ਸੰਯੁਕਤ ਰਾਸ਼ਟਰ, 17 ਮਾਰਚ – ਅਮਰੀਕਾ ਦੀ ਉਪ-ਰਾਸ਼ਟਰਪਤੀ ਕਮਲਾ ਹੈਰਿਸ ਨੇ ਔਰਤਾਂ ਦੇ ਰੁਤਬੇ ਸਬੰਧੀ ਸੰਯੁਕਤ ਰਾਸ਼ਟਰ ਕਮਿਸ਼ਨ ਦੇ 65ਵੇਂ ਸੈਸ਼ਨ ‘ਚ ਸੰਬੋਧਨ ਦੌਰਾਨ ਦੁਨੀਆ ਭਰ ‘ਚ ਲੋਕਤੰਤਰ ਅਤੇ ਆਜ਼ਾਦੀ ‘ਚ ਨਿਘਾਰ ‘ਤੇ ਚਿੰਤਾ ਪ੍ਰਗਟਾਈ।
ਅਮਰੀਕੀ ਉਪ-ਰਾਸ਼ਟਰਪਤੀ ਹੈਰਿਸ ਨੇ ਸੰਯੁਕਤ ਰਾਸ਼ਟਰ ‘ਚ ਆਪਣੇ ਪਹਿਲੇ ਸੰਬੋਧਨ ‘ਚ ਕਿਹਾ ਕਿ ਲੋਕਤੰਤਰ ਦੀ ਸਥਿਤੀ ਮੂਲ ਤੌਰ ‘ਤੇ ਔਰਤਾਂ ਦੇ ਸ਼ਕਤੀਕਰਨ ‘ਤੇ ਨਿਰਭਰ ਕਰਦੀ ਹੈ ਅਤੇ ਫ਼ੈਸਲੇ ਲੈਣ ਦੀ ਪ੍ਰਕਿਰਿਆ ‘ਚੋਂ ਉਨ੍ਹਾਂ ਨੂੰ ਬਾਹਰ ਰੱਖਣਾ ਇਸ ਪਾਸੇ ਇਸ਼ਾਰਾ ਕਰਦਾ ਹੈ ਕਿ ‘ਲੋਕਤੰਤਰ ਵਿੱਚ ਖ਼ਾਮੀ’ ਹੈ।
ਉਨ੍ਹਾਂ ਕਿਹਾ, ‘ਔਰਤਾਂ ਦੀ ਹਿੱਸੇਦਾਰੀ ਲੋਕਤੰਤਰ ਨੂੰ ਮਜ਼ਬੂਤ ਬਣਾਉਂਦੀ ਹੈ।’ ਉਨ੍ਹਾਂ ਕਿਹਾ, ‘ਅਸੀਂ ਜਾਣਦੇ ਹਾਂ ਕਿ ਅੱਜ ਜਮਹੂਰੀਅਤ ‘ਤੇ ਦਬਾਅ ਵਧ ਰਿਹਾ ਹੈ। ਅਸੀਂ ਦੇਖਿਆ ਹੈ ਕਿ ਲਗਾਤਾਰ 15 ਸਾਲਾਂ ਤੋਂ ਦੁਨੀਆ ਭਰ ਵਿੱਚ ਆਜ਼ਾਦੀ ਦੀ ਸਥਿਤੀ ‘ਚ ਗਿਰਾਵਟ ਆਈ ਹੈ। ਇੱਥੋਂ ਤੱਕ ਕਿ ਮਾਹਿਰਾਂ ਦਾ ਮੰਨਣਾ ਹੈ ਕਿ ਲੰਘਿਆ ਵਰ੍ਹਾ ਲੋਕਤੰਤਰ ਅਤੇ ਆਜ਼ਾਦੀ ‘ਚ ਨਿਘਾਰ ਦੇ ਲਿਹਾਜ਼ ਪੱਖੋਂ ਸਭ ਤੋਂ ਬੁਰਾ ਸਾਲ ਰਿਹਾ।’ ਹੈਰਿਸ ਨੇ ਕਿਹਾ, ‘ਔਰਤਾਂ ਦੀ ਸਥਿਤੀ, ਲੋਕਤੰਤਰ ਦੀ ਸਥਿਤੀ ਹੈ ਅਤੇ ਅਮਰੀਕਾ ਦੋਵਾਂ ਨੂੰ ਬਿਹਤਰ ਬਣਾਉਣ ਲਈ ਕੰਮ ਕਰੇਗਾ’। ਗੌਰਤਲਬ ਹੈ ਕਿ ਇਹ ਵਰਚੂਅਲ ਸੈਸ਼ਨ 26 ਮਾਰਚ ਤੱਕ ਚੱਲਣਾ ਹੈ।
Home Page ਲੋਕਤੰਤਰ ‘ਚ ਔਰਤਾਂ ਨੂੰ ਫ਼ੈਸਲੇ ਲੈਣ ਤੋਂ ਰੋਕਣਾ ਖ਼ਾਮੀ ਦਾ ਸੰਕੇਤ: ਹੈਰਿਸ