ਬਰਮਿੰਘਮ, 12 ਜੁਲਾਈ – ਮੇਜ਼ਬਾਨ ਇੰਗਲੈਂਡ ਨੇ ਪੰਜ ਵਾਰ ਦੀ ਵਰਲਡ ਕੱਪ ਚੈਂਪੀਅਨ ਆਸਟਰੇਲੀਆ ਨੂੰ ਹਰਾ ਕੇ ਆਈਸੀਸੀ ਕ੍ਰਿਕੇਟ ਵਰਲਡ ਕੱਪ ਦੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ।
ਇੱਥੇ 11 ਜੁਲਾਈ ਦਿਨ ਵੀਰਵਾਰ ਨੂੰ ਏਜਬੇਸਟਨ ਵਿੱਚ ਖੇਡੇ ਗਏ ਦੂਜੇ ਸੈਮੀ-ਫਾਈਨਲ ਮੁਕਾਬਲੇ ਵਿੱਚ ਇੰਗਲੈਂਡ ਨੇ ਸਾਬਕਾ ਚੈਂਪੀਅਨ ਨੂੰ 8 ਵਿਕਟਾਂ ਨਾਲ ਕਰਾਰੀ ਹਾਰ ਦਿੱਤੀ। ਇੰਗਲੈਂਡ ਦੀ ਜਿੱਤ ਵਿੱਚ ਬੱਲੇਬਾਜ਼ ਜੇਸਨ ਰਾਏ (85) ਅਤੇ ਗੇਂਦਬਾਜ਼ ਕ੍ਰਿਸ ਵੋਕਸ (3/20) ਦੀ ਅਹਿਮ ਭੂਮਿਕਾ ਰਹੀ। ਆਸਟਰੇਲੀਆ ਦੀ ਪੂਰੀ ਟੀਮ 223 ਦੌੜਾਂ ਬਣਾ ਕੇ ਆਊਟ ਹੋ ਗਈ ਅਤੇ ਇੰਗਲੈਂਡ ਨੇ ਕਰੀਬ 18 ਓਵਰ ਬਾਕੀ ਰਹਿੰਦੇ ਜਿੱਤ ਹਾਸਲ ਕਰ ਲਈ। ਇੰਗਲੈਂਡ ਦਾ ਫਾਈਨਲ ਮੁਕਾਬਲਾ 14 ਜੁਲਾਈ ਦਿਨ ਐਤਵਾਰ ਨੂੰ ਇਤਿਹਾਸਿਕ ਲਾਰਡਸ ਮੈਦਾਨ ਵਿੱਚ ਸਾਬਕਾ ਉਪ-ਜੇਤੂ ਨਿਊਜ਼ੀਲੈਂਡ ਨਾਲ ਹੋਵੇਗਾ ਜਿਸ ਨੇ ਪਹਿਲੇ ਸੈਮੀ-ਫਾਈਨਲ ‘ਚ ਭਾਰਤ ਨੂੰ ਹਰਾ ਕੇ ਲਗਾਤਾਰ ਦੂਜੀ ਵਾਰ ਵਰਲਡ ਕੱਪ ਦੇ ਫਾਈਨਲ ‘ਚ ਜਗ੍ਹਾ ਬਣਾਈ ਹੈ।
ਇਸ ਫਾਈਨਲ ਦਾ ਮਤਲਬ ਇਹ ਹੈ ਕਿ ਇਸ ਵਾਰ ਵਰਲਡ ਕੱਪ ਨੂੰ ਕੋਈ ਨਵਾਂ ਚੈਂਪੀਅਨ ਮਿਲਣਾ ਤੈਅ ਹੈ। ਇੰਗਲੈਂਡ ਦੀ ਟੀਮ ਇਸ ਤੋਂ ਪਹਿਲਾਂ ਤਿੰਨ ਵਾਰ ਵਰਲਡ ਕੱਪ ਦੇ ਫਾਈਨਲ ਵਿੱਚ ਪਹੁੰਚੀ ਸੀ ਪਰ ਖ਼ਿਤਾਬ ਜਿੱਤਣ ਵਿੱਚ ਨਾਕਾਮ ਰਹੀ ਸੀ। ਇਸ ਤੋਂ ਪਹਿਲਾਂ ਇੰਗਲੈਂਡ 1992 ਵਿੱਚ ਵਰਲਡ ਕੱਪ ਦੇ ਫਾਈਨਲ ‘ਚ ਅੱਪੜਿਆ ਸੀ ਅਤੇ ਉੱਥੇ ਉਸ ਨੂੰ ਪਾਕਿਸਤਾਨ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਪੰਜ ਵਾਰ ਦੀ ਚੈਂਪੀਅਨ ਆਸਟਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਪਰ ਸਟੀਵ ਸਮਿਥ (85) ਦੇ ਇਲਾਵਾ ਕੋਈ ਹੋਰ ਬੱਲੇਬਾਜ਼ ਟਿਕ ਨਹੀਂ ਸਕਿਆ। ਇੰਗਲੈਂਡ ਦੇ ਤੇਜ਼ ਗੇਂਦਬਾਜ਼ ਵੋਕਸ ਨੇ ਤਿੰਨ ਆਸਟਰੇਲੀਆਈ ਬੱਲੇਬਾਜ਼ਾਂ ਨੂੰ ਪਵੇਲੀਅਨ ਭੇਜਿਆ। ਇਸ ਦੇ ਬਾਅਦ ਇੰਗਲੈਂਡ ਦੀ ਸਲਾਮੀ ਬੱਲੇਬਾਜ਼ ਜੋੜੀ ਰਾਏ ਅਤੇ ਜੋਨੀ ਬੇਈਰਸਟੋ ਨੇ ਸੈਂਕੜੇ ਵਾਲੀ ਪਾਰਟਨਰਸ਼ਿਪ ਕੀਤੀ।
ਇੰਗਲੈਂਡ ਨੂੰ 124 ਦੇ ਸਕੋਰ ਉੱਤੇ 18ਵੇਂ ਓਵਰ ਵਿੱਚ ਪਹਿਲਾ ਝਟਕਾ ਲਗਾ ਜਦੋਂ ਬੇਈਰਸਟੋ 34 ਦੌੜਾਂ ਬਣਾ ਕੇ ਆਊਟ ਹੋਇਆ। ਜੋ ਰੂਟ (49) ਅਤੇ ਇਯਾਨ ਮਾਰਗਨ 45 ਦੌੜਾਂ ਬਣਾ ਕੇ ਨਾਟ ਆਊਟ ਰਹੇ ਅਤੇ ਇੰਗਲੈਂਡ 27 ਸਾਲ ਬਾਅਦ ਵਰਲਡ ਕੱਪ ਦੇ ਫਾਈਨਲ ਵਿੱਚ ਪਹੁੰਚ ਗਿਆ।
ਇਸ ਤੋਂ ਪਹਿਲਾਂ ਮੀਡੀਅਮ ਪੇਸਰ ਕ੍ਰਿਸ ਵੋਕਸ ਅਤੇ ਸਪਿਨਰ ਆਦਿਲ ਰਾਸ਼ਿਦ ਦੀ ਅਗੁਆਈ ਵਿੱਚ ਗੇਂਦਬਾਜ਼ਾਂ ਦੇ ਦਮਦਾਰ ਨੁਮਾਇਸ਼ ਨਾਲ ਇੰਗਲੈਂਡ ਨੇ ਆਸਟਰੇਲੀਆ ਨੂੰ 223 ਦੌੜਾਂ ਉੱਤੇ ਢੇਰ ਕਰ ਦਿੱਤਾ। ਆਸਟਰੇਲੀਆਈ ਸਿਖਰ ਕ੍ਰਮ ਸ਼ੁਰੂ ਵਿੱਚ ਹੀ ਲੜਖੜਾ ਗਿਆ ਅਤੇ ਇੱਕ ਸਮੇਂ ਉਸ ਦਾ ਸਕੋਰ 3 ਵਿਕਟ ਉੱਤੇ 14 ਦੌੜਾਂ ਸੀ। ਸਟੀਵ ਸਮਿਥ (119 ਗੇਂਦਾਂ ਉੱਤੇ 85 ਦੌੜਾਂ) ਨੇ ਏਲੇਕਸ ਕੈਰੀ (70 ਗੇਂਦਾਂ ਉੱਤੇ 46 ਦੌੜਾਂ) ਦੇ ਨਾਲ ਚੌਥੇ ਵਿਕਟ ਲਈ 103 ਦੌੜਾਂ ਜੋੜੀਆਂ। ਨੌਵੇਂ ਨੰਬਰ ਦੇ ਬੱਲੇਬਾਜ਼ ਮਿਸ਼ੇਲ ਸਟਾਰਕ (36 ਗੇਂਦਾਂ ਉੱਤੇ 29 ਦੌੜਾਂ) ਨੇ ਵੀ ਸਮਿਥ ਦਾ ਚੰਗਾ ਸਾਥ ਦਿੱਤਾ। ਇਨ੍ਹਾਂ ਦੋਵਾਂ ਨੇ 51 ਦੌੜਾਂ ਦੀ ਸਾਂਝੇਦਾਰੀ ਕੀਤੀ। ਇਨ੍ਹਾਂ ਦੇ ਇਲਾਵਾ ਗਲੇਨ ਮੈਕਸਵੇਲ (23 ਗੇਂਦਾਂ ਉੱਤੇ 22) ਦੋਹਰੇ ਅੰਕ ਵਿੱਚ ਪੁੱਜਣ ਵਾਲੇ ਚੌਥੇ ਬੱਲੇਬਾਜ਼ ਸਨ।
ਇੰਗਲੈਂਡ ਵੱਲੋਂ ਤੇਜ਼ ਗੇਂਦਬਾਜ਼ ਜੋਫਰਾ ਆਰਚਰ (32 ਦੌੜਾਂ ਦੇ ਕੇ 2 ਵਿਕਟ) ਅਤੇ ਕ੍ਰਿਸ ਵੋਕਸ (20 ਦੌੜਾਂ ਦੇ ਕੇ 3 ਵਿਕਟ) ਨੇ ਆਸਟਰੇਲੀਆਈ ਮੁੱਢਲੇ ਕ੍ਰਮ ਨੂੰ ਹਿਲਾਇਆ ਤਾਂ ਲੇਗ ਸਪਿਨਰ ਰਾਸ਼ਿਦ (54 ਦੌੜਾਂ ਦੇ ਕੇ 3 ਵਿਕਟ) ਨੇ ਮੱਧ ਕ੍ਰਮ ਦੇ ਪੈਰ ਨਾ ਲੱਗਣ ਦਿੱਤੇ। ਆਰਚਰ ਅਤੇ ਵੋਕਸ ਨੇ ਸ਼ੁਰੂ ਵਿੱਚ ਖ਼ਤਰਨਾਕ ਗੇਂਦਬਾਜ਼ੀ ਦਾ ਸ਼ਾਨਦਾਰ ਨਜ਼ਾਰਾ ਪੇਸ਼ ਕੀਤਾ ਅਤੇ ਆਸਟਰੇਲੀਆਈ ਮੁੱਢਲੇ ਕ੍ਰਮ ਨੂੰ ਲੜਖੜਾ ਕੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦੇ ਉਸ ਦੇ ਫ਼ੈਸਲੇ ਨੂੰ ਗ਼ਲਤ ਸਾਬਤ ਕਰ ਦਿੱਤਾ।
Cricket ਵਰਲਡ ਕੱਪ 2019 : ਨਿਊਜ਼ੀਲੈਂਡ ਤੇ ਮੇਜ਼ਬਾਨ ਇੰਗਲੈਂਡ ‘ਚ ਖ਼ਿਤਾਬ ਲਈ ਭੇੜ...