ਵਰਲਡ ਕੱਪ 2019: ਭਾਰਤ ਨੇ ਪਾਕਿਸਤਾਨ ਨੂੰ 89 ਦੌੜਾਂ ਨਾਲ ਹਰਾਇਆ

ਮੈਨਚੈਸਟਰ, 17 ਜੂਨ – ਇੱਥੇ 16 ਜੂਨ ਦਿਨ ਐਤਵਾਰ ਨੂੰ ਭਾਰਤ ਨੇ ਪਾਕਿਸਤਾਨ ਨੂੰ ਡਕਵਰਥ ਲੁਈਸ ਪ੍ਰਣਾਲੀ ਰਾਹੀ 89 ਦੌੜਾਂ ਨਾਲ ਹਰਾ ਕੇ ਵਰਲਡ ਕੱਪ ‘ਚ ਆਪਣੇ ਇਸ ਚਿਰ ਵੈਰੀ ਦੇ ਖ਼ਿਲਾਫ਼ ਫ਼ਤਿਹ ਅਭਿਆਨ ਨੂੰ ਜਾਰੀ ਰੱਖਦੇ ਹੋਏ 7-0 ਉੱਤੇ ਪਹੁੰਚਾ ਦਿੱਤਾ। ਭਾਰਤ ਨੇ ਵਰਲਡ ਕੱਪ ‘ਚ ਹਮੇਸ਼ਾ ਪਾਕਿਸਤਾਨ ਨੂੰ ਹਰਾਇਆ ਹੈ ਅਤੇ ਵਿਰਾਟ ਕੋਹਲੀ ਦੀ ਟੀਮ ਨੇ ਵੀ ਇਸ ਲੜੀ ਨੂੰ ਜਾਰੀ ਰੱਖਿਆ। ਪਾਕਿਸਤਾਨ ਨੇ ਟਾਸ ਜਿੱਤ ਕੇ ਭਾਰਤ ਨੂੰ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਆਪਣੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਦੇ ਇੱਕ ਹੋਰ ਲਾਜਵਾਬ ਸੈਂਕੜੇ 140 ਦੌੜਾਂ) ਦੀ ਬਦੌਲਤ ਵੱਡਾ ਸਕੋਰ ਬਣਾਉਂਦੇ ਹੋਏ 5 ਵਿਕਟਾਂ ਉੱਤੇ 336 ਦੌੜਾਂ ਬਣਾਈਆਂ। ਜਿਸ ਦੇ ਜਵਾਬ ਵਿੱਚ ਪਾਕਿਸਤਾਨ ਨੇ ਜਦੋਂ 35 ਓਵਰਾਂ ‘ਚ 6 ਵਿਕਟਾਂ ਉੱਤੇ 166 ਦੌੜਾਂ ਹੀ ਬਣਾਈਆਂ ਸਨ ਕਿ ਉਦੋਂ ਮੀਂਹ ਆ ਗਿਆ। ਬਾਅਦ ਵਿੱਚ ਖੇਡ ਮੁੜ ਸ਼ੁਰੂ ਹੋਣ ਉੱਤੇ ਪਾਕਿਸਤਾਨ ਨੂੰ 40 ਓਵਰਾਂ ‘ਚ 302 ਦੌੜਾਂ ਯਾਨੀ ਬਾਕੀ ਬਚੇ 5 ਓਵਰਾਂ ‘ਚ 136 ਦੌੜਾਂ ਦਾ ਟੀਚਾ ਮਿਲਿਆ ਅਤੇ ਪਾਕਿਸਤਾਨੀ ਟੀਮ 6 ਵਿਕਟਾਂ ਉੱਤੇ 212 ਦੌੜਾਂ ਹੀ ਬਣਾ ਸਕੀ।
ਭਾਰਤ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਅਤੇ ਕੇ. ਐਲ ਰਾਹੁਲ ਨੇ ਭਾਰਤ ਨੂੰ ਸ਼ਾਨਦਾਰ ਸ਼ੁਰੂਆਤ ਦੁਆਈ ਅਤੇ ਪਹਿਲੇ ਵਿਕਟ ਲਈ 136 ਦੌੜਾਂ ਜੋੜੀਆਂ। ਰੋਹਿਤ ਨੇ 113 ਗੇਂਦਾਂ ਉੱਤੇ 140 ਦੌੜਾਂ ਬਣਾਈਆਂ, ਜਿਸ ਵਿੱਚ 14 ਚੌਕੇ ਅਤੇ 6 ਛੱਕੇ ਸ਼ਾਮਿਲ ਸਨ। ਰਾਹੁਲ ਨੇ 78 ਗੇਂਦਾਂ ਉੱਤੇ 57 ਦੌੜਾਂ ਦਾ ਯੋਗਦਾਨ ਦਿੱਤਾ। ਵਿਰਾਟ ਕੋਹਲੀ ਨੇ 65 ਗੇਂਦਾਂ ਉੱਤੇ 7 ਚੌਕਿਆਂ ਦੀ ਮਦਦ ਨਾਲ 77 ਦੌੜਾਂ ਦੀ ਕਪਤਾਨੀ ਪਾਰੀ ਖੇਡੀ। ਉਨ੍ਹਾਂ ਨੇ ਰੋਹਿਤ ਦੇ ਨਾਲ 98 ਅਤੇ ਹਾਰਦਿਕ ਪੰਡਿਆ (19 ਗੇਂਦਾਂ ਉੱਤੇ 26 ਦੌੜਾਂ) ਦੇ ਨਾਲ 51 ਦੌੜਾਂ ਦੀਆਂ ਸਾਂਝੇਦਾਰੀਆਂ ਕੀਤੀਆਂ। ਪਾਕਿਸਤਾਨ ਵੱਲੋਂ ਗੇਂਦਬਾਜ਼ ਮੁਹੰਮਦ ਆਮਿਰ ਨੇ 47 ਦੌੜਾਂ ਦੇ ਕੇ 3 ਵਿਕਟਾਂ ਲਈਆਂ, ਉਨ੍ਹਾਂ ਤੋਂ ਇਲਾਵਾ ਹਸਨ ਅਲੀ ਤੇ ਵਹਾਬ ਰਿਆਜ਼ ਨੇ 1-1 ਵਿਕਟ ਲਿਆ।
ਭਾਰਤ ਨੇ ੫ ਵਿਕਟਾਂ ਉੱਤੇ 336 ਦੌੜਾਂ ਬਣਾਈਆਂ। ਜ਼ਿਕਰਯੋਗ ਹੈ ਕਿ ਕਪਤਾਨ ਵਿਰਾਟ ਕੋਹਲੀ ਨੇ ਇਸ ਦੌਰਾਨ ਵਨਡੇ ਵਿੱਚ ਸਭ ਤੋਂ ਘੱਟ ਪਾਰੀਆਂ ਵਿੱਚ 11,000 ਦੌੜਾਂ ਪੂਰੀਆਂ ਕਰਕੇ ਸਚਿਨ ਤੇਂਦੁਲਕਰ ਦੇ 17 ਸਾਲ ਪੁਰਾਣੇ ਰਿਕਾਰਡ ਨੂੰ ਤੋੜਿਆ।  
ਭਾਰਤ ਵੱਲੋਂ ਮਿਲੇ 337 ਦੌੜਾਂ ਦੇ ਟੀਚੇ ਨੂੰ ਹਾਸਲ ਕਰਨ ਉੱਤਰੀ ਪਾਕਿਸਤਾਨੀ ਟੀਮ ਮੀਂਹ ਪ੍ਰਭਾਵਿਤ ਮੈਚ ‘ਚ 212 ਦੌੜਾਂ ਬਣਾ ਕੇ ਮੈਚ ਹਾਰ ਗਈ। ਪਾਕਿਸਤਾਨੀ ਪਾਰੀ ਦੇ ਦੌਰਾਨ ਸਿਰਫ਼ ਇੱਕ ਸਮਾਂ ਅਜਿਹਾ ਆਇਆ ਜਦੋਂ ਭਾਰਤ ਥੋੜ੍ਹਾ ਪਰੇਸ਼ਾਨੀ ਵਿੱਚ ਵਿਖਿਆ। ਪਾਕਿਸਤਾਨੀ ਬੱਲੇਬਾਜ਼ ਫ਼ਖਰ ਜਮਾਂ (75 ਗੇਂਦਾਂ ਉੱਤੇ 62 ਦੌੜਾਂ) ਅਤੇ ਬਾਬਰ ਆਜ਼ਮ (57 ਗੇਂਦਾਂ ਉੱਤੇ 48 ਦੌੜਾਂ) ਨੇ ਦੂਜੇ ਵਿਕਟ ਲਈ 104 ਦੌੜਾਂ ਜੋੜ ਕੇ ਭਾਰਤੀ ਟੀਮ ਨੂੰ ਥੋੜ੍ਹਾ ਦਬਾਅ ਵਿੱਚ ਲਿਆ ਦਿੱਤਾ ਸੀ। ਮੀਂਹ ਦੇ ਬਾਅਦ ਖੇਡ ਸ਼ੁਰੂ ਹੋਇਆ ਤਾਂ ਇਮਾਦ ਵਸੀਮ (ਨਾਬਾਦ 46) ਅਤੇ ਸ਼ਾਦਾਬ ਖਾਨ (ਨਾਬਾਦ 20) ਹਾਰ ਦਾ ਅੰਤਰ ਹੀ ਘੱਟ ਕਰ ਸਕੇ। ਪਰ ਭਾਰਤੀ ਗੇਂਦਬਾਜ਼ਾਂ ਨੇ 12 ਦੌੜਾਂ ਦੇ ਅੰਦਰ 4 ਵਿਕਟਾਂ ਕੱਢ ਕੇ ਸ਼ਾਨਦਾਰ ਵਾਪਸੀ ਕੀਤੀ।  
ਭਾਰਤ ਦੇ ਮੁੱਖ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਸ਼ੁਰੂ ਵਿੱਚ ਹੀ ਜ਼ਖ਼ਮੀ ਹੋ ਗਏ ਸਨ। ਅਜਿਹੇ ਵਿੱਚ ਵਿਜੇ ਸ਼ੰਕਰ (22 ਦੌੜਾਂ ਦੇ ਕੇ 2) ਅਤੇ ਪੰਡਿਆ (44 ਦੌੜਾਂ ਦੇ ਕੇ 2) ਆਪਣੀ ਭੂਮਿਕਾ ਚੰਗੀ ਤਰ੍ਹਾਂ ਨਾਲ ਨਿਭਾਈ ਪਰ ਉਹ ਕੁਲਦੀਪ ਯਾਦਵ (32 ਦੌੜਾਂ ਦੇ ਕੇ 2) ਸਨ ਜਿਨ੍ਹਾਂ ਨੇ ਭਾਰਤ ਨੂੰ ਮੈਚ ‘ਚ ਵਾਪਸੀ ਦੁਆਈ। ਭਾਰਤ ਨੇ ਵਰਲਡ ਕੱਪ 2019 ਵਿੱਚ ਆਪਣਾ ਅਜਿੱਤ ਅਭਿਆਨ ਜਾਰੀ ਰੱਖਿਆ। ਭਾਰਤ ਦੇ 4 ਮੈਚਾਂ ‘ਚ ਤਿੰਨ ਜਿੱਤਾਂ ਨਾਲ 7 ਅੰਕ ਹੋ ਗਏ ਹਨ। ਪਾਕਿਸਤਾਨ ਦੀ 5 ਮੈਚਾਂ ਵਿੱਚ ਤੀਜੀ ਹਾਰ ਹੈ, ਉਸ ਦੇ 3 ਅੰਕ ਹਨ। ਜਿਸ ਦੇ ਨਾਲ ਪਾਕਿਸਤਾਨ ਦਾ ਵਰਲਡ ਕੱਪ 2019 ਵਿੱਚ ਅੱਗੇ ਦਾ ਰਾਹ ਥੋੜ੍ਹਾ ਔਖਾ ਹੋ ਗਿਆ ਹੈ।