- ਰਾਸ਼ਟਰਪਤੀ ਵੱਲੋਂ ਤੂਫ਼ਾਨ ਨਾਲ ਪ੍ਰਭਾਵਿਤ ਖੇਤਰਾਂ ਦਾ ਦੌਰਾ
ਸੈਕਰਾਮੈਂਟੋ 8 ਸਤੰਬਰ (ਹੁਸਨ ਲੜੋਆ ਬੰਗਾ) – ਰਾਸ਼ਟਰਪਤੀ ਜੋ ਬਾਈਡਨ ਨੇ ਈਡਾ ਤੂਫ਼ਾਨ ਨਾਲ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨ ਉਪਰੰਤ ਕਿਹਾ ਕਿ ਵਾਤਾਵਰਣ ਤਬਦੀਲੀ ਦੀ ਸਮੱਸਿਆ ਬਹੁਤ ਭਿਆਨਕ ਰੂਪ ਧਾਰਨਾ ਕਰਦੀ ਜਾ ਰਹੀ ਹੈ ਤੇ ਅੱਜ ਇਹ ਹਰ ਵਿਅਕਤੀ ਦੀ ਸਮੱਸਿਆ ਬਣ ਚੁੱਕੀ ਹੈ। ਉਨ੍ਹਾਂ ਕਿਹਾ ਕਿ ਈਡਾ ਤੂਫ਼ਾਨ ਵੱਲੋਂ ਮਚਾਈ ਤਬਾਹੀ ਇਸ ਦੀ ਤਾਜ਼ਾ ਉਦਾਹਰਣ ਹੈ। ਇਸ ਤੋਂ ਸਾਨੂੰ ਵਾਤਾਵਰਣ ਤਬਦੀਲੀ ਦੇ ਮੌਜੂਦ ਖ਼ਤਰੇ ਤੋਂ ਭਲੀਭਾਂਤ ਪਤਾ ਲੱਗ ਜਾਂਦਾ ਹੈ। ਉਨ੍ਹਾਂ ਐਲਾਨ ਕੀਤਾ ਕਿ ਵਿਸ਼ਵ ਲਈ ਵਾਤਾਵਰਣ ਤਬਦੀਲੀ ਖ਼ਤਰਾ ਬਣ ਚੁੱਕੀ ਹੈ ਤੇ ਇਸ ਨਾਲ ਨਾ ਨਿਪਟਿਆ ਗਿਆ ਤਾਂ ਸਿੱਟੇ ਬਹੁਤ ਹੀ ਖ਼ਤਰਨਾਕ ਹੋ ਸਕਦੇ ਹਨ। ਰਾਸ਼ਟਰਪਤੀ ਨੇ ਨਿਊਯਾਰਕ ਤੇ ਨਿਊਜਰਸੀ ਦੇ ਤੂਫ਼ਾਨ ਤੋਂ ਬੁਰੀ ਤਰਾਂ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਤੇ ਨੁਕਸਾਨ ਦਾ ਜਾਇਜ਼ਾ ਲਿਆ। ਉਨ੍ਹਾਂ ਦੇ ਨਾਲ ਸੈਨਟ ਦੇ ਬਹੁਗਿਣਤੀ ਆਗੂ ਚੁੱਕ ਸ਼ੂਮਰ, ਕੈਥੀ ਹੋਚੁਲ, ਮੇਅਰ ਡੀਬਲਾਸੀਓ ਤੇ ਹੋਰ ਸਥਾਨਕ ਅਧਿਕਾਰੀ ਮੌਜੂਦ ਸਨ। ਰਾਸ਼ਟਰਪਤੀ ਨੇ ਚਿਤਾਵਨੀ ਦਿੱਤੀ ਕਿ ਅਮਰੀਕਾ ਸਮੇਤ ਸਮੁੱਚਾ ਵਿਸ਼ਵ ਖ਼ਤਰੇ ਦੇ ਕਾਗਾਰ ‘ਤੇ ਖੜ੍ਹਾ ਹੈ ਤੇ ਭਵਿੱਖ ਵਿਚ ਵਾਤਾਵਰਣ ਤਬਦੀਲੀ ਨਾਲ ਹੋਣ ਵਾਲੀ ਤਬਾਹੀ ਤੇ ਵਾਤਾਵਰਣ ਨਾਲ ਸਬੰਧਿਤ ਘਟਨਾਵਾਂ ਤੋਂ ਬਚਣ ਲਈ ਕਾਰਵਾਈ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ”ਖ਼ਤਰਾ ਮੌਜੂਦ ਹੈ ਤੇ ਇਸ ਦੇ ਆਪਣੇ ਆਪ ਟੱਲ ਜਾਣ ਦੀ ਆਸ ਨਹੀਂ ਰੱਖੀ ਜਾ ਸਕਦੀ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕੀ ਇਹ ਖ਼ਤਰਾ ਹੋਰ ਖ਼ਤਰਨਾਕ ਹੋ ਜਾਵੇਗਾ? ਉਨ੍ਹਾਂ ਕਿਹਾ ਕਿ ਅਸੀਂ ਇਸ ਨੂੰ ਹੋਰ ਖ਼ਤਰਨਾਕ ਹੋਣ ਤੋਂ ਰੋਕ ਸਕਦੇ ਹਾਂ। ਇਹ ਹਰ ਵਿਅਕਤੀ ਦੀ ਸਮੱਸਿਆ ਹੈ।” ਰਾਸ਼ਟਰਪਤੀ ਨੇ ਕਿਹਾ ਸਾਡੇ ਕੋਲ ਸਮਾਂ ਨਹੀਂ ਬਚਿਆ ਹੈ। ਅਮਰੀਕਾ ਦਾ ਹਰ ਹਿੱਸਾ ਵਾਤਾਵਰਣ ਤਬਦੀਲੀ ਤੋਂ ਪ੍ਰਭਾਵਿਤ ਹੈ। ਅਸੀਂ ਇਸ ਖ਼ਤਰੇ ਨੂੰ ਮੁਕੰਮਲ ਰੂਪ ਵਿਚ ਖ਼ਤਮ ਨਹੀਂ ਕਰ ਸਕਦੇ ਪਰ ਖ਼ਤਰੇ ਨੂੰ ਘਟਾ ਜ਼ਰੂਰ ਸਕਦੇ ਹਾਂ। ਰਾਸ਼ਟਰਪਤੀ ਨੇ ਵਾਈਟ ਹਾਊਸ ਲਈ ਰਵਾਨਾ ਹੋਣ ਤੋਂ ਪਹਿਲਾਂ ਆਸ ਪ੍ਰਗਟਾਈ ਕਿ ਉਹ ਇਸ ਖ਼ਤਰੇ ਨਾਲ ਨਿਪਟ ਲੈਣਗੇ। ਇਸ ਤੋਂ ਪਹਿਲਾਂ ਰਾਸ਼ਟਰਪਤੀ ਨਿਊ ਜਰਸੀ ਦੇ ਗਵਰਨਰ ਫਿਲ ਮਰਫੀ , ਕਾਂਗਰਸ ਮੈਂਬਰਾਂ ਤੇ ਅਧਿਕਾਰੀਆਂ ਨੂੰ ਮਿਲੇ। ਇਸ ਮੀਟਿੰਗ ਵਿਚ ਅਧਿਕਾਰੀਆਂ ਨੇ ਰਾਸ਼ਟਰਪਤੀ ਨੂੰ ਈਡਾ ਤੂਫ਼ਾਨ ਨਾਲ ਹੋਏ ਨੁਕਸਾਨ ਤੇ ਤੂਫ਼ਾਨ ਉਪਰੰਤ ਮਲਬੇ ਦੀ ਸਮੱਸਿਆ ਬਾਰੇ ਜਾਣਕਾਰੀ ਦਿੱਤੀ। ਪਿਛਲੇ ਹਫ਼ਤੇ ਰਾਸ਼ਟਰਪਤੀ ਨੇ ਲੁਇਸੀਆਨਾ ਦੇ ਤੂਫ਼ਾਨ ਪੀੜਤ ਖੇਤਰਾਂ ਦਾ ਦੌਰਾ ਕੀਤਾ ਸੀ। ਈਡਾ ਤੂਫ਼ਾਨ ਨੇ ਜਿੱਥੇ ਆਰਥਕ ਤੌਰ ‘ਤੇ ਭਾਰੀ ਨੁਕਸਾਨ ਕੀਤਾ ਹੈ, ਉੱਥੇ 60 ਤੋਂ ਵਧ ਲੋਕਾਂ ਦੀਆਂ ਜਾਨਾਂ ਵੀ ਲਈਆਂ ਹਨ। ਨਿਊਜਰਸੀ ਵਿਚ 27 ਤੇ ਨਿਊਯਾਰਕ ਸ਼ਹਿਰ ਵਿਚ 13 ਲੋਕ ਤੂਫ਼ਾਨ ਤੇ ਹੜ੍ਹ ਭੇਂਟ ਚੜ ਗਏ ਹਨ।