ਪਟਿਆਲਾ, 25 ਜੂਨ – ਪਟਿਆਲਾ ਜ਼ਿਲ੍ਹੇ ਵਿੱਚ ਰਹਿ ਰਹੇ ਲੁਧਿਆਣਾ ਜ਼ਿਲ੍ਹੇ ਦੇ ਵਸ਼ਿੰਦਿਆਂ ਦੀ “ਰੈਜ਼ੀਡੈਂਟਸ ਵੈੱਲਫੇਅਰ ਐਸੋਸੀਏਸ਼ਨਜ਼” ਦੇ ਨੁਮਾਇੰਦਾ ਮੈਂਬਰਾਂ ਦੀ ਅੱਜ ਇੱਥੇ ਅਰਬਨ ਅਸਟੇਟ ਵਿੱਚ ਇੱਕ ਮੀਟਿੰਗ ਹੋਈ, ਜਿਸ ਵਿੱਚ ਇਸ ਸੰਸਥਾ ਦੀ ਮੈਂਬਰਸ਼ਿਪ ਉੱਪਰ ਤਸੱਲੀ ਪ੍ਰਗਟ ਕੀਤੀ ਗਈ। ਹੁਣ ਤੱਕ ਪਟਿਆਲਾ ਜ਼ਿਲ੍ਹੇ ਵਿੱਚ ਵੱਸ ਰਹੇ ਲੁਧਿਆਣਾ ਜ਼ਿਲ੍ਹੇ ਦੇ 170 ਵਸ਼ਿੰਦਿਆਂ ਦੀ ਸੂਚੀ ਬਣ ਚੁੱਕੀ ਹੈ। ਮੀਟਿੰਗ ਵਿੱਚ ਫ਼ੈਸਲਾ ਕੀਤਾ ਗਿਆ ਹੈ ਕਿ ਮੈਂਬਰਾਂ ਦੀ ਆਰਜ਼ੀ ਸੂਚੀ 30 ਜੂਨ ਤੱਕ ਬਣਾ ਲਈ ਜਾਵੇਗੀ। ਇਸ ਤੋਂ ਬਾਅਦ ਕੋਰ ਕਮੇਟੀ ਦੇ ਮੈਂਬਰਾਂ ਨੂੰ ਇਹ ਸੂਚੀ ਦੇ ਦਿੱਤੀ ਜਾਵੇਗੀ। ਮੈਂਬਰਾਂ ਦੇ ਨਾਂ, ਸਥਾਨਕ ਪਤੇ ਅਤੇ ਟੈਲੀਫ਼ੋਨ ਨੰਬਰਾਂ ਨੂੰ ਚੈੱਕ ਕਰਨ ਲਈ 15 ਜੁਲਾਈ ਤੱਕ ਦਾ ਸਮਾਂ ਦਿੱਤਾ ਜਾਵੇਗਾ। ਜਿਹੜੇ ਲੁਧਿਆਣਾ ਜ਼ਿਲ੍ਹੇ ਦੇ ਪਟਿਆਲਾ ਵਿਖੇ ਰਹਿ ਰਹੇ ਵਿਅਕਤੀ ਮੈਂਬਰ ਬਣਨਾ ਚਾਹੁੰਦੇ ਹੋਣਗੇ ਉਹ ਇਹ ਸੂਚੀ ਗੁਰਜੀਤ ਸਿੰਘ ਗੁਰੀ ਸਾਬਕਾ ਮਿਉਂਸਿਪਲ ਕੌਂਸਲਰ ਕੋਲੋਂ ਹਾਈਲੈਂਡ ਇਮੀਗਰੇਸ਼ਨਜ਼ ਜੇਲ੍ਹ ਰੋਡ ਨੇੜੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਜਾਂ ਸੁਖਦੇਵ ਮਹਿਤਾ ਮਹਿਤਾ ਪੈਟਰੋਲ ਪੰਪ ਵਾਲੇ ਕੋਲੋਂ ਵੇਖ ਸਕਦੇ ਅਤੇ ਨਾਮ ਲਿਖਵਾ ਸਕਦੇ ਹਨ। ਉਜਾਗਰ ਸਿੰਘ ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਨੂੰ ਤਾਲਮੇਲ ਕਰਨ ਦੀ ਜ਼ਿੰਮੇਵਾਰੀ ਲਗਾਈ ਗਈ। ਇਹ ਜਾਣਕਾਰੀ ਉਜਾਗਰ ਸਿੰਘ ਨੂੰ ਵੀ ਦਿੱਤੀ ਜਾ ਸਕਦੀ ਹੈ ਤਾਂ ਜੋ ਉਹ ਡਾਇਰੈਕਟਰੀ ਤਿਆਰ ਕਰ ਸਕਣ। ਡਾਇਰੈਕਟਰੀ ਵਿੱਚ ਮੈਂਬਰਾਂ ਦਾ ਲੁਧਿਆਣਾ ਜ਼ਿਲ੍ਹੇ ਦਾ ਪਿੰਡ, ਸ਼ਹਿਰ, ਕਸਬੇ ਅਤੇ ਤਹਿਸੀਲ ਦਾ ਨਾਮ, ਮੋਬਾਈਲ ਨੰਬਰ ਅਤੇ ਪਟਿਆਲਾ ਸਥਿਤ ਵਰਤਮਾਨ ਐਡਰੈੱਸ ਦਿੱਤਾ ਜਾਵੇ। ਡਾਇਰੈਕਟਰੀ ਤਿਆਰ ਹੋਣ ਤੋਂ ਬਾਅਦ ਮੈਂਬਰਾਂ ਦਾ ਆਪਸ ਵਿੱਚ ਤਾਲਮੇਲ ਵਧਾਉਣ ਲਈ ਮੀਟਿੰਗ ਕੀਤੀ ਜਾਵੇਗੀ। ਮੈਂਬਰਾਂ ਦੇ ਹਰ ਦੁੱਖ ਸੁੱਖ ਵਿੱਚ ਸ਼ਾਮਲ ਹੋਣ ਦੇ ਉਪਰਾਲੇ ਕੀਤੇ ਜਾਣਗੇ। ਇਹ ਵੀ ਫ਼ੈਸਲਾ ਕੀਤਾ ਗਿਆ ਹੈ ਕਿ ਮੈਂਬਰਾਂ ਦਾ ਇੱਕ ਵਟਸ ਅਪ ਗਰੁੱਪ ਬਣਾਇਆ ਜਾਵੇਗਾ ਜਿਸ ਉੱਪਰ ਜਾਣਕਾਰੀ ਦਿੱਤੀ ਜਾਇਆ ਕਰੇਗੀ। ਜਿਹੜੇ ਵਿਅਕਤੀਆਂ ਦੀ ਜਾਣਕਾਰੀ ਅਜੇ ਤੱਕ ਨਹੀਂ ਮਿਲ ਸਕੀ ਉਨ੍ਹਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਆਪਣੀ ਪੂਰੀ ਜਾਣਕਾਰੀ ਦੇਣ ਲਈ ਉਜਾਗਰ ਸਿੰਘ ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਨੂੰ ਮੋਬਾਈਲ ਨੰਬਰ-94178 13072 ‘ਤੇ ਸੰਪਰਕ ਕਰ ਸਕਦੇ ਹਨ। ਇਸ ਨੰਬਰ ‘ਤੇ ਵਟਸ ਅਪ ਵੀ ਕਰ ਸਕਦੇ ਹਨ। ਇਸ ਮੀਟਿੰਗ ਵਿੱਚ ਅਸ਼ੋਕ ਰੌਣੀ ਡਿਪਟੀ ਡਾਇਰੈਕਟਰ ਮਿਲਕਫੈੱਡ, ਗੁਰਜੀਤ ਸਿੰਘ ਗੁਰੀ ਸਾਬਕਾ ਕੌਂਸਲਰ, ਸੁਖਦੇਵ ਮਹਿਤਾ ‘ਮਹਿਤਾ ਪੈਟਰੋਲ ਪੰਪ’ ਵਾਲੇ ਅਤੇ ਉਜਾਗਰ ਸਿੰਘ ਸਾਬਕਾ ਲੋਕ ਸੰਪਰਕ ਅਧਿਕਾਰੀ, ਕੁਲਦੀਪ ਸਿੰਘ ਸੇਖੋਂ, ਸੁਰਜੀਤ ਸਿੰਘ ਅਤੇ ਬਲਵੀਰ ਸਿੰਘ ਗਿੱਲ ਸ਼ਾਮਲ ਹੋਏ। ਮੀਟਿੰਗ ਵਿੱਚ ਇਹ ਵੀ ਫ਼ੈਸਲਾ ਕੀਤਾ ਗਿਆ ਕਿ ਇਸ ਸੰਸਥਾ ਸੰਬੰਧੀ ਕੋਈ ਮੈਂਬਰ ਸੁਝਾਓ ਦੇਣਾ ਚਾਹੁੰਦਾ ਹੈ ਤਾਂ ਉਸ ਦਾ ਸੁਆਗਤ ਕੀਤਾ ਜਾਵੇਗਾ। ਇਹ ਸੰਸਥਾ ਦਾ ਕਿਸੇ ਸਿਆਸੀ ਪਾਰਟੀ ਨਾਲ ਸੰਬੰਧ ਨਹੀਂ ਹੋਵੇਗਾ। ਹਰ ਪਾਰਟੀ ਦੇ ਸਿਆਸਤਦਾਨ ਮੈਂਬਰ ਬਣ ਸਕਦੇ ਹਨ। ਲੁਧਿਆਣਾ ਜ਼ਿਲ੍ਹੇ ਤੋਂ ਆ ਕੇ ਬਹੁਤ ਸਾਰੇ ਪਤਵੰਤੇ ਵਿਅਕਤੀ ਇੱਥੇ ਵੱਸ ਚੁੱਕੇ ਹਨ ਜਿਨ੍ਹਾਂ ਵਿੱਚ ਸਿਆਸਤਦਾਨ, ਬੁੱਧੀਜੀਵੀ, ਲੇਖਕ, ਪ੍ਰੋਫੈਸਰ, ਡਾਕਟਰ, ਆਈ.ਏ.ਐੱਸ ਅਤੇ ਆਈ.ਪੀ.ਐੱਸ ਸ਼ਾਮਲ ਹਨ। ਉਨ੍ਹਾਂ ਵਿੱਚ ਮੁੱਖ ਤੌਰ ‘ਤੇ ਸ੍ਰੀ ਬ੍ਰਹਮ ਮਹਿੰਦਰਾ ਸੀਨੀਅਰ ਮੰਤਰੀ, ਦਲੀਪ ਕੌਰ ਟਿਵਾਣਾ ਲੇਖਕਾ, ਵਿਦਵਾਨ ਪ੍ਰਬੰਧਕ ਡਾ. ਹਰਭਜਨ ਸਿੰਘ ਦਿਓਲ, ਪੇਂਟਰ ਗੋਬਿੰਦਰ ਸੋਹਲ, ਆਈ.ਏ.ਐੱਸ. ਕੁਲਬੀਰ ਸਿੰਘ ਕੰਗ ਅਤੇ ਆਈ.ਪੀ.ਐੱਸ. ਗੁਪ੍ਰੀਤ ਸਿੰਘ ਗਿੱਲ ਸ਼ਾਮਲ ਹਨ।
Indian News ਲੁਧਿਆਣਾ ਰੈਜ਼ੀਡੈਂਟਸ ਵੈੱਲਫੇਅਰ ਐਸੋਸੀਏਸ਼ਨ ਦੀ ਡਾਇਰੈਕਟਰੀ ਲਗਭਗ ਤਿਆਰ