ਲੋਕ ਸਭਾ ’ਚ ਬੇਭਰੋਸਗੀ ਮਤਾ: ਮਨੀਪੁਰ ’ਚ ਭਾਜਪਾ ਨੇ ਭਾਰਤ ਮਾਤਾ ਦੀ ਹੱਤਿਆ ਕੀਤੀ – ਰਾਹੁਲ ਗਾਂਧੀ

ਨਵੀਂ ਦਿੱਲੀ, 9 ਅਗਸਤ – ਲੋਕ ਸਭਾ ’ਚ ਬੇਭਰੋਸਗੀ ਮਤੇ ਦੇ ਹੱਕ ’ਚ ਬੋਲਦਿਆਂ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਹਾਕਮ ਧਿਰ ਦੇ ਮੈਂਬਰਾਂ ਨੂੰ ਦੇਸ਼ਧ੍ਰੋਹੀ ਕਰਾਰ ਦਿੰਦਿਆਂ ਦੋਸ਼ ਲਾਇਆ ਹੈ ਕਿ ਭਾਜਪਾ ਦੀ ਸਿਆਸਤ ਨੇ ਮਨੀਪੁਰ ’ਚ ਭਾਰਤ ਮਾਤਾ ਦੀ ਹੱਤਿਆ ਕੀਤੀ ਹੈ। ਰਾਹੁਲ ਨੇ ਉੱਤਰ-ਪੂਰਬੀ ਸੂਬੇ ’ਚ ਹਿੰਸਾ ਨਾਲ ਸਿੱਝਣ ਦੇ ਢੰਗ-ਤਰੀਕੇ ’ਤੇ ਟਿੱਪਣੀ ਕਰਦਿਆਂ ਮੋਦੀ ਸਰਕਾਰ ਖ਼ਿਲਾਫ਼ ਤਿੱਖੇ ਹਮਲੇ ਕੀਤੇ।
ਲੋਕ ਸਭਾ ਦੀ ਮੈਂਬਰੀ ਬਹਾਲ ਹੋਣ ਮਗਰੋਂ ਆਪਣੇ ਪਹਿਲੇ ਸੰਬੋਧਨ ’ਚ ਰਾਹੁਲ ਗਾਂਧੀ ਨੇ ਮਨੀਪੁਰ ਨਾ ਜਾਣ ਲਈ ਪ੍ਰਧਾਨ ਮੰਤਰੀ ਦੀ ਨੁਕਤਾਚੀਨੀ ਕੀਤੀ ਅਤੇ ਦੋਸ਼ ਲਾਇਆ ਕਿ ਮੋਦੀ ਮਨੀਪੁਰ ਨੂੰ ਹਿੰਦੁਸਤਾਨ ਦਾ ਹਿੱਸਾ ਨਹੀਂ ਸਮਝਦੇ ਹਨ ਜਿਸ ਦਾ ਹਾਕਮ ਧਿਰ ਦੇ ਮੈਂਬਰਾਂ ਨੇ ਜ਼ੋਰਦਾਰ ਵਿਰੋਧ ਕੀਤਾ। ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਇਹ ਵੀ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਸਿਰਫ਼ ਦੋ ਲੋਕਾਂ ਅਮਿਤ ਸ਼ਾਹ ਅਤੇ ਗੌਤਮ ਅਡਾਨੀ ਦੀ ਸੁਣਦੇ ਹਨ ਜਿਵੇਂ ਰਾਵਣ ਸਿਰਫ਼ ਮੇਘਨਾਦ ਅਤੇ ਕੁੰਭਕਰਨ ਦੀ ਗੱਲ ਸੁਣਦਾ ਸੀ। ਉਨ੍ਹਾਂ ਮੋਦੀ ਅਤੇ ਅਡਾਨੀ ਦੇ ਇਕੱਠਿਆਂ ਜਹਾਜ਼ ’ਚ ਸਫ਼ਰ ਕਰਨ ਦਾ ਪੁਰਾਣਾ ਪੋਸਟਰ ਵੀ ਦਿਖਾਇਆ ਅਤੇ ਦਾਅਵਾ ਕੀਤਾ,‘‘ਮੋਦੀ ਹਿੰਦੁਸਤਾਨ ਦੀ ਨਹੀਂ ਸਗੋਂ ਅਡਾਨੀ ਦੀ ਗੱਲ ਸੁਣਦੇ ਹਨ।’’ ਰਾਹੁਲ ਜਦੋਂ ਸਦਨ ਨੂੰ ਸੰਬੋਧਨ ਕਰ ਰਹੇ ਸਨ ਤਾਂ ਪ੍ਰਧਾਨ ਮੰਤਰੀ ਗ਼ੈਰ-ਹਾਜ਼ਰ ਸਨ। ਰਾਹੁਲ ਨੇ ਰਾਮਾਇਣ ਦਾ ਜ਼ਿਕਰ ਕਰਦਿਆਂ ਕਿਹਾ,‘‘ਹਨੂੰਮਾਨ ਨੇ ਨਹੀਂ ਸਗੋਂ ਰਾਵਣ ਦੇ ਹੰਕਾਰ ਕਾਰਨ ਲੰਕਾ ਸੜੀ ਸੀ। ਰਾਵਣ ਨੂੰ ਰਾਮ ਨੇ ਨਹੀਂ ਸਗੋਂ ਹੰਕਾਰ ਨੇ ਮਾਰਿਆ ਸੀ। ਮੈਂ ਕੁਝ ਦਿਨ ਪਹਿਲਾਂ ਮਨੀਪੁਰ ਗਿਆ ਸੀ। ਸਾਡੇ ਪ੍ਰਧਾਨ ਮੰਤਰੀ ਉਥੇ ਅੱਜ ਤੱਕ ਨਹੀਂ ਗਏ ਹਨ। ਉਹ ਮਨੀਪੁਰ ਨੂੰ ਹਿੰਦੁਸਤਾਨ ਦਾ ਹਿੱਸਾ ਨਹੀਂ ਸਮਝਦੇ ਹਨ। ਮੈਂ ਮਨੀਪੁਰ ਸ਼ਬਦ ਦੀ ਵਰਤੋਂ ਕਰ ਰਿਹਾ ਹਾਂ ਪਰ ਹਕੀਕਤ ਇਹ ਹੈ ਕਿ ਮਨੀਪੁਰ ਬਚਿਆ ਨਹੀਂ ਹੈ। ਤੁਸੀਂ ਮਨੀਪੁਰ ਨੂੰ ਦੋ ਹਿੱਸਿਆਂ ’ਚ ਵੰਡ ਦਿੱਤਾ ਹੈ, ਤੁਸੀਂ ਮਨੀਪੁਰ ਦੇ ਟੋਟੇ ਕਰ ਦਿੱਤੇ ਹਨ।’’ ਮਨੀਪੁਰ ’ਚ ਤੁਸੀਂ (ਭਾਜਪਾ) ਹਿੰਦੁਸਤਾਨ ਦੀ ਹੱਤਿਆ ਕਰ ਦਿੱਤੀ ਹੈ। ਤੁਹਾਡੀ ਸਿਆਸਤ ਨੇ ਮਨੀਪੁਰ ਨਹੀਂ ਸਗੋਂ ਮਨੀਪੁਰ ’ਚ ਹਿੰਦੁਸਤਾਨ ਦੀ ਹੱਤਿਆ ਕੀਤੀ ਹੈ। ਮਨੀਪੁਰ ’ਚ ਹਿੰਦੁਸਤਾਨ ਦੀ ਹੱਤਿਆ ਹੋਈ ਹੈ।’ ਰਾਹੁਲ ਨੇ ਕਿਹਾ,‘‘ਹਿੰਦੁਸਤਾਨ ਲੋਕਾਂ ਦੀ ਆਵਾਜ਼ ਹੈ ਅਤੇ ਤੁਸੀਂ ਉਸ ਆਵਾਜ਼ ਦੀ ਮਨੀਪੁਰ ’ਚ ਹੱਤਿਆ ਕੀਤੀ ਹੈ। ਇਸ ਦਾ ਇਹ ਮਤਲਬ ਹੈ ਕਿ ਤੁਸੀਂ ਮਨੀਪੁਰ ’ਚ ਭਾਰਤ ਮਾਤਾ ਦੀ ਹੱਤਿਆ ਕੀਤੀ ਹੈ। ਮਨੀਪੁਰ ਦੇ ਲੋਕਾਂ ਦੀ ਹੱਤਿਆ ਨਾਲ ਤੁਸੀਂ ਭਾਰਤ ਦੀ ਹੱਤਿਆ ਕੀਤੀ ਹੈ। ਤੁਸੀਂ ਦੇਸ਼ਭਗਤ ਨਹੀਂ ਸਗੋਂ ਦੇਸ਼ਧ੍ਰੋਹੀ ਹੋ।’’ ਰਾਹੁਲ ਨੇ ਮਨੀਪੁਰ ਦੀਆਂ ਦੋ ਮਿਸਾਲਾਂ ਦਿੱਤੀਆਂ।
ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਮਨੀਪੁਰ ਨਹੀਂ ਜਾ ਸਕਦੇ ਹਨ ਕਿਉਂਕਿ ਉਨ੍ਹਾਂ ਉਥੇ ਹਿੰਦੁਸਤਾਨ ਦੀ ਹੱਤਿਆ ਕੀਤੀ ਹੈ। ‘ਤੁਸੀਂ ਭਾਰਤ ਮਾਤਾ ਦੇ ਰਖਵਾਲੇ ਨਹੀਂ ਸਗੋਂ ਹੱਤਿਆਰੇ ਹੋ।’ ਸਪੀਕਰ ਓਮ ਬਿਰਲਾ ਨੇ ਰਾਹੁਲ ਨੂੰ ਸਦਨ ’ਚ ਬੋਲਣ ਸਮੇਂ ਸੰਜਮ ਰੱਖਣ ਲਈ ਆਖਦਿਆਂ ਕਿਹਾ,‘‘ਭਾਰਤ ਮਾਤਾ ਸਾਡੇ ਸਾਰਿਆਂ ਦੀ ਮਾਂ ਹੈ।’’ ਸਪੀਕਰ ਦੀ ਟਿੱਪਣੀ ਦਾ ਜਵਾਬ ਦਿੰਦਿਆਂ ਰਾਹੁਲ ਨੇ ਕਿਹਾ,‘‘ਮੈਂ ਮਨੀਪੁਰ ’ਚ ਮੇਰੀ ਮਾਂ ਦੀ ਹੱਤਿਆ ਬਾਰੇ ਗੱਲ ਕਰ ਰਿਹਾ ਹਾਂ। ਮਨੀਪੁਰ ’ਚ ਤੁਸੀਂ ਮੇਰੀ ਮਾਂ ਦੀ ਹੱਤਿਆ ਕਰ ਦਿੱਤੀ ਹੈ। ਮੈਨੂੰ ਜਨਮ ਦੇਣ ਵਾਲੀ ਮਾਂ ਇਥੇ ਸਦਨ ’ਚ ਬੈਠੀ ਹੈ ਪਰ ਦੂਜੀ ਮਾਂ ਭਾਰਤ ਮਾਤਾ ਦੀ ਤੁਸੀਂ ਮਨੀਪੁਰ ’ਚ ਹੱਤਿਆ ਕਰ ਦਿੱਤੀ ਹੈ।’’ ਉਨ੍ਹਾਂ ਕਿਹਾ ਕਿ ਜਦੋਂ ਤੱਕ ਮਨੀਪੁਰ ’ਚ ਹਿੰਸਾ ਨਹੀਂ ਰੁਕ ਜਾਂਦੀ, ਉਦੋਂ ਤੱਕ ਤੁਸੀਂ ਮੇਰੀ ਮਾਂ ਨੂੰ ਮਾਰ ਰਹੇ ਹੋ। ਆਪਣੇ ਭਾਸ਼ਨ ਦੌਰਾਨ ਉਨ੍ਹਾਂ ਕਿਹਾ ਕਿ ਫ਼ੌਜ ਮਨੀਪੁਰ ’ਚ ਸ਼ਾਂਤੀ ਲਿਆ ਸਕਦੀ ਹੈ ਪਰ ਸਰਕਾਰ ਉਸ ਨੂੰ ਤਾਇਨਾਤ ਨਹੀਂ ਕਰ ਰਹੀ ਹੈ। ਗੁਰੂਗ੍ਰਾਮ ਅਤੇ ਨੂਹ ’ਚ ਫਿਰਕੂ ਝੜਪਾਂ ਦਾ ਜ਼ਿਕਰ ਕਰਦਿਆਂ ਰਾਹੁਲ ਨੇ ਕਿਹਾ,‘‘ਤੁਸੀਂ ਹਰ ਥਾਂ ’ਤੇ ਕੈਰੋਸਿਨ ਛਿੜਕ ਰਹੇ ਹੋ। ਤੁਸੀਂ ਮਨੀਪੁਰ ’ਚ ਕੈਰੋਸਿਨ ਛਿੜਕਿਆ ਅਤੇ ਫਿਰ ਅੱਗ ਲਗਾ ਦਿੱਤੀ। ਤੁਸੀਂ ਹੁਣ ਇਹੋ ਗੱਲ ਹਰਿਆਣਾ ’ਚ ਦੁਹਰਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਤੁਸੀਂ ਦੇਸ਼ ਦੇ ਹਰੇਕ ਕੋਨੇ ਨੂੰ ਸਾੜਨ ਦੀ ਕੋਸ਼ਿਸ਼ ਕਰ ਰਹੇ ਹੋ। ਤੁਸੀਂ ਪੂਰੇ ਦੇਸ਼ ’ਚ ਭਾਰਤ ਮਾਤਾ ਦੀ ਹੱਤਿਆ ਕਰ ਰਹੇ ਹੋ।’’