20 ਅਕਤੂਬਰ ਨੂੰ ਹੇਸਟਿੰਗ ਤੋਂ ਪਹਿਲਾ ਆਡੀਸ਼ਨ ਕਰਵਾਉਣ ਦੀ ਸ਼ੁਰੂਆਤ ਹੋ ਰਹੀ ਹੈ
ਆਕਲੈਂਡ, 17 ਅਕਤੂਬਰ – ਅੱਜ ਅਗਲੇ ਸਾਲ ਜਨਵਰੀ ‘ਚ ਵਰਲਡਵਾਈਡ ‘ਮਿਸ ਤੇ ਮਿਸਿਜ਼ ਪੰਜਾਬਣ’, ‘ਮਿਸਟਰ ਪੰਜਾਬੀ’ ਅਤੇ ‘ਬੇਬੇ ਤੇ ਬਾਪੂ ਨੰ.1’ ਦੇ ਨਿਊਜ਼ੀਲੈਂਡ ‘ਚ 20 ਜਨਵਰੀ 2024 ਨੂੰ ਹੋਣ ਵਾਲੇ ਸੈਮੀ-ਫਾਈਨਲ ਮੁਕਾਬਲੇ ਦਾ ਪੋਸਟਰ ਜਾਰੀ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਸ ਮੁਕਾਬਲੇ ਦਾ ਗਰੈਂਡ ਫਿਨਾਲੇ ਅਗਲੇ ਸਾਲ 2024 ਵਿੱਚ ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿਖੇ ਹੋਵੇਗਾ। ਇਸ ਦਾ ਸੈਮੀਫਾਈਨਲ ਮੁਕਾਬਲਾ ਨਿਊਜ਼ੀਲੈਂਡ ‘ਚ ਅਗਲੇ ਸਾਲ ਜਨਵਰੀ ‘ਚ ਹੋ ਰਿਹਾ ਹੈ। ਇਹ ਪਹਿਲਾ ਮੌਕਾ ਹੈ ਜਦੋਂ ਅਜਿਹਾ ਕੋਈ ਵੱਡਾ ਮੁਕਾਬਲਾ ਨਿਊਜ਼ੀਲੈਂਡ ‘ਚ ਹੋਵੇਗਾ।
ਵਰਲਡਵਾਈਡ ‘ਮਿਸ ਤੇ ਮਿਸਿਜ਼ ਪੰਜਾਬਣ’, ‘ਮਿਸਟਰ ਪੰਜਾਬੀ’ ਅਤੇ ‘ਬੇਬੇ ਤੇ ਬਾਪੂ ਨੰ.1’ ਦੇ ਮੁਕਾਬਲੇ ਦਾ ਪੋਸਟਰ ਨਿਊਜ਼ੀਲੈਂਡ ‘ਚ ਸੈਮੀ-ਫਾਈਨਲ ਕਰਵਾਉਣ ਵਾਲੀ ਟੀਮ ਦੇ ਪ੍ਰਬੰਧਕਾਂ ਵੱਲੋਂ ਆਕਲੈਂਡ ਦੇ ਮੈਨੁਰੇਵਾ ਵਿਖੇ ਸਥਿਤ ਲਵ ਪੰਜਾਬ ਰੈਸਟੋਰੈਂਟ ਵਿਖੇ ਸਥਾਨ ਪੰਜਾਬੀ ਮੀਡੀਆ ਅਤੇ ਪਹੁੰਚੀਆਂ ਸ਼ਖ਼ਸੀਅਤਾਂ ਦੀ ਹਾਜ਼ਰੀ ‘ਚ ਜਾਰੀ ਕੀਤਾ ਗਿਆ। ਇਸ ਮੌਕੇ ਸਟੇਜ ਸੰਭਾਲਣ ਦੀ ਸੇਵਾ ਹਰਮੀਕ ਸਿੰਘ ਨੇ ਨਿਭਾਈ ਅਤੇ ਮੁਕਾਬਲੇ ਦੇ ਪ੍ਰਬੰਧਕਾਂ ਦੇ ਨਾਲ ਪੰਜਾਬੀ ਮੀਡੀਆ ਕਰਮੀਂ ਅਤੇ ਹਾਜ਼ਰ ਸ਼ਖ਼ਸੀਅਤਾਂ ਨੂੰ ਆਪਣੇ ਵਿਚਾਰ ਸਾਂਝੇ ਕਰਨ ਲਈ ਵਾਰੀ-ਵਾਰੀ ਬੁਲਾਇਆ।
ਇਸ ਮੌਕੇ ਪ੍ਰਬੰਧਕਾਂ ‘ਚੋਂ ਇੱਕ ਬੀਬੀ ਹਰਜੀਤ ਕੌਰ ਨੇ ਵਰਲਡਵਾਈਡ ‘ਮਿਸ ਤੇ ਮਿਸਿਜ਼ ਪੰਜਾਬਣ’, ‘ਮਿਸਟਰ ਪੰਜਾਬੀ’ ਅਤੇ ‘ਬੇਬੇ ਬਾਪੂ ਨੰ.1’ ਦੇ ਹੋਣ ਵਾਲੇ ਆਡੀਸ਼ਨ ਤੇ ਮੁਕਾਬਲੇ ਬਾਰੇ ਮੁਕੰਮਲ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਬਾਹਰੀ ਸੁੰਦਰਤਾ ਦੇ ਨਾਲ ਨਾਲ ਸੀਰਤ ਦੀ ਪਰਖ ਹੋਣੀ ਬੇਹੱਦ ਜ਼ਰੂਰੀ ਹੈ। ਇੱਕ ਵਿਲੱਖਣ ਤਰੀਕੇ ਨਾਲ ਇਹ ਸੁੰਦਰਤਾ ਮੁਕਾਬਲੇ ਉਲੀਕ ਰਹੇ ਹਾਂ, ਤੇ ਸਾਨੂੰ ਸਾਰਿਆਂ ਨੂੰ ਤੁਹਾਡੇ ਸਾਥ ਤੇ ਸਹਿਯੋਗ ਦੀ ਉਮੀਦ ਰਹੇਗੀ। ਸਾਡੀ ਟੀਮ ਵੱਲੋਂ ਇਹ ਕੋਸ਼ਿਸ਼ ਰਹੇਗੀ ਕਿ ਜਿਹੜੇ ਪ੍ਰਤੀਭਾਗੀ ਯੋਗ ਹਨ, ਉਨ੍ਹਾਂ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਵਿਤਕਰਾ ਨਾ ਰਹੇ ਤੇ ਨਾ ਹੀ ਕੋਈ ਵਿੱਤੀ ਕਾਰਣਾਂ ਕਰਕੇ ਇਸ ਮੁਕਾਬਲੇ ਦਾ ਹਿੱਸਾ ਬਣਨੋਂ ਰਹੇ। ਬਾਕੀ ਅੱਸੀ ਹਮੇਸ਼ਾ ਹੀ ਕਹਿ ਦਿੰਦੇ ਹਾਂ ਕਿ ਉਮਰ ਸਿਰਫ਼ ਇੱਕ ਅੰਕ ਹੈ (AGE IS JUST A NUMBER), ਸੋ ਇਸੇ ਸੋਚ ਦੇ ਚੱਲਦਿਆਂ ਇਹ ਯਕੀਨੀ ਬਣਾਇਆ ਗਿਆ ਹੈ ਕਿ ਉਮਰ ਚਾਹੇ ਕੋਈ ਵੀ ਹੋਵੇ, ਇਹ ਮੰਚ ਸਾਰਿਆਂ ਨੂੰ ਸੱਦਾ ਦੇ ਰਿਹਾ ਹੈ। ਚਾਹੇ ਉਹ 18 ਸਾਲਾਂ ਦੀ ਮੁਟਿਆਰ ਜਾਂ ਗੱਭਰੂ ਹੋਵੇ ਜਾਂ ਫਿਰ 70 ਸਾਲਾ ਦੇ ਬੇਬੇ ਜਾਂ ਬਾਪੂ ਹੋਣ। ਬਾਕੀ ਮੁਟਿਆਰਾਂ ਵਿਆਹੀਆਂ ਨੇ ਜਾਂ ਕੁਆਰੀਆਂ, ਇਹ ਵੀ ਝੰਜਟ ਖ਼ਤਮ ਕੀਤਾ ਗਿਆ ਹੈ।
ਹਰਜੀਤ ਕੌਰ ਨੇ ਦੱਸਿਆ ਕਿ ‘ਮਿਸ ਤੇ ਮਿਸਿਜ਼ ਪੰਜਾਬਣ’ ਲਈ ਉਮਰ 18 ਤੋਂ 35 ਸਾਲ ਅਤੇ ‘ਐਮਐੱਸ ਤੇ ਮਿਸਿਜ਼ ਪੰਜਾਬਣ’ ਲਈ ਉਮਰ 35 ਤੋਂ 59 ਸਾਲ ਰੱਖੀ ਗਈ ਹੈ ਅਤੇ ‘ਮਿਸਟਰ ਪੰਜਾਬੀ’ ਲਈ ਉਮਰ 18 ਤੋਂ 59 ਸਾਲ ਹੈ। ਜਦੋਂ ਕਿ ‘ਬੇਬੇ ਤੇ ਬਾਪੂ ਨੰ.1’ ਦੇ ਮੁਕਾਬਲੇ ਲਈ ਉਮਰ 60 ਸਾਲ ਜਾਂ ਇਸ ਤੋਂ ਉੱਪਰ ਦੀ ਉਮਰ ਬਜ਼ੁਰਗ ਆਡੀਸ਼ਨ ‘ਚ ਭਾਗ ਲੈ ਸਕਦੇ ਹਨ।
ਉਨ੍ਹਾਂ ਕਿਹਾ ਜੇਕਰ ਤੁਹਾਡੇ ਪਰਿਵਾਰ ‘ਚ ਹੁਨਰ ਹੈ ਤਾਂ ਸਾਰੇ ਜੀਅ ਇਸ ਦਾ ਹਿੱਸਾ ਬਣ ਸਕਦੇ ਹਨ। ਦੇਸ਼ ਦੇ ਵੱਖ ਵੱਖ ਸ਼ਹਿਰਾਂ ‘ਚ ਆਡੀਸ਼ਨ ਹੋਣਗੇ ਜਿਸ ਤੋਂ ਬਾਅਦ ਚੁਣੇ ਗਏ ਪ੍ਰਤੀਭਾਗੀ Quarter Finals ਤੇ Semi-Finals ਮੁਕਾਬਲਿਆਂ ‘ਚ ਭਾਗ ਲੈਣਗੇ ਤੇ ਹਰ ਉਮਰ ਵਰਗ ‘ਚੋਂ ਇੱਕ ਇੱਕ ਜੇਤੂ ਕੈਨੇਡਾ ਦੇ ਸ਼ਹਿਰ ਟੋਰਾਂਟੋ ‘ਚ ਹੋ ਰਹੇ ਗਰੈਂਡ ਫਿਨਾਲੇ ਦਾ ਹਿੱਸਾ ਬਣ ਕੇ ਨਿਊਜ਼ੀਲੈਂਡ ਵੱਸਦੇ ਪੰਜਾਬੀਆਂ ਦੀ ਨੁਮਾਇੰਦਗੀ ਕਰਨਗੇ ਤੇ ਉਨ੍ਹਾਂ ਕੋਲ ਵਰਲਡਵਾਈਡ ‘ਮਿਸਟਰ ਪੰਜਾਬੀ’, ‘ਮਿਸ ਤੇ ਮਿਸਿਜ਼ ਪੰਜਾਬਣ’ ਅਤੇ ‘ਬੇਬੇ ਤੇ ਬਾਪੂ ਨੰ.1’ ਹੋਣ ਦਾ ਮਾਣ ਹਾਸਲ ਕਰਨ ਦਾ ਮੌਕਾ ਹੋਵੇਗਾ। ਉਨ੍ਹਾਂ ਕਿਹਾ ਕਿ ਨਿਊਜ਼ੀਲੈਂਡ ਤੋਂ ਗਰੈਂਡ ਫਿਨਾਲੇ ‘ਚ ਜਾਣ ਵਾਲੇ ਮੁਕਾਬਲੇ ਬਾਜ਼ਾਂ ਦਾ ਕੈਨੇਡਾ ਜਾਣ ਤੇ ਵੀਜ਼ਿਆਂ ਦੇ ਖ਼ਰਚੇ ਦਾ ਪ੍ਰਬੰਧ ਮੁਕਾਬਲੇ ਦੇ ਪ੍ਰਬੰਧਕਾਂ ਵੱਲੋਂ ਕੀਤਾ ਜਾਏਗਾ।
ਉਨ੍ਹਾਂ ਦੱਸਿਆ ਕਿ ਆਡੀਸ਼ਨ ਇਸ ਸ਼ੁੱਕਰਵਾਰ ਤੋਂ ਸ਼ੁਰੂ ਹੋ ਰਹੇ ਹਨ। ਸਭ ਤੋਂ ਪਹਿਲਾਂ ਹੇਸਟਿੰਗ ਵਾਲਿਆਂ ਦੀ ਵਾਰੀ ਹੈ, ਉਸ ਤੋਂ ਬਾਅਦ ਵੈਲਿੰਗਟਨ, ਹੈਮਿਲਟਨ ਅਤੇ ਆਖ਼ਿਰ ‘ਚ ਆਕਲੈਂਡ ‘ਚ ਆਡੀਸ਼ਨ ਕਰਵਾਏ ਜਾਣਗੇ।
ਵਰਲਡਵਾਈਡ ‘ਮਿਸ ਤੇ ਮਿਸਿਜ਼ ਪੰਜਾਬਣ’, ‘ਮਿਸਟਰ ਪੰਜਾਬੀ’ ਅਤੇ ‘ਬੇਬੇ ਬਾਪੂ ਨੰ.1’ ਦੇ ਹੋਣ ਵਾਲੇ ਮੁਕਾਬਲੇ ਦਾ ਪਹਿਲਾ ਆਡੀਸ਼ਨ 20 ਅਕਤੂਬਰ ਦਿਨ ਸ਼ੁੱਕਰਵਾਰ ਦੀ ਸ਼ਾਮ 5 ਵਜੇ ਨੂੰ ਹੇਸਟਿੰਗ ਇੰਟਰਮੀਡੀਏਟ ਸਕੂਲ, 621 ਹੇਸਟਿੰਗ ਸੇਂਟ, ਸਾਊਥ ਅਲੀਨਾ ਵਿਖੇ ਹੋਣਗੇ, ਸੋ ਸਾਰੇ ਹੇਸਟਿੰਗ ਵਾਸੀਆਂ ਨੂੰ ਬੇਨਤੀ ਹੈ ਕਿ ਇਸ ਮੁਕਾਬਲੇ ਵਿੱਚ ਭਾਗ ਲਵੋ ਤੇ ਮੁਕਾਬਲੇ ਦਾ ਹਿੱਸਾ ਬਣੋ।
ਵਰਲਡਵਾਈਡ ‘ਮਿਸ ਤੇ ਮਿਸਿਜ਼ ਪੰਜਾਬਣ’, ‘ਮਿਸਟਰ ਪੰਜਾਬੀ’ ਅਤੇ ‘ਬੇਬੇ ਬਾਪੂ ਨੰ.1’ ਦੇ ਹੋਣ ਵਾਲੇ ਮੁਕਾਬਲੇ ਸੰਬੰਧੀ ਤੁਸੀਂ ਹੋਰ ਵਧੇਰੇ ਜਾਣਕਾਰੀ 0210520735, 0210356711, 02102795403 ਅਤੇ 0276262620 ਉੱਤੇ ਫ਼ੋਨ ਕਰਕੇ ਪ੍ਰਾਪਤ ਕਰ ਸਕਦੇ ਹੋ।
Home Page ਵਰਲਡਵਾਈਡ ‘ਮਿਸ ਤੇ ਮਿਸਿਜ਼ ਪੰਜਾਬਣ’, ‘ਮਿਸਟਰ ਪੰਜਾਬੀ’ ਅਤੇ ‘ਬੇਬੇ ਤੇ ਬਾਪੂ ਨੰ.1’...