ਵਰਲਡ ਅਥਲੈਟਿਕ ਚੈਂਪੀਅਨਸ਼ਿਪ 2022: ਭਾਰਤ ਦੇ ਨੀਰਜ ਚੋਪੜਾ ਨੇ ਜੈਵਲਿਨ ਥਰੋਅ ‘ਚ ‘ਚਾਂਦੀ’ ਦਾ ਤਗਮਾ ਜਿੱਤਿਆ

ਯੂਜੀਨ, 24 ਜੁਲਾਈ – ਉਲੰਪਿਕ ਚੈਂਪੀਅਨ ਜੈਵਲਿਨ ਥਰੋਅਰ ਨੀਰਜ ਚੋਪੜਾ ਵਰਲਡ ਅਥਲੈਟਿਕ ਚੈਂਪੀਅਨਸ਼ਿਪ ‘ਚ ਸੋਨ ਤਗਮਾ ਜਿੱਤਣ ਤੋਂ ਖੁੰਝ ਗਿਆ ਪਰ ਉਸ ਨੇ ਚਾਂਦੀ ਦਾ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ। ਆਪਣੀ ਇਸ ਪ੍ਰਾਪਤੀ ਨਾਲ ਨੀਰਜ ਚੋਪੜਾ ਵਰਲਡ ਚੈਂਪੀਅਨਸ਼ਿਪ ‘ਚ ਤਗਮਾ ਜਿੱਤਣ ਵਾਲਾ ਦੂਜਾ ਭਾਰਤੀ ਅਤੇ ਪਹਿਲਾ ਭਾਰਤੀ ਪੁਰਸ਼ ਅਥਲੀਟ ਬਣ ਗਿਆ।
ਭਾਰਤ ਦੇ ਜੈਵਲਿਨ ਥਰੋਅਰ ਚੋਪੜਾ ਨੇ 88.13 ਮੀਟਰ ਥਰੋਅ ਨਾਲ ਚਾਂਦੀ ਦਾ ਤਗਮਾ ਜਿੱਤਿਆ। ਉਹ ਗ੍ਰੇਨਾਡਾ ਦੇ ਸਾਬਕਾ ਚੈਂਪੀਅਨ ਐਂਡਰਸਨ ਪੀਟਰਸ ਤੋਂ ਪਿੱਛੇ ਹੋ ਗਿਆ, ਜਿਸ ਨੇ 90.54 ਮੀਟਰ ਥਰੋਅ ਨਾਲ ਸੋਨ ਤਗਮਾ ਜਿੱਤਿਆ। ਜਦੋਂ ਕਿ ਚੈੱਕ ਰਿਪਬਲਿਕ ਦੇ ਜੈਕਬ ਵਡਲੇਜਚ ਨੇ 88.09 ਮੀਟਰ ਨਾਲ ਕਾਂਸੀ ਦਾ ਤਗਮਾ ਜਿੱਤਿਆ। ਚੌਥੇ ਨੰਬਰ ਉੱਤੇ ਜਰਮਨੀ ਦਾ ਜੂਲੀਅਨ ਵੇਬਰ ਰਿਹਾ, ਜਿਸ ਨੇ 86.86 ਮੀਟਰ ਦੂਰੀ ਤੱਕ ਜੈਵਲਿਨ ਥਰੋਅ ਕੀਤਾ।