ਆਕਲੈਂਡ, 22 ਜਨਵਰੀ – ਕ੍ਰਿਸ ਹਿਪਕਿਨਜ਼ (44) ਨਿਊਜ਼ੀਲੈਂਡ ਦੇ ਅਗਲੇ ਪ੍ਰਧਾਨ ਮੰਤਰੀ ਹੋਣਗੇ, ਜਦੋਂ ਕਿ ਕਾਰਮੇਲ ਸੇਪੁਲੋਨੀ (46) ਉਪ ਪ੍ਰਧਾਨ ਮੰਤਰੀ ਹੋਣਗੇ ਅਤੇ ਕੇਲਵਿਨ ਡੇਵਿਸ ਡਿਪਟੀ ਲੇਬਰ ਲੀਡਰ ਬਣੇ ਰਹਿਣਗੇ।
ਹਿਪਕਿਨਜ਼ ਅਧਿਕਾਰਤ ਤੌਰ ‘ਤੇ ਹਾਲੇ ਪ੍ਰਧਾਨ ਮੰਤਰੀ ਨਹੀਂ ਬਣ ਸਕਣਗੇ ਜਦੋਂ ਤੱਕ ਮੌਜੂਦਾ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਅਧਿਕਾਰਤ ਤੌਰ ‘ਤੇ ਆਪਣਾ ਅਸਤੀਫ਼ਾ ਨਹੀਂ ਦੇ ਦਿੰਦੀ। ਉਹ ਬੁੱਧਵਾਰ ਨੂੰ ਅਧਿਕਾਰਤ ਤੌਰ ‘ਤੇ ਗਵਰਨਰ ਜਨਰਲ ਤੋਂ ਆਪਣੀ ਨਵੀਂ ਭੂਮਿਕਾ ਲਈ ਸਹੁੰ ਚੁੱਕਣਗੇ।
ਅੱਜ ਸੱਤਾਧਾਰੀ ਲੇਬਰ ਪਾਰਟੀ ਨੇ ਸਾਬਕਾ ਕੋਵਿਡ ਰਿਸਪਾਂਸ ਮੰਤਰੀ ਕ੍ਰਿਸ ਹਿਪਕਿਨਜ਼ ਨੂੰ ਜੈਸਿੰਡਾ ਆਰਡਰਨ ਦੀ ਥਾਂ ਆਪਣੇ ਨਵੇਂ ਪਾਰਟੀ ਲੀਡਰ ਵਜੋਂ ਚੁਣਿਆ ਅਤੇ ਨਿਊਜ਼ੀਲੈਂਡ ਦਾ ਅਗਲਾ ਪ੍ਰਧਾਨ ਮੰਤਰੀ ਬਣਾਇਆ।
ਹਿਪਕਿਨਜ਼ ਨੂੰ ਸੱਤਾਧਾਰੀ ਲੇਬਰ ਪਾਰਟੀ ਦੇ ਸਾਂਸਦਾਂ ਦਾ ਸਰਬਸੰਮਤੀ ਨਾਲ ਸਮਰਥਨ ਪ੍ਰਾਪਤ ਹੋਇਆ ਜਦੋਂ ਉਹ ਕ੍ਰਿਸ਼ਮਈ ਜੈਸਿੰਡਾ ਆਰਡਰਨ ਦੀ ਥਾਂ ਲੈਣ ਲਈ ਇਕਲੌਤਾ ਉਮੀਦਵਾਰ ਸਨ, ਪ੍ਰਧਾਨ ਮੰਤਰੀ ਜੈਸਿੰਡਾ ਨੇ ਪਿਛਲੇ ਹਫ਼ਤੇ ਰਾਸ਼ਟਰ ਨੂੰ ਹੈਰਾਨ ਕਰ ਦਿੱਤਾ ਜਦੋਂ ਉਨ੍ਹਾਂ ਨੇ ਐਲਾਨ ਕੀਤਾ ਕਿ ਉਹ ਪ੍ਰਧਾਨ ਮੰਤਰੀ ਵਜੋਂ ਪੰਜ ਸਾਲ ਤੋਂ ਵੱਧ ਸਮੇਂ ਬਾਅਦ ਅਸਤੀਫ਼ਾ ਦੇ ਰਹੀ ਹੈ।
ਗੌਰਤਲਬ ਹੈ ਕਿ ਕ੍ਰਿਸ ਹਿਪਕਿਨਜ਼ ਕੋਲ ਇੱਕ ਸਖ਼ਤ ਆਮ ਚੋਣ ਲੜਨ ਤੋਂ ਪਹਿਲਾਂ ਨੌਂ ਮਹੀਨਿਆਂ ਤੋਂ ਵੀ ਘੱਟ ਦਾ ਸਮਾਂ ਹੋਵੇਗਾ, ਓਪੀਨੀਅਨ ਪੋਲਾਂ ਇਹ ਦਰਸਾਉਂਦਾ ਹੈ ਕਿ ਉਨ੍ਹਾਂ ਦੀ ਪਾਰਟੀ ਆਪਣੇ ਰੂੜ੍ਹੀਵਾਦੀ ਵਿਰੋਧੀਆਂ ਤੋਂ ਪਿੱਛੇ ਚੱਲ ਰਹੀ ਹੈ।
ਹਿਪਕਿਨਜ਼ ਨੇ ਆਪਣੀ ਨਿਯੁਕਤੀ ਦਾ ਐਲਾਨ ਕਰਦੇ ਹੋਏ ਇੱਕ ਨਿਊਜ਼ ਕਾਨਫ਼ਰੰਸ ਵਿੱਚ ਕਿਹਾ ਕਿ, ‘ਇਹ ਮੇਰੇ ਜੀਵਨ ਦਾ ਸਭ ਤੋਂ ਵੱਡਾ ਸਨਮਾਨ ਅਤੇ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ’। ਉਨ੍ਹਾਂ ਕਿਹਾ ਮੈਂ ਅੱਗੇ ਆਉਣ ਵਾਲੀ ਚੁਣੌਤੀ ਤੋਂ ਉਤਸ਼ਾਹਿਤ ਅਤੇ ਉਤਸੁਕ ਹਾਂ’। ਹਿਪਕਿਨਜ਼ ਪਹਿਲੀ ਵਾਰ 2008 ਵਿੱਚ ਸੰਸਦ ਲਈ ਚੁਣਿਆ ਗਿਆ, ਉਹ ਮਹਾਂਮਾਰੀ ਪ੍ਰਤੀ ਸਰਕਾਰ ਦੀ ਪ੍ਰਤੀਕਿਰਿਆ ਦੇ ਸਾਹਮਣੇ ਇੱਕ ਘਰੇਲੂ ਨਾਮ ਬਣ ਗਿਆ। ਸਾਲ ਦੇ ਅੰਤ ਵਿੱਚ ਕੋਵਿਡ ਰਿਸਪਾਂਸ ਮੰਤਰੀ ਬਣਨ ਤੋਂ ਪਹਿਲਾਂ ਉਨ੍ਹਾਂ ਨੂੰ ਜੁਲਾਈ 2020 ਵਿੱਚ ਸਿਹਤ ਮੰਤਰੀ ਨਿਯੁਕਤ ਕੀਤਾ ਗਿਆ ਸੀ।
ਕ੍ਰਿਸ ਹਿਪਕਿਨਜ਼ ਨੇ ਪੈਸੀਫਿਕ ਮੂਲ ਦੀ ਕਾਰਮੇਲ ਸੇਪੁਲੋਨੀ ਨੂੰ ਨਿਊਜ਼ੀਲੈਂਡ ਦੇ ਪਹਿਲੇ ਉਪ ਪ੍ਰਧਾਨ ਮੰਤਰੀ ਵਜੋਂ ਨਾਮਜ਼ਦ ਕੀਤਾ। ਨਵੀਂ ਉਪ ਪ੍ਰਧਾਨ ਮੰਤਰੀ ਸੇਪੁਲੋਨੀ ਸਾਮੋਨ, ਟੋਂਗਨ ਅਤੇ ਨਿਊਜ਼ੀਲੈਂਡ ਯੂਰਪੀਅਨ ਮੂਲ ਦੀ ਹੈ ਅਤੇ ਆਕਲੈਂਡ ਵਿੱਚ ਰਹਿੰਦੀ ਹੈ। ਉਸ ਕੋਲ ਸੋਸ਼ਲ ਡਿਵੈਲਪਮੈਂਟ ਅਤੇ ਇੰਪਲਾਈਮੈਂਟ ਦੇ ਨਾਲ-ਨਾਲ ਆਰਟਸ, ਕਲਚਰਲ ਅਤੇ ਹੈਰੀਟੇਜ ਸਮੇਤ ਕਈ ਪੋਰਟਫੋਲੀਓਜ਼ ਹਨ।
ਕ੍ਰਿਸ ਹਿਪਕਿਨਜ਼ ਨੇ ਕਿਹਾ ਕਿ ਉਨ੍ਹਾਂ ਦੀ ਬਾਕੀ ਟੀਮ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ।
Home Page ਲੇਬਰ ਲੀਡਰਸ਼ਿਪ: ਸੰਸਦ ਮੈਂਬਰਾਂ ਨੇ ਕ੍ਰਿਸ ਹਿਪਕਿਨਜ਼ ਪ੍ਰਧਾਨ ਮੰਤਰੀ ਅਤੇ ਕਾਰਮੇਲ ਸੇਪੁਲੋਨੀ...