ਚੰਡੀਗੜ੍ਹ, 18 ਮਾਰਚ – ‘ਵਾਰਿਸ ਪੰਜਾਬ ਦੇ’ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਪੁਲਿਸ ਨੇ ਭਗੌੜਾ ਕਰਾਰ ਦਿੱਤਾ ਹੈ। ਅੰਮ੍ਰਿਤਪਾਲ ਨੂੰ ਦੁਪਹਿਰ ਤੱਕ ਹਿਰਾਸਤ ਵਿੱਚ ਲਏ ਜਾਣ ਦੀ ਸੂਚਨਾ ਸੀ ਪਰ ਦੇਰ ਸ਼ਾਮ ਸੂਬਾ ਪੁਲੀਸ ਨੇ ਇਸ ਤੋਂ ਇਨਕਾਰ ਕਰਦਿਆਂ ਹੁਣ ਉਸ ਨੂੰ ਭਗੌੜਾ ਐਲਾਨ ਦਿੱਤਾ ਹੈ। ਪੰਜਾਬ ਪੁਲਿਸ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਅਜੇ ਵੀ ਫਰਾਰ ਹੈ ਅਤੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੰਜਾਬ ਪੁਲਿਸ ਨੇ ਅੰਮ੍ਰਿਤਪਾਲ ਅਤੇ ਉਸ ਦੇ ਸਾਥੀਆਂ ਨੂੰ ਫੜਨ ਲਈ ਸੂਬਾ ਪੱਧਰੀ ਤਲਾਸ਼ੀ ਮੁਹਿੰਮ ਚਲਾਈ ਹੈ। ਇਸ ਤਹਿਤ ਹੁਣ ਤੱਕ 78 ਗ੍ਰਿਫਤਾਰੀਆਂ ਕੀਤੀਆਂ ਜਾ ਚੁੱਕੀਆਂ ਹਨ ਜਦਕਿ ਕਈਆਂ ਨੂੰ ਹਿਰਾਸਤ ‘ਚ ਲਿਆ ਗਿਆ ਹੈ।
ਪੁਲੀਸ ਨੇ ‘ਵਾਰਿਸ ਪੰਜਾਬ ਦਾ’ ਮੁਖੀ ਅੰਮ੍ਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਜਲੰਧਰ ਇਲਾਕੇ ਵਿੱਚ ਮੁਹਿੰਮ ਵਿੱਢੀ ਸੀ। ਪੁਲੀਸ ਨੇ ਦਾਅਵਾ ਕੀਤਾ ਹੈ ਕਿ 78 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਨ੍ਹਾਂ ਤੋਂ ਕੁੱਲ 9 ਹਥਿਆਰ ਬਰਾਮਦ ਕੀਤੇ ਗਏ ਹਨ। ਅੱਜ ਸਵੇਰ ਤੋਂ ਹੀ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਵਿੱਢੀ ਗਈ ਸੀ। ਮਹਿਤਪੁਰ, ਮਲਸੀਆਂ ਅਤੇ ਸ਼ਾਹਕੋਟ ਇਲਾਕੇ ਵਿੱਚ ਪੁਲੀਸ ਵੱਲੋਂ ਅੰਮ੍ਰਿਤਪਾਲ ਸਿੰਘ ਦਾ ਕਾਫ਼ਲਾ ਰੋਕਿਆ ਗਿਆ ਪਰ ਅੰਮ੍ਰਿਤਪਾਲ ਸਿੰਘ ਮੌਕੇ ਤੋਂ ਨਿਕਲਣ ਵਿੱਚ ਸਫ਼ਲ ਹੋ ਗਿਆ। ਪੁਲੀਸ ਨੇ ਉਸ ਦਾ ਲਗਾਤਾਰ ਪਿੱਛਾ ਕੀਤਾ।ਮੀਡੀਆ ਚੈਨਲਾਂ ਨੇ ਦੁਪਹਿਰ 3 ਵਜੇ ਖਬਰ ਦਿੱਤੀ ਸੀ ਕਿ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਪਰ ਪੁਲੀਸ ਨੇ ਰਾਤ 9 ਵਜੇ ਸਪਸ਼ਟੀਕਰਨ ਦਿੱਤਾ ਕਿ ਉਹ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਇਸੇ ਦੌਰਾਨ ਸਰਕਾਰ ਨੇ ਪੰਜਾਬ ਦੇ ਕਈ ਖੇਤਰਾਂ ਵਿੱਚ ਐਤਵਾਰ ਦੁਪਹਿਰ 12 ਵਜੇ ਤੱਕ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਹਨ। ਪੁਲੀਸ ਦੇ ਬੁਲਾਰੇ ਨੇ ਕਿਹਾ ਕਿ ਪੰਜਾਬ ਪੁਲੀਸ ਜੋ ਵੀ ਕਰ ਰਹੀ ਹੈ, ਉਹ ਸੂਬੇ ’ਚ ਕਾਨੂੰਨ ਵਿਵਸਥਾ ਬਣਾਏ ਰੱਖਣ ਲਈ ਕਰ ਰਹੀ ਹੈ।
ਜਲੰਧਰ ਦੇ ਪੁਲਿਸ ਕਮਿਸ਼ਨਰ ਨੇ ਦੱਸਿਆ, ‘ਵਾਰਿਸ ਪੰਜਾਬ ਦੇ’ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਭਗੌੜਾ ਐਲਾਨ ਦਿੱਤਾ ਗਿਆ ਹੈ ਅਤੇ ਉਸ ਦੀਆਂ ਦੋ ਕਾਰਾਂ ਜ਼ਬਤ ਕਰ ਲਈਆਂ ਗਈਆਂ ਹਨ। ਉਨ੍ਹਾਂ ਦੇ ਹਥਿਆਰਾਂ ਦੀ ਕਾਨੂੰਨੀ ਜਾਂਚ ਕੀਤੀ ਜਾ ਰਹੀ ਹੈ। ਪੰਜਾਬ ਪੁਲਿਸ ਅੰਮ੍ਰਿਤਪਾਲ ਸਿੰਘ ਨੂੰ ਜਲਦ ਗ੍ਰਿਫਤਾਰ ਕਰਨ ਲਈ ਕੰਮ ਕਰ ਰਹੀ ਹੈ। ਹੁਣ ਤੱਕ 78 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਅਗਲੇਰੀ ਜਾਂਚ ਜਾਰੀ ਹੈ।
ਅਜਨਾਲਾ ਥਾਣੇ ‘ਤੇ ਹਮਲੇ ਦੀ ਐਫ.ਆਈ.ਆਰ
ਪੁਲਿਸ ਨੇ ਅੱਗੇ ਕਿਹਾ ਰਾਜ ਵਿਆਪੀ ਅਪਰੇਸ਼ਨ ਦੌਰਾਨ ਹੁਣ ਤੱਕ ਇੱਕ .315 ਬੋਰ ਰਾਈਫਲ, ਸੱਤ 12 ਬੋਰ ਰਾਈਫਲਾਂ, ਇੱਕ ਰਿਵਾਲਵਰ ਅਤੇ ਵੱਖ-ਵੱਖ ਕੈਲੀਬਰਾਂ ਦੇ 373 ਜਿੰਦਾ ਕਾਰਤੂਸ ਸਮੇਤ ਨੌਂ ਹਥਿਆਰ ਬਰਾਮਦ ਕੀਤੇ ਗਏ ਹਨ। ‘ਵਾਰਿਸ ਪੰਜਾਬ ਦੇ’ ਦੇ ਤੱਤ ਸਮਾਜ ਦੇ ਵਰਗਾਂ ਵਿਚਕਾਰ ਦੁਸ਼ਮਣੀ ਨੂੰ ਫੈਲਾਉਣ, ਕਤਲ ਦੀ ਕੋਸ਼ਿਸ਼, ਪੁਲਿਸ ਮੁਲਾਜ਼ਮਾਂ ‘ਤੇ ਹਮਲਾ ਕਰਨ ਅਤੇ ਸਰਕਾਰੀ ਕਰਮਚਾਰੀਆਂ ਨੂੰ ਉਨ੍ਹਾਂ ਦੇ ਫਰਜ਼ਾਂ ਨੂੰ ਕਾਨੂੰਨੀ ਢੰਗ ਨਾਲ ਨਿਭਾਉਣ ਵਿੱਚ ਰੁਕਾਵਟ ਪਾਉਣ ਨਾਲ ਸਬੰਧਤ ਚਾਰ ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਹਨ। ਅਜਨਾਲਾ ਥਾਣੇ ਵਿੱਚ ਹਮਲੇ ਦੀ ਐਫਆਈਆਰ ਵੀ ਦਰਜ ਕੀਤੀ ਗਈ ਹੈ।
Home Page ‘ਵਾਰਿਸ ਪੰਜਾਬ ਦਾ’ ਮੁਖੀ ਅੰਮ੍ਰਿਤਪਾਲ ਸਿੰਘ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ, ਪੰਜਾਬ...