‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮਿ੍ਤਪਾਲ ਸਿੰਘ ਦੇ ਸਮਰਥਕਾਂ ਵੱਲੋਂ ਅਜਨਾਲਾ ਥਾਣੇ ‘ਤੇ ਹਮਲਾ

ਅਜਨਾਲਾ/ਅੰਮਿ੍ਤਸਰ, 23 ਫਰਵਰੀ – ਅੱਜ ਅਜਨਾਲਾ ਵਿਖੇ ਸਥਿਤੀ ਉਸ ਵੇਲੇ ਤਣਾਅਪੂਰਨ ਬਣ ਗਈ ਜਦੋਂ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮਿ੍ਤਪਾਲ ਸਿੰਘ ਦੇ ਵੱਡੀ ਗਿਣਤੀ ‘ਚ ਪੁੱਜੇ ਰਵਾਇਤੀ ਹਥਿਆਰਾਂ ਨਾਲ ਲੈਸ ਸਮਰਥਕਾਂ ਨੇ ਥਾਣੇ ‘ਤੇ ਹਮਲਾ ਕਰ ਦਿੱਤਾ ਅਤੇ ਸਾਥੀ ਦੀ ਰਿਹਾਈ ਲਈ ਕੀਤੇ ਘਿਰਾਓ ਨੇ ਹਿੰਸਕ ਰੂਪ ਧਾਰਨ ਕਰ ਲਿਆ | ਪ੍ਰਦਰਸ਼ਨਕਾਰੀਆਂ ਨੇ ਪੁਲਿਸ ਵਲੋਂ ਲਗਾਏ ਬੈਰੀਕੇਡਾਂ ਨੂੰ ਤੋੜ ਕੇ ਥਾਣੇ ‘ਤੇ ਕਬਜ਼ਾ ਕਰ ਲਿਆ ਅਤੇ ਇਸ ਦੌਰਾਨ ਹੋਏ ਟਕਰਾਅ ‘ਚ ਪੁਲਿਸ ਦੇ ਇਕ ਐਸ.ਪੀ. ਸਮੇਤ 6 ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ | ਪੁਲਿਸ ਨੇ ਹਿੰਸਕ ਰੋਸ ਪ੍ਰਦਰਸ਼ਨ ਮੂਹਰੇ ਸ਼ਾਮ ਵੇਲੇ ਹਥਿਆਰ ਸੁੱਟਦਿਆਂ ਗਿ੍ਫ਼ਤਾਰ ਕੀਤੇ ਨੌਜਵਾਨ ਨੂੰ ਡਿਸਚਾਰਜ ਕਰਨ ਦਾ ਐਲਾਨ ਕੀਤਾ ਅਤੇ ਬਾਕੀ ਸਾਰੇ ਮਾਮਲੇ ਸੰਬੰਧੀ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਗਠਿਤ ਕਰਨ ਦਾ ਭਰੋਸਾ ਵੀ ਦਿੱਤਾ | ਪੁਲਿਸ ਦੇ ਇਸ ਐਲਾਨ ਉਪਰੰਤ ਧਰਨਾਕਾਰੀ ਸ਼ਾਂਤ ਹੋਏ ਅਤੇ ਥਾਣੇ ‘ਤੇ ਕੀਤਾ ਕਬਜ਼ਾ ਚੁੱਕ ਲਿਆ ਗਿਆ | ਪੁਲਿਸ ਦੇ ਕੁਝ ਅਧਿਕਾਰੀਆਂ ਨੇ ਨਾਂਅ ਨਾ ਛਾਪੇ ਜਾਣ ਦੀ ਸ਼ਰਤ ‘ਤੇ ਦੱਸਿਆ ਕਿ ਸਰਕਾਰ ਵਲੋਂ ਝੁਕ ਕੇ ਲਏ ਫ਼ੈਸਲੇ ਨਾਲ ਪੁਲਿਸ ਦਾ ਮਨੋਬਲ ਘਟਿਆ ਹੈ ਅਤੇ ਉਹ ਭਵਿੱਖ ‘ਚ ਅਜਿਹੀ ਕਿਸੇ ਸਥਿਤੀ ‘ਚ ਖੁੱਲ ਕੇ ਕੋਈ ਕਾਰਵਾਈ ਕਰਨ ਤੋਂ ਗੁਰੇਜ਼ ਕਰਨਗੇ | ਦੂਜੇ ਪਾਸੇ ਅਜਨਾਲਾ ਵਿਖੇ ਭਾਵੇਂ ਪੁਲਿਸ ਅਧਿਕਾਰੀਆਂ ਵਲੋਂ ਪੱਤਰਕਾਰਾਂ ਦੇ ਸਾਹਮਣੇ ਹੀ ਪ੍ਰਦਰਸ਼ਨਕਾਰੀਆਂ ਦੀਆਂ ਸ਼ਰਤਾਂ ਮੰਨਣ ਦਾ ਐਲਾਨ ਕੀਤਾ ਗਿਆ ਸੀ ਪਰ ਬਾਅਦ ‘ਚ ਸਰਕਾਰ ਵਲੋਂ ਪਲਟੇ ਗਏ ਫ਼ੈਸਲੇ ਕਾਰਨ ਉੱਚ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀਆਂ ਮੀਟਿੰਗਾਂ ਵੀ ਦੇਰ ਰਾਤ ਤੱਕ ਚੱਲਦੀਆਂ ਰਹੀਆਂ | ਦੱਸਣਯੋਗ ਹੈ ਕਿ ਇਕ ਨੌਜਵਾਨ ਨੂੰ ਅਗਵਾ ਕਰਕੇ ਕੁੱਟਮਾਰ ਕਰਨ ਦੇ ਮਾਮਲੇ ‘ਚ ਅਜਨਾਲਾ ਪੁਲਿਸ ਵਲੋਂ ਗਿ੍ਫ਼ਤਾਰ ਕੀਤੇ ਲਵਪ੍ਰੀਤ ਸਿੰਘ ਉਰਫ਼ ਤੂਫ਼ਾਨ ਦੀ ਰਿਹਾਈ ਲਈ ਅੰਮਿ੍ਤਪਾਲ ਸਿੰਘ ਵਲੋਂ ਅਜਨਾਲਾ ਥਾਣੇ ਦੇ ਘਿਰਾਓ ਦਾ ਅਲਟੀਮੇਟਮ ਦਿੱਤਾ ਹੋਇਆ ਸੀ | ਅੱਜ ਸਵੇਰੇ ਅੰਮਿ੍ਤਪਾਲ ਸਿੰਘ ਤੇ ਉਸ ਦੇ ਸਮਰਥਕਾਂ ਨੂੰ ਅਜਨਾਲਾ ‘ਚ ਦਾਖਲ ਹੋਣ ਤੋਂ ਰੋਕਣ ਲਈ ਪੁਲਿਸ ਵਲੋਂ ਇਲਾਕੇ ਨੂੰ ਪੁਲਿਸ ਛਾਉਣੀ ‘ਚ ਤਬਦੀਲ ਕਰ ਦਿੱਤਾ ਗਿਆ ਸੀ | ਸਰਹੱਦੀ ਜ਼ਿਲਿ੍ਹਆਂ ਨਾਲ ਸੰਬੰਧਿਤ ਪੁਲਿਸ ਅਧਿਕਾਰੀ ਤੇ ਮੁਲਾਜ਼ਮ ਵੱਡੀ ਤਾਦਾਦ ‘ਚ ਤਾਇਨਾਤ ਕੀਤੇ ਗਏ ਸਨ ਅਤੇ ਪੱਕੇ ਬੈਰੀਕੇਡ ਲਾ ਕੇ ਰੋਕਾਂ ਲਗਾਈਆਂ ਗਈਆਂ ਸਨ | ਇਨ੍ਹਾਂ ਰੋਕਾਂ ‘ਤੇ ਹੀ ਟਕਰਾਅ ਪੈਦਾ ਹੋਇਆ ਅਤੇ ਅੱਗੇ ਵਧਣ ਲਈ ਬਜ਼ਿਦ ਧਰਨਾਕਾਰੀਆਂ ਨੇ ਪੁਲਿਸ ਦੇ ਬੈਰੀਕੇਡ ਪੁੱਟ ਸੁੱਟੇ ਅਤੇ ਇਸ ਮੌਕੇ ਹੋਈਆਂ ਝੜਪਾਂ ‘ਚ ਦਿਹਾਤੀ ਜ਼ਿਲ੍ਹੇ ਨਾਲ ਸੰਬੰਧਿਤ ਐਸ.ਪੀ. ਜੁਗਰਾਜ ਸਿੰਘ ਸਣੇ 6 ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ ਅਤੇ ਕੁਝ ਧਰਨਾਕਾਰੀ ਵੀ ਇਸ ਦਰਮਿਆਨ ਜ਼ਖ਼ਮੀ ਹੋਏ | ਪੁਲਿਸ ਤੇ ਧਰਨਾਕਾਰੀਆਂ ਦਰਮਿਆਨ ਹੋਈਆਂ ਝੜਪਾਂ ਕਾਰਨ ਸਥਿਤੀ ਕਾਫ਼ੀ ਤਨਾਅਪੂਰਵਕ ਬਣੀ ਰਹੀ | ਦੁਪਹਿਰ ਸਮੇਂ ਕਰੀਬ 2 ਵਜੇ ਅੰਮਿ੍ਤਪਾਲ ਸਿੰਘ ਨਾਲ ਵੱਡੀ ਤਾਦਾਦ ‘ਚ ਪੁੱਜੇ ਸਮਰਥਕਾਂ ਵਲੋਂ ਕਈ ਘੰਟੇ ਥਾਣਾ ਅਜਨਾਲਾ ਦਾ ਘਿਰਾਓ ਕੀਤਾ ਗਿਆ | ਜਿਸ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਵਾਲੀ ਗੱਡੀ ਵੀ ਥਾਣੇ ਵਿਚ ਲਿਜਾਈ ਗਈ ਤੇ ਉਸਦੇ ਪਿੱਛੇ ਪੁੱਜੀਆਂ ਸੰਗਤਾਂ ਜ਼ਮੀਨ ‘ਤੇ ਬੈਠ ਕੇ ਰੋਸ ਪ੍ਰਦਰਸ਼ਨ ਵਿਚ ਸ਼ਾਮਿਲ ਹੋਈਆਂ ਜਦੋਂ ਕਿ ਅੰਮਿ੍ਤਪਾਲ ਸਿੰਘ ਦੇ ਕੁਝ ਸਾਥੀਆਂ ਵਲੋਂ ਐਸ.ਐਚ.ਓ. ਦੇ ਦਫ਼ਤਰ ‘ਤੇ ਕਬਜ਼ਾ ਜਮਾਈ ਰੱਖਿਆ | ਇਸ ਦੌਰਾਨ ਅੰਮਿ੍ਤਪਾਲ ਸਿੰਘ ਨੇ ਐਲਾਨ ਕੀਤਾ ਕਿ ਉਹ ਉਨੀ ਦੇਰ ਤੱਕ ਧਰਨਾ ਨਹੀਂ ਚੁੱਕਣਗੇ ਜਿੰਨੀ ਦੇਰ ਉਨ੍ਹਾਂ ਦੇ ਸਾਥੀ ਨੂੰ ਪੁਲਿਸ ਵਲੋਂ ਰਿਹਾਅ ਨਹੀਂ ਕੀਤਾ ਜਾਂਦਾ ਅਤੇ ਦਰਜ ਮਾਮਲੇ ਨੂੰ ਰੱਦ ਨਹੀਂ ਕੀਤਾ ਜਾਂਦਾ | ਮੌਕੇ ‘ਤੇ ਪੁੱਜੇ ਏ.ਡੀ.ਜੀ.ਪੀ. ਮੋਹਨੀਸ਼ ਚਾਵਲਾ, ਪੁਲਿਸ ਕਮਿਸ਼ਨਰ ਅੰਮਿ੍ਤਸਰ ਜਸਕਰਨ ਸਿੰਘ, ਐੱਸ.ਐੱਸ.ਪੀ. ਅੰਮਿ੍ਤਸਰ ਦਿਹਾਤੀ ਸਤਿੰਦਰ ਸਿੰਘ, ਐਸ.ਡੀ.ਐਮ. ਅਜਨਾਲਾ ਰਾਜੇਸ਼ ਕੁਮਾਰ ਸ਼ਰਮਾ ਵਲੋਂ ਅੰਮਿ੍ਤਪਾਲ ਸਿੰਘ ਤੇ ਉਸ ਦੇ ਸਾਥੀਆਂ ਨਾਲ ਬੰਦ ਕਮਰਾ ਮੀਟਿੰਗ ਕੀਤੀ ਗਈ ਤੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਪਰਚਾ ਰੱਦ ਕਰਨ ਲਈ ਐਸ.ਪੀ ਤੇਜਬੀਰ ਸਿੰਘ ਹੁੰਦਲ ਦੀ ਅਗਵਾਈ ਹੇਠ ਤਿੰਨ ਮੈਂਬਰੀ ਸਿੱਟ ਦਾ ਗਠਨ ਕਰ ਦਿੱਤਾ ਗਿਆ ਹੈ ਅਤੇ ਲਵਪ੍ਰੀਤ ਸਿੰਘ ਉਰਫ਼ ਤੂਫ਼ਾਨ ਨੂੰ ਕੱਲ੍ਹ ਡਿਸਚਾਰਜ ਕਰਕੇ ਰਿਹਾਅ ਕਰਵਾਇਆ ਜਾਵੇਗਾ |