ਨਿਊਜ਼ੀਲੈਂਡ ‘ਚ 21 ਅਪ੍ਰੈਲ ਤੋਂ ਸ਼ੁਰੂ ਇਨ੍ਹਾਂ ਖੇਡਾਂ ਵਿਚ ਭਾਗ ਲੈਣਗੇ ਭਾਰਤ ਦੇ 185 ਖਿਡਾਰੀ
-101 ਸਾਲਾ ਬੇਬੇ ਮਨ ਕੌਰ ਅਥਲੈਟਿਕਸ ਦੌੜਾਂ ਵਿਚ ਖਿੱਚੇਗੀ ਮੀਡੀਆ ਦਾ ਧਿਆਨ
ਆਕਲੈਂਡ-16 ਅਪ੍ਰੈਲ (ਹਰਜਿੰਦਰ ਸਿੰਘ ਬਸਿਆਲਾ) – ‘ਇੰਟਰਨੈਸ਼ਨਲ ਮਾਸਟਰਜ਼ ਗੇਮਜ਼ ਐਸੋਸੀਏਸ਼ਨ’ ਵੱਲੋਂ 1985 ‘ਚ ਟੋਰਾਂਟੋ ਤੋਂ ਸ਼ੁਰੂ ਕੀਤੀਆਂ ਮਾਸਟਰਜ਼ ਖੇਡਾਂ ਹਰ ਚਾਰ ਸਾਲ ਬਾਅਦ ਕਿਸੇ ਮੇਜ਼ਬਾਨ ਮੁਲਕ ਦੇ ਵਿਚ ਕਰਵਾਈਆਂ ਜਾਂਦੀਆਂ ਹਨ। ਇਸ ਵਾਰ 9ਵੀਂਆਂ ਮਾਸਟਰ ਖੇਡਾਂ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਅਤੇ ਵਾਇਕਾਟੋ ਸ਼ਹਿਰਾਂ ਵਿਚ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਦੀ ਸ਼ੁਰੂਆਤ 21 ਅਪ੍ਰੈਲ ਨੂੰ ਸ਼ਾਮ 5.30 ਵਜੇ ਈਡਨ ਪਾਰਕ ਆਕਲੈਂਡ ਵਿਖੇ ਇਕ ਵੱਡੇ ਉਦਘਾਟਨੀ ਸਮਾਰੋਹ ਦੇ ਵਿਚ ਕੀਤੀ ਜਾ ਰਹੀ ਹੈ ਤੇ ਸਮਾਪਤੀ ਕੁਈਨਜ਼ ਰਾਫ ਆਕਲੈਂਡ ਵਿਖੇ 30 ਅਪ੍ਰੈਲ ਨੂੰ ਹੋਵੇਗੀ। ਇਨ੍ਹਾਂ ਮਾਸਟਰ ਖੇਡਾਂ ਦੇ ਵਿਚ ਕੁੱਲ 28 ਖੇਡਾਂ ਅਤੇ 45 ਡਿਸਿਪਲਨਜ਼ ਸ਼ਾਮਿਲ ਹਨ ਅਤੇ ਲਗਪਗ 100 ਦੇਸ਼ਾਂ ਦੇ ਹਜ਼ਾਰਾਂ ਲੋਕ ਭਾਗ ਲੈਣ ਪਹੁੰਚ ਰਹੇ ਹਨ। 28,000 ਲੋਕਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ ਜਿਨ੍ਹਾਂ ਵਿਚ 24,905 ਅਥਲੀਟ ਹਨ। ਭਾਰਤੀਆਂ ਨੂੰ ਇਸ ਗੱਲ ਦੀ ਖੁਸ਼ੀ ਹੋਏਗੀ ਕਿ 185 ਭਾਰਤੀ ਖਿਡਾਰੀ ਵੀ ਆਪਣੇ ਦੇਸ਼ ਦਾ ਨਾਂਅ ਰੌਸ਼ਨ ਕਰਨ ਪਹੁੰਚ ਰਹੇ ਹਨ। ਖੇਡਾਂ ਵਿਚ ਸ਼ਾਮਿਲ ਹਨ ਤੀਰ ਕਮਾਨ, ਦੌੜਾਂ, ਬਡਮਿੰਟਨ, ਬੇਸਬਾਲ, ਬਾਸਕਟਬਾਲ, ਕਿਸ਼ਤੀ, ਸਾਈਕਲਿੰਗ, ਫੁੱਟਬਾਲ, ਗੌਲਫ, ਹਾਕੀ, ਲਾਅਨ ਬਾਉਲ, ਨੈਟਬਾਲ, ਰਗਬੀ, ਸੈਲਿੰਗ, ਸ਼ੂਟਿੰਗ, ਸਾਫਟਬਾਲ, ਸੁਕੈਸ਼, ਸਰਫ ਲਾਈਫ ਸੇਵਿੰਗ, ਤੈਰਾਕੀ, ਟੇਬਲ ਟੈਨਿਸ, ਟੈਨਿਸ, ਟੱਚ, ਵਾਲੀਵਾਲ, ਵਾਟਰ ਪੋਲੋ ਵੇਟ ਲਿਫਟਿੰਗ ਅਤੇ ਹੋਰ ਕਈ।
101 ਸਾਲਾ ਬੇਬੇ ਮਨ ਕੌਰ ਲਵੇਗੀ ਭਾਗ: ਭਾਰਤੀਆਂ ਨੂੰ ਇਸ ਗੱਲ ਦੀ ਖੁਸ਼ੀ ਹੋਏਗੀ ਕਿ ਸੁੰਦਰ ਸ਼ਹਿਰ ਚੰਡੀਗੜ੍ਹ ਤੋਂ 101 ਸਾਲਾ ਭਾਰਤੀ ਬੇਬੇ ਮਨ ਕੌਰ ਵੀ ਇਨ੍ਹਾਂ ਖੇਡਾਂ ਦੇ ਵਿਚ ਭਾਗ ਲੈਣ ਪਹੁੰਚ ਰਹੀ ਹੈ। ਬੇਬੇ 100 ਤੇ 200 ਮੀਟਰ ਦੌੜ, ਜੈਵਲਿਨ ਥ੍ਰੇਅ ਅਤੇ ਸ਼ਾਟਪੁੱਟ ਦੇ ਵਿਚ ਹਿੱਸਾ ਲਵੇਗੀ। ਬੇਬੇ ਦੇ ਨਾਲ ਉਨ੍ਹਾਂ ਦਾ ਪੁੱਤਰ ਸ. ਗੁਰਦੇਵ ਸਿੰਘ (79) ਵੀ ਆ ਰਹੇ ਹਨ ਤੇ ਇਨ੍ਹਾਂ ਖੇਡਾਂ ਵਿਚ ਹਿੱਸਾ ਲੈਣਗੇ। ਬੇਬੇ ਜੀ ਅੰਮ੍ਰਿਤਧਾਰੀ ਹਨ ਤੇ 93 ਸਾਲ ਦੀ ਉਮਰ ਤੋਂ ਦੌੜਾਂ ਦੇ ਵਿਚ ਪ੍ਰੈਕਟਿਸ ਕਰਦੇ ਹਨ। ਵਰਨਣਯੋਗ ਹੈ ਕਿ ਬੇਬੇ ਜੀ ਨੇ 100 ਮੀਟਰ ਦੌੜ 91 ਸੈਕਿੰਡ ਦੇ ਵਿਚ ਪੂਰੀ ਕਰਕੇ ਵੈਨਕੂਵਰ ‘ਚ ਅਗਸਤ 2016 ‘ਚ ਹੋਈਆਂ ‘ਅਮਰੀਕਨ ਮਾਸਟਰ ਗੇਮਜ਼’ ਦੇ ਵਿਚ ਸੋਨੇ ਦਾ ਤਮਗਾ ਜਿਤਿਆ ਸੀ। ਉਨ੍ਹਾਂ ਦੇ ਉਮਰ ਵਰਗ ਵਿਚ ਕੋਈ ਹੋਰ ਮਹਿਲਾ ਮੁਕਾਬਲੇ ਲਈ ਨਹੀਂ ਸੀ ਅਤੇ ਬੇਬੇ ਜੀ ਇਕੱਲੇ ਹੀ ਦੌੜੇ ਸਨ। ਸ਼ਾਟਪੁੱਟ ਅਤੇ ਜੈਵਲਿਨ ਥ੍ਰੋਅ ਦੇ ਵਿਚ ਵੀ ਬੇਬੇ ਨੇ ਮੈਡਲ ਜਿੱਤੇ ਹੋਏ ਹਨ। ਕੈਨੇਡਾ, ਸੈਕਰਾਮੈਂਟੋ, ਤਾਇਵਾਨ ਅਤੇ ਹੋਰ ਕਈ ਥਾਂਵਾਂ ਉਤੇ ਉਨ੍ਹਾਂ ਨੇ ਤਮਗੇ ਜਿੱਤ ਕੇ ਪੂਰੇ ਭਾਰਤ ਵਿਚ ਮਹਿਲਾਵਾਂ ਲਈ ਤੰਦਰੁਸਤੀ ਦਾ ਇਕ ਸੁਨੇਹਾ ਛੱਡਿਆ ਹੈ। ਉਹ ਸ਼ਾਕਾਹਾਰੀ ਹਨ ਅਤੇ ਘਰ ਦਾ ਬਣਿਆ ਭੋਜਨ ਹੀ ਛਕਦੇ ਹਨ। ਹੁਣ ਤੱਕ ਉਹ 20 ਤੋਂ ਜਿਆਦਾ ਤਮਗੇ ਜਿੱਤ ਚੁੱਕੀ ਹੈ। ਬੇਬੇ ਮਨ ਕੌਰ ਅਗਲੇ ਹਫਤੇ ਨਿਊਜ਼ੀਲੈਂਡ ਪਹੁੰਚ ਰਹੇ ਹਨ।
ਸੰਸਦ ਮੈਂਬਰ ਕਰਨਗੇ ਸਵਾਗਤ: ਭਾਰਤੀ ਸੰਸਦ ਮੈਂਬਰ ਸ.ਕੰਵਲਜੀਤ ਸਿੰਘ ਬਖਸ਼ੀ ਬੇਬੇ ਮਨ ਕੌਰ ਦਾ ਨਿੱਘਾ ਸਵਾਗਤ ਕਰਨਗੇ ਅਤੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ।
Home Page ਵਰਲਡ ਮਾਸਟਰਜ਼ ਗੇਮਜ਼-2017