
ਫਾਈਨਲ ‘ਚ ਸਿੰਗਾਪੁਰ ਦੇ ਖਿਡਾਰੀ ਲੋਹ ਕੀਨ ਯੂ ਤੋਂ 15-21, 20-22 ਨਾਲ ਹਾਰਿਆ
ਹੁਏਲਵਾ (ਸਪੇਨ), 19 ਦਸੰਬਰ – ਇੱਥੇ ਖੇਡੇ ਗਏ ਵਰਲਡ ਬੈਡਮਿੰਟਨ ਚੈਂਪੀਅਨਸ਼ਿਪ ਦੇ ਪੁਰਸ਼ਾਂ ਦੇ ਸਿੰਗਲਜ਼ ਫਾਈਨਲ ਮੁਕਾਬਲੇ ਵਿੱਚ ਸਿੰਗਾਪੁਰ ਦੇ ਲੋਹ ਕੀਨ ਯੂ ਨੇ ਭਾਰਤ ਦੇ ਬੈਡਮਿੰਟਨ ਖਿਡਾਰੀ ਕਿਦਾਂਬੀ ਸ੍ਰੀਕਾਂਤ ਨੂੰ ਸਿੱਧੀ ਗੇਮ ਵਿੱਚ ਹਰਾ ਦਿੱਤਾ, ਜਿਸ ਨਾਲ ਕਿਦਾਂਬੀ ਸ੍ਰੀਕਾਂਤ ਨੂੰ ਚਾਂਦੀ ਦੇ ਤਗਮੇ ਨਾਲ ਸਬਰ ਕਰਨਾ ਪਿਆ। 43 ਮਿੰਟ ਚਲੇ ਫਾਈਨਲ ਮੁਕਾਬਲੇ ਵਿੱਚ ਸ੍ਰੀਕਾਂਤ 15-21, 20-22 ਨਾਲ ਹਾਰ ਗਿਆ। ਵਰਲਡ ਦਾ ਸਾਬਕਾ ਨੰਬਰ ਇੱਕ ਖਿਡਾਰੀ ਸ੍ਰੀਕਾਂਤ ਪਹਿਲੀ ਗੇਮ ਵਿੱਚ 9-3 ਨਾਲ ਅੱਗੇ ਸੀ ਪਰ ਸਿੰਗਾਪੁਰ ਦੇ ਖਿਡਾਰੀ ਨੇ ਚੰਗੀ ਵਾਪਸੀ ਕੀਤੀ ਤੇ ਸ੍ਰੀਕਾਂਤ ਨੇ ਪਹਿਲੀ ਗੇਮ 16 ਮਿੰਟਾਂ ਵਿੱਚ ਹੀ ਗੁਆ ਦਿੱਤੀ। ਉਸ ਨੇ ਦੂਸਰੀ ਗੇਮ ਵਿੱਚ ਕਾਫ਼ੀ ਸੰਘਰਸ਼ ਕੀਤਾ ਪਰ ਲੋਹ ਕੀਨ ਯੂ ਆਪਣੇ ਦਮਦਾਰ ਪ੍ਰਦਰਸ਼ਨ ਕਾਰਣ ਜੇਤੂ ਰਿਹਾ।