ਲੰਡਨ, 14 ਜੂਨ – ਪੱਛਮੀ ਲੰਡਨ ਦੇ ਲਾਟਿਮਰ ਰੋਡ ‘ਤੇ ਸਥਿਤ ਇਕ ਰਿਹਾਇਸ਼ 24 ਮੰਜ਼ਿਲਾ ਟਾਵਰ ਬਲਾਕ ‘ਚ ਭਿਆਨਕ ਅੱਗ ਲੱਗ ਜਾਣ ਕਰਕੇ ਕਈ ਲੋਕਾਂ ਦੇ ਮਰਨ ਦਾ ਖ਼ਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ। ਖ਼ਬਰਾਂ ਦੇ ਮੁਤਾਬਿਕ ਇਮਾਰਤ ਵਿੱਚ ਵੱਡੀ ਗਿਣਤੀ ਵਿੱਚ ਲੋਕ ਫਸੇ ਹਨ। ਅੱਗ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਵਿੱਚ 6 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦੋਂ ਕਿ, ਕੁੱਝ ਲੋਕਾਂ ਨੂੰ ਬਚਾਇਆ ਗਿਆ ਹੈ, ਜਿਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਜਾਰੀ ਹੈ। ਗਰੇਨਫੇਲ ਟਾਵਰ ਨਾਮ ਦੀ ਇਸ ਇਮਾਰਤ ਵਿੱਚ ਕਰੀਬ 200 ਲੋਕ ਰਹਿੰਦੇ ਹਨ। ਇਹ ਇਸ ਇਲਾਕੇ ਦੀ ਸਭ ਤੋਂ ਵੱਡੀ ਰਿਹਾਇਸ਼ੀ ਬਿਲਡਿੰਗ ਹੈ।
ਲੰਡਨ ਦੇ ਫਾਇਰ ਕਮਿਸ਼ਨਰ ਨੇ ਕਿਹਾ ਹੈ ਕਿ ਇਸ ਹਾਦਸੇ ‘ਚ ਕਈ ਲੋਕਾਂ ਦੀ ਮੌਤ ਹੋਈ ਹੈ। ਕਿਹਾ ਜਾ ਰਿਹਾ ਹੈ ਕਿ ਜਿਸ ਵਕਤ ਅੱਗ ਲੱਗੀ ਉਸ ਵਕਤ ਸੈਂਕੜੇ ਲੋਕ ਇਮਾਰਤ ‘ਚ ਮੌਜੂਦ ਸਨ। ਇਸ ਅੱਗ ਨੂੰ ਬੁਝਾਉਣ ਲਈ 40 ਫਾਇਰ ਇੰਜਨ ਅਤੇ 200 ਫਾਇਰ ਬ੍ਰਿਗੇਡ ਫਾਈਟਰਸ ਨੂੰ ਲਗਾਇਆ ਗਿਆ ਹੈ। ਮੌਕੇ ਉੱਤੇ ਮੌਜੂਦ ਲੋਕਾਂ ਨੂੰ ਮੁਤਾਬਿਕ, ਅੱਗ ਦੀ ਸ਼ੁਰੂਆਤ ਦੂਜੀ ਮੰਜ਼ਿਲ ਤੋਂ ਹੋਈ ਸੀ, ਜਿਸ ਨੇ ਛੇਤੀ ਹੀ ਭਿਆਨਕ ਰੂਪ ਧਾਰਨ ਕਰ ਲਿਆ ਅਤੇ 24ਵੀਆਂ ਮੰਜ਼ਿਲਾਂ ਤੱਕ ਨੂੰ ਆਪਣੀ ਮਾਰ ਵਿੱਚ ਲੈ ਲਿਆ।