ਮੈਨਚੇਸਟਰ, 11 ਜੁਲਾਈ – ਇੱਥੇ 10 ਜੁਲਾਈ ਨੂੰ ਵਰਲਡ ਕੱਪ ਦੇ ਪਹਿਲੇ ਸੈਮੀਫਾਈਨਲ ‘ਚ ਨਿਊਜ਼ੀਲੈਂਡ ਹੱਥੋਂ ਹਾਰ ਕੇ ਟੀਮ ਇੰਡੀਆ ਕੱਪ ਦੀ ਦੌੜ ਤੋਂ ਬਾਹਰ ਹੋ ਗਈ ਹੈ। ਕੀਵੀ ਟੀਮ ਨੇ ਪਹਿਲਾਂ ਖੇਡਦੇ ਹੋਏ 240 ਦੌੜਾਂ ਦਾ ਟੀਚਾ ਦਿੱਤਾ ਸੀ ਪਰ ਭਾਰਤੀ ਟੀਮ 18 ਦੌੜਾਂ ਨਾਲ ਇਹ ਮੈਚ ਹਾਰ ਗਈ। ਇੱਕ ਵੇਲਾ ਅਜਿਹਾ ਸੀ, ਜਦੋਂ 92 ਦੌੜਾਂ ਉੱਤੇ 6 ਵਿਕਟਾਂ ਗੁਆ ਚੁੱਕੀ ਭਾਰਤੀ ਟੀਮ ਦੀ ਖ਼ਰਾਬ ਸ਼ੁਰੂਆਤ ਦੇ ਬਾਅਦ ਰਵਿੰਦਰ ਜਡੇਜਾ (77) ਅਤੇ ਐਮਐੱਸ ਧੋਨੀ (50) ਨੇ ਭਾਰਤੀ ਪਾਰੀ ਨੂੰ ਲੀਹ ਉੱਤੇ ਲਿਆਉਣ ਦੀ ਸ਼ਾਨਦਾਰ ਕੋਸ਼ਿਸ਼ ਕੀਤੀ। ਦੋਵਾਂ ਨੇ 7ਵੇਂ ਵਿਕਟ ਲਈ 116 ਦੌੜਾਂ ਦੀ ਸਾਂਝੇਦਾਰੀ ਕੀਤੀ। ਪਰ ਦੋਵੇਂ ਹੀ ਬੱਲੇਬਾਜ਼ ਆਖ਼ਰੀ ਪਲਾਂ ਵਿੱਚ ਆਪਣੇ ਵਿਕਟ ਗੁਆ ਬੈਠੇ ਅਤੇ ਭਾਰਤ ਨੂੰ 18 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਜਿੱਤ ਦੇ ਨਾਲ ਨਿਊਜ਼ੀਲੈਂਡ ਨੇ ਫਾਈਨਲ ਵਿੱਚ ਥਾਂ ਬਣਾ ਲਈ ਹੈ। ਹੁਣ ਉਹ ਖ਼ਿਤਾਬ ਤੋਂ ਸਿਰਫ਼ ਇੱਕ ਕਦਮ ਦੂਰ ਹੈ।
ਰਿਜ਼ਰਵ ਡੇਅ ਵਾਲੇ ਦਿਨ ਸਵਿੰਗ ਲੈਂਦੀ ਹੋਈ ਗੇਂਦ ਦੇ ਸਾਹਮਣੇ ਭਾਰਤੀ ਬੱਲੇਬਾਜ਼ੀ ਦੇ ਫਲਾਪ ਸ਼ੋਅ ਨੇ ਇੱਕ ਵਾਰ ਮੁੜ ਇਹ ਪੋਲ ਖੋਲ੍ਹ ਦਿੱਤੀ ਕਿ ਜਦੋਂ-ਜਦੋਂ ਗੇਂਦ ਹਰਕਤ ਕਰਦੀ ਹੈ, ਤਾਂ ਭਾਰਤੀ ਬੱਲੇਬਾਜ਼ੀ ਲੱਚਰ ਹੀ ਸਾਬਤ ਹੁੰਦੀ ਹੈ। 240 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉੱਤਰੀ ਟੀਮ ਇੰਡੀਆ ਦੀ ਸ਼ੁਰੂਆਤ ਇੱਥੇ ਬੇਹੱਦ ਖ਼ਰਾਬ ਰਹੀ। ਪਾਰੀ ਦੇ ਦੂਜੇ ਹੀ ਓਵਰ ‘ਚ ਸ਼ਾਨਦਾਰ ਫ਼ਾਰਮ ਵਿੱਚ ਚੱਲ ਰਹੇ ਰੋਹਿਤ ਸ਼ਰਮਾ (1) ਕੀਵੀ ਤੇਜ਼ ਗੇਂਦਬਾਜ਼ ਮੈਟ ਹੈਨਰੀ ਦੀ ਸਵਿੰਗ ਨੂੰ ਸੰਭਾਲ ਨਹੀਂ ਸਕਿਆ ਅਤੇ ਗੇਂਦ ਉਨ੍ਹਾਂ ਦੇ ਬੈਟ ਨੂੰ ਚੁੰਮਦੀ ਹੋਈ ਸਿੱਧੇ ਵਿਕਟਕੀਪਰ ਟਾਮ ਲੇਥਮ ਦੇ ਹੱਥ ਵਿੱਚ ਪਹੁੰਚੀ। ਉਸ ਤੋਂ ਬਾਅਦ ਟ੍ਰੈਂਟ ਬੋਲਟ ਨੇ ਕਪਤਾਨ ਵਿਰਾਟ ਕੋਹਲੀ (1) ਨੂੰ ਆਊਟ ਕੀਤਾ ਅਤੇ ਅਗਲੇ ਹੀ ਓਵਰ ‘ਚ ਰਾਹੁਲ ਨੂੰ ਵੀ ਹੈਨਰੀ ਨੇ ਆਊਟ ਕਰ ਦਿੱਤਾ। ਭਾਰਤ ਟੀਮ ਟੀਮ ਨੇ 5 ਦੌੜਾਂ ਉੱਤੇ 3 ਵਿਕਟਾਂ ਗੁਆ ਦਿੱਤੀ ਸਨ। ਕੀਵੀ ਟੀਮ ਵੱਲੋਂ ਹੈਨਰੀ ਨੇ 3, ਬੋਲਟ ਤੇ ਸਨੈਟਰ ਨੇ 2-2 ਅਤੇ ਫਰਗੁਸਨ ਤੇ ਨਿਸ਼ਮ ਨੇ 1-1 ਵਿਕਟ ਲਿਆ।
ਨਿਊਜ਼ੀਲੈਂਡ ਨੇ ਭਾਰਤੀ ਟੀਮ ਦੇ ਸਾਹਮਣੇ 240 ਦੌੜਾਂ ਦਾ ਟਾਰਗੈਟ ਰੱਖਿਆ ਸੀ। 11 ਜੁਲਾਈ ਦਿਨ ਬੁੱਧਵਾਰ ਨੂੰ ਰਿਜ਼ਰਵ ਡੇਅ ਉੱਤੇ ਕੀਵੀ ਟੀਮ ਨੇ 10 ਜੁਲਾਈ ਦਿਨ ਮੰਗਲਵਾਰ ਦੇ ਸਕੋਰ 5 ਵਿਕਟਾਂ ਉੱਤੇ 211 ਵਿੱਚ 28 ਦੌੜਾਂ ਦਾ ਵਾਧਾ ਕੀਤਾ। ਨਿਊਜ਼ੀਲੈਂਡ ਨੇ ਆਪਣੇ ਨਿਰਧਾਰਿਤ 50 ਓਵਰਾਂ ਵਿੱਚ ੮ ਵਿਕਟਾਂ ਉੱਤੇ 239 ਦੌੜਾਂ ਬਣਾਈਆਂ। ਨਿਊਜ਼ੀਲੈਂਡ ਵੱਲੋਂ ਰਾਸ ਟੇਲਰ ਨੇ ਸਭ ਤੋਂ ਜ਼ਿਆਦਾ 74 ਦੌੜਾਂ ਦਾ ਯੋਗਦਾਨ ਦਿੱਤਾ ਤੇ ਕਪਤਾਨ ਕੇਨ ਵਿਲੀਅਮਸਨ ਨੇ 67 ਦੌੜਾਂ ਦੀ ਪਾਰੀ ਖੇਡੀ। ਭਾਰਤ ਵੱਲੋਂ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੇ ਸਭ ਤੋਂ ਜ਼ਿਆਦਾ 3 ਵਿਕਟਾਂ ਲਈਆਂ। ਜਦੋਂ ਕਿ ਬੁਮਰਾਹ, ਜਡੇਜਾ, ਚਾਹਲ ਤੇ ਪਾਂਡਿਆ ਨੇ 1-1 ਵਿਕਟ ਲਿਆ।
ਇਸ ਤੋਂ ਪਹਿਲਾਂ ਮੰਗਲਵਾਰ ਨੂੰ ਨਿਊਜ਼ੀਲੈਂਡ ਨੇ ਜਦੋਂ 46.1 ਓਵਰ ਵਿੱਚ 5 ਵਿਕਟ ਉੱਤੇ 211 ਦੌੜਾਂ ਹੀ ਬਣਾਈਆਂ ਸਨ ਉਦੋਂ ਮੀਂਹ ਆ ਗਿਆ ਜਿਸ ਦੇ ਬਾਅਦ ਦਿਨ ‘ਚ ਅੱਗੇ ਦਾ ਖੇਡ ਨਹੀਂ ਹੋ ਸਕਿਆ। ਅੰਪਾਇਰਾਂ ਨੇ ਭਾਰੀ ਮੀਂਹ ਦੇ ਕਾਰਨ ਆਊਟ ਫ਼ੀਲਡ ਗਿੱਲੀ ਹੋਣ ਕਰਕੇ ਮੈਚ ਰਿਜ਼ਰਵ ਦਿਨ ਨੂੰ ਪੂਰਾ ਕਰਨ ਦਾ ਫ਼ੈਸਲਾ ਕੀਤਾ।
Cricket ਵਰਲਡ ਕੱਪ 2019 : ਨਿਊਜ਼ੀਲੈਂਡ ਫਾਈਨਲ ‘ਚ ਪੁੱਜਾ, ਸੈਮੀਫਾਈਨਲ ‘ਚ ਭਾਰਤ ਨੂੰ...