਵਿਧਾਇਕ ਬੈਂਸ ਭਰਾਵਾਂ ਦਾ ਖਾਤਾ ਵੀ ਖੁੱਲ੍ਹ ਨਹੀਂ ਸਕਿਆ।ਜਦੋਂ ਕਿ ਆਮ ਆਦਮੀ ਪਾਰਟੀ ਨੇ ਵਾਰਡ ਨੰਬਰ ੧੧ ਤੋਂ ਜਿੱਤੀ ਜਦੋਂ ਕਿ ਬਾਕੀ ਕਿਸੇ ਵਾਰਡ ਵਿੱਚ ‘ਆਪ’ ਨੂੰ ਸਫਲਤਾ ਹਾਸਲ ਨਹੀਂ ਹੋਈ।
ਲੁਧਿਆਣਾ ਨਗਰ ਨਿਗਮ ਚੋਣਾਂ ਵਿੱਚ 62 ਵਾਰਡਾਂ ਉੱਤੇ ਮਿਲੀ ਜਿੱਤ ਤੋਂ ਬਾਗ਼ੋ-ਬਾਗ਼ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਲੁਧਿਆਣਾ ਨਗਰ ਨਿਗਮ ਚੋਣਾਂ ਦੌਰਾਨ ਲੋਕਾਂ ਨੇ ਕਾਂਗਰਸ ਸਰਕਾਰ ਦੀਆਂ ਨੀਤੀਆਂ ‘ਤੇ ਮੋਹਰ ਲਾਈ ਹੈ ਤੇ ਸਰਕਾਰ ਦੀਆਂ ਨੀਤੀਆਂ ਦੇ ਹੱਕ ਵਿੱਚ ਫ਼ਤਵਾ ਦਿੱਤਾ ਹੈ।
Home Page ਲੁਧਿਆਣਾ ਨਗਰ ਨਿਗਮ ਚੋਣਾਂ : ਕਾਂਗਰਸ ਪਾਰਟੀ ਨੇ 95 ਵਿੱਚੋਂ 62 ਵਾਰਡ...