ਆਕਲੈਂਡ (ਕੂਕ ਸਮਾਚਾਰ) -ਸ਼ਹੀਦ ਭਗਤ ਸਿੰਘ ਚੈਰੀਟੇਬਲ ਟ੍ਰਸਟ ਆਕਲੈਂਡ ਵੱਲੋਂ ਬੀਤੇ ਦਿਨ ਕ੍ਰਾਂਤੀ ਦੇ ਕਲਾਕਾਰ ਭਾਜੀ ਗੁਰਸ਼ਰਨ ਸਿੰਘ ਉਰਫ਼ ਮੰਨਾ ਸਿੰਘ ਨੂੰ ਯਾਦ ਕਰਦਿਆਂ ਹੋਇਆਂ ਪਾਪਾਟੋਏਟੋਏ ਹਾਲ ਵਿੱਚ ਸ਼ਰਧਾਂਜਲੀ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦੀ ਸ਼ੁਰੂਆਤ 3 ਵਜੇ ਦੇ ਕਰੀਬ ਅਨੁ ਕਲੋਟੀ ਜੀ ਨੇ ਸਟੇਜ ਸੰਭਾਲਦੇ ਹੋਏ ਕੀਤੀ ਅਤੇ ਸਭ ਤੋਂ ਪਹਿਲਾਂ ਅਮ੍ਰਿਤਪ੍ਰੀਤ ਕੌਰ ਨੂੰ ਪਾਸ਼ ਦੀ ਲਿਖੀ ਇੱਕ ਕਵਿਤਾ “ਮੇਰੇ ਤੋਂ ਆਸ ਨਾ ਕਰਿਓ” ਬੋਲਣ ਲਈ ਲੋਕਾਂ ਦੇ ਸਨਮੁਖ ਕੀਤਾ। ਇਸਦੇ ਉਪਰੰਤ ਹਾਜ਼ਰੀਨ ਨੂੰ ਭਾਜੀ ਗੁਰਸ਼ਰਨ ਸਿੰਘ ਦੇ ਜੀਵਨ ਅਤੇ ਵਿਚਾਰਾ ਦਰਸਾਉਂਦੀ ਦਸਤਾਵੇਜੀ ਵੀਡੀਓ ਵੀ ਦਿਖਾਈ ਗਈ। ਇਸ ਸਮਾਰੋਹ ਦੀ ਰੂਪ ਰੇਖਾ ਅਨੁਸਾਰ ਪ੍ਰੋ. ਬਲਵਿੰਦਰ ਚਾਹਲ ਨੇ ਗੁਰਸ਼ਰਨ ਸਿੰਘ ਜੀ ਬਾਰੇ ਆਪਣੇ ਨਿੱਜੀ ਤਜੁਰਬੇ ਨੂੰ ਓਥੇ ਇਕੱਤਰ ਹਾਜ਼ਰੀਨ ਨਾਲ ਸਾਂਝਾ ਕੀਤਾ ਜਿਸਨੂੰ ਕਿ ਹਰ ਕਿਸੇ ਨੇ ਬਡ਼ੇ ਗੌਰ ਨਾਲ ਸੁਣਿਆਂ। ਪ੍ਰਿਤਪਾਲ ਅਤੇ ਸੱਤਾ ਵੈਰੋਵਾਲਿਆ ਵੱਲੋਂ ਬੋਲੇ ਗੀਤ ਸਰੌਹਣਯੋਗ ਸਨ ਇਹਨਾ ਗੀਤਾਂ ਵਿੱਚ ਬਦਲਦੇ ਸਮਾਜਿਕ ਤਾਣੇ-ਬਾਣੇ ਅਤੇ ਵਿਗਡ਼ੇ ਹੋਏ ਪ੍ਰਜਾਤੰਤਰ ਦੀ ਗੱਲ ਕੀਤੀ ਗਈ ਸੀ। ਇਸਤੋਂ ਬਾਅਦ ਮੁਖਤਿਆਰ ਜੀ ਨੇ “ਅਕੂਪਾਈ ਆਕਲੈਂਡ ਮਿਸ਼ਨ” ਬਾਰੇ ਮਜੂਦ ਲੋਕਾਂ ਨੂੰ ਜਾਣਕਾਰੀ ਦਿੱਤੀ। ਇਸ ਮਿਸ਼ਨ ਨੂੰ ਵਧੇਰੇ ਸਪਸ਼ਟ ਕਰਨ ਲਈ ਕੁਝ ਵੀਡੀਓਸ ਵੀ ਦਿਖਾਈਆਂ ਗਈਆਂ। ਅਖੀਰ ਵਿੱਚ ਭਾਜੀ ਦੇ ਲਿਖੇ ਹੋਏ ਨਾਟਕ “ਟੋਆ” ਨੂੰ ਸਟੇਜ ਤੇ ਸਫਲਤਾਪੂਰਵਕ ਪੇਸ਼ ਕੀਤਾ ਗਿਆ ਜਿਸ ਵਿੱਚ ਦਿਖਾਇਆ ਗਿਆ ਕਿ ਵਿਗਡ਼ਿਆ ਹੋਇਆ ਸਰਕਾਰੀ ਪ੍ਰਸ਼ਾਸਨ ਜਨ ਸਾਧਾਰਣ ਨੂੰ ਗ਼ਰੀਬੀ ਦੇ ਟੋਏ ਵਿੱਚੋਂ ਕਢਣਾ ਹੀ ਨਹੀਂ ਚੌਹੁੰਦਾ। ਦਰਸ਼ਕਾਂ ਨੇ ਗੁਰਜੋਤ(ਸੇਵਾਦਾਰ), ਨਵਵਿਵੇਕ(ਹੌਲਦਾਰ ਅਤੇ ਜਥੇਦਾਰ), ਗੁਰਪ੍ਰੀਤ (ਟੋਏ ਵਿੱਚ ਡਿੱਗਾ ਆਦਮੀ), ਰਮਨ (ਵਿਦੇਸ਼ੀ ਇੰਟਰਵਿਊਵਰ), ਬਲਜਿੰਦਰ ਸਿੰਘ (ਮੰਤਰੀ) ਅਤੇ ਸਵਰਨਜੀਤ (ਪੀ.ਡਬਲੀਊ. ਡੀ ਅਧਿਆਕਾਰੀ, ਸਾਧੂ ਅਤੇ ਡਾਇਰੈਕਟਰ) ਦੇ ਕਿਰਦਾਰਾਂ ਨੂੰ ਦਿਲੋਂ ਮਾਣਿਆਂ ਅਤੇ ਸਰਾਹਿਆ। ਸਾਊਂਡ ਅਤੇ ਲਾਈਟਸ ਦਾ ਪ੍ਰਬੰਧ ਭਾਰਤੀ ਜੀ ਨੇ ਬਾਖੂਬੀ ਸੰਭਾਲਿਆ। ਇਥੇ ਅਵਤਾਰ ਸਿੰਘ ਹੋਣਾ ਵੱਲੋਂ ਕਿਤਾਬਾਂ ਦਾ ਸਟਾਲ ਵੀ ਲਗਾਇਆ ਗਿਆ ਸੀ ਜਿਸਦਾ ਕੇ ਸੂਜਵਾਨ ਲੋਕਾਂ ਨੇ ਕਾਫੀ ਫਾਇਦਾ ਉਠਾਇਆ। ਇਹ ਪ੍ਰੋਗਰਾਮ ਥੋਡ਼ੀਆਂ ਪਰ ਪ੍ਰਭਾਵਸ਼ਾਲੀ ਪੇਸ਼ਕਾਰੀਆਂ ਦੇ ਕਾਰਨ ਆਪਣੇ ਮੰਤਵ ਵਿੱਚ ਪੂਰਾ ਲੱਥਾ ਹੈ। ਸਭ ਪੇਸ਼ਕਾਰੀਆਂ ਵਿਸ਼ੇ ਨਾਲ ਸੰਬੰਧਤ ਸਨ ਜਿਸ ਵਿੱਚ ਥੋਡ਼ੀ ਬਹੁਤ ਕਮੀ ਨੂੰ ਅੱਖੋਂ ਪਰੋਖੇ ਕੀਤਾ ਜਾ ਸਕਦਾ ਹੈ। ਬੱਚਿਆਂ ਵੱਲੋਂ ਵੀ ਇਸ ਪ੍ਰੋਗਰਾਮ ਨੂੰ ਤਰਜੀਹ ਨਾਲ ਵੇਖਿਆ ਗਿਆ ਜੋ ਸਮਾਰੋਹ ਦੀ ਸਫਲਤਾ ਦੇ ਦਰਜੇ ਵਿੱਚ ਇਜ਼ਾਫ਼ਾ ਕਰਦਾ ਹੈ।
-Report by Yaadvinder