ਨਵੀਂ ਦਿੱਲੀ, 26 ਮਾਰਚ – ਇੱਥੇ ਭਾਰਤ ਦੀ ਨਿਖਤ ਜ਼ਰੀਨ ਤੇ ਲਵਲੀਨਾ ਬੋਰਗੋਹੇਨ ਨੇ ਮੁੱਕੇਬਾਜ਼ੀ ਵਰਲਡ ਚੈਂਪੀਅਨਸ਼ਿਪ ਵਿੱਚ ਸੋਨੇ ਦੇ ਤਗਮੇ ਜਿੱਤੇ ਹਨ। ਇਨ੍ਹਾਂ ਦੋਵਾਂ ਤੋਂ ਪਹਿਲਾ ਨੀਤੂ ਘਣਗਸ (48 ਕਿੱਲੋ) ਤੇ ਸਵੀਟੀ ਬੂਰਾ (81 ਕਿੱਲੋ) ਨੇ ਇੱਕ ਦਿਨ ਪਹਿਲਾਂ ਵਰਲਡ ਚੈਂਪੀਅਨ ਖ਼ਿਤਾਬ ਜਿੱਤ ਕੇ ਇਤਿਹਾਸ ਸਿਰਜ ਦਿੱਤਾ ਸੀ। ਇਸ ਦੇ ਨਾਲ ਹੀ ਭਾਰਤ ਦੀਆਂ ਮਹਿਲਾ ਮੁੱਕੇਬਾਜ਼ਾਂ ਨੇ ਦੇਸ਼ ਲਈ 4 ਸੋਨੇ ਦੇ ਤਗਮੇ ਜਿੱਤੇ ਹਨ।
ਨਿਖਤ ਨੇ 50 ਕਿੱਲੋ ਭਾਰ ਵਰਗ ਦੇ ਫਾਈਨਲ ‘ਚ ਵੀਅਤਨਾਮ ਦੀ ਗੁਏਨ ਥੀ ਤਾਮ ਨੂੰ 5-0 ਨਾਲ ਹਰਾਇਆ ਜਦੋਂ ਕਿ ਲਵਲੀਨਾ ਬੋਰਗੋਹੇਨ ਨੇ 75 ਕਿੱਲੋ ਭਾਰ ਵਰਗ ‘ਚ ਆਸਟਰੇਲੀਆ ਦੀ ਕੈਟਲਿਨ ਪਾਰਕਰ ਨੂੰ 5-2 ਨਾਲ ਮਾਤ ਦਿੱਤੀ। ਨਿਖਤ ਜ਼ਰੀਨ ਦਾ ਇਹ ਦੂਜਾ ਵਰਲਡ ਖ਼ਿਤਾਬ ਹੈ। ਐੱਮ.ਸੀ. ਮੈਰੀਕੌਮ (ਛੇ ਵਾਰ ਵਰਲਡ ਚੈਂਪੀਅਨ) ਤੋਂ ਬਾਅਦ ਨਿਖਤ ਜ਼ਰੀਨ ਦੋ ਵਾਰ ਇਹ ਵੱਕਾਰੀ ਖ਼ਿਤਾਬ ਜਿੱਤਣ ਵਾਲੀ ਦੂਜੀ ਭਾਰਤੀ ਮੁੱਕੇਬਾਜ਼ ਬਣ ਗਈ ਹੈ।
ਦੱਸਣਯੋਗ ਹੈ 25 ਮਾਰਚ ਦਿਨ ਸ਼ਨਿਚਰਵਾਰ ਨੂੰ ਭਾਰਤੀ ਦੀ ਨੀਤੂ ਘਣਗਸ (48 ਕਿੱਲੋ ਭਾਰ ਵਰਗ) ਅਤੇ ਸਵੀਟੀ ਬੂਰਾ (81 ਕਿੱਲੋ ਭਾਰ ਵਰਗ) ਵਿੱਚ ਵਰਲਡ ਚੈਂਪੀਅਨ ਬਣੀਆਂ ਸਨ। ਰਾਸ਼ਟਰਮੰਡਲ ਖੇਡਾਂ ਦੀ ਸੋਨ ਤਗਮਾ ਜੇਤੂ ਨੀਤੂ ਨੇ ਮੰਗੋਲੀਆ ਦੀ ਮੁੱਕੇਬਾਜ਼ ਨੂੰ 5-0 ਨਾਲ ਹਰਾਇਆ। ਜਦੋਂ ਕਿ ਸਵੀਟੀ ਨੇ ਆਪਣੇ ਮੁਕਾਬਲੇ ਵਿੱਚ ਚੀਨ ਦੀ ਵਾਂਗ ਲੀਨਾ ਨੂੰ 4-3 ਨਾਲ ਹਰਾਇਆ।
ਜ਼ਿਕਰਯੋਗ ਹੈ ਕਿ ਇਨ੍ਹਾਂ ਦੋਵਾਂ ਤੋਂ ਪਹਿਲਾਂ ਮੇਰੀਕੋਮ, ਸਰਿਤਾ ਦੇਵੀ, ਜੇਨੀ ਆਰਐਲ, ਲੇਖਾ ਕੇਸੀ ਅਤੇ ਨਿਖਤ ਜ਼ਰੀਨ ਵਰਲਡ ਚੈਂਪੀਅਨ ਬਣ ਚੁੱਕੀਆਂ ਹਨ। ਨਿਖਤ ਜ਼ਰੀਨ ਤੇ ਲਵਲੀਨਾ ਬੋਰਗੋਹੇਨ ਨੇ ਵੀ ਏਸ਼ਿਆਈ ਖੇਡਾਂ ਲਈ ਕੁਆਲੀਫ਼ਾਈ ਕਰ ਲਿਆ ਹੈ।
Home Page ਵਰਲਡ ਬਾਕਸਿੰਗ ਚੈਂਪੀਅਨਸ਼ਿਪ: ਨਿਖਤ ਤੇ ਲਵਲੀਨਾ ਬਣੀਆਂ ਵਰਲਡ ਚੈਂਪੀਅਨ, ਭਾਰਤ ਨੂੰ ਮਿਲੇ...