ਵਾਸ਼ਿੰਗਟਨ, ਡੀ ਸੀ ‘ਚ ਅੰਧਾਧੁੰਦ ਗੋਲੀਬਾਰੀ ‘ਚ 1 ਮੌਤ, ਪੁਲਿਸ ਅਧਿਕਾਰੀ ਸਮੇਤ 20 ਜ਼ਖਮੀ

ਵਾਸ਼ਿੰਗਟਨ, ਡੀ ਸੀ 10 ਅਗਸਤ (ਹੁਸਨ ਲੜੋਆ ਬੰਗਾ) – ਦੱਖਣ ਪੂਰਬ ਵਾਸ਼ਿੰਗਟਨ, ਡੀ. ਸੀ ‘ਚ ਇਕੱਠੀ ਹੋਈ ਇਕ ਵੱਡੀ ਭੀੜ ਉੱਪਰ ਚਲਾਈਆਂ ਅੰਧਾਧੁੰਦ ਗੋਲੀਆਂ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ ਤੇ ਇਕ ਪੁਲਿਸ ਅਧਿਕਾਰੀ ਸਮੇਤ 20 ਹੋਰ ਜ਼ਖਮੀ ਹੋ ਗਏ। ਡੀ ਸੀ ਪੁਲਿਸ ਮੁੱਖੀ ਪੀਟਰ ਨਿਊਸ਼ਾਮ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਪਛਾਣ ਕ੍ਰਿਸਟੋਫਰ ਬਰਾਊਨ (17) ਵਜੋਂ ਹੋਈ ਹੈ।  ਉਨ੍ਹਾਂ ਕਿਹਾ ਕਿ ਜ਼ਖਮੀ ਪੁਲਿਸ ਅਧਿਕਾਰੀ ਡਿਊਟੀ ਖ਼ਤਮ ਕਰਕੇ ਜਾ ਰਿਹਾ ਸੀ ਜਦੋਂ ਉਸ ਦੇ ਗੋਲੀਆਂ ਲੱਗੀਆਂ। ਉਸ ਦੀ ਹਾਲਤ ਗੰਭੀਰ ਹੈ। ਜ਼ਖਮੀਆਂ ‘ਚ ਦੋ ਨਬਾਲਗ ਹਨ ਜਦ ਕਿ ਬਾਕੀ ਸਾਰੇ ਬਾਲਗ ਹਨ। ਇਨ੍ਹਾਂ ਸਾਰਿਆਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਪੁਲਿਸ ਘੱਟੋ ਘੱਟ 3 ਹਮਲਾਵਰਾਂ ਦੀ ਤਲਾਸ਼ ਕਰ ਰਹੀ ਹੈ। ਨਿਊਸ਼ਾਮ ਨੇ ਦੱਸਿਆ ਕਿ ਹਮਲਾਵਰਾਂ ਦੀ ਗਿਣਤੀ ਇਸ ਤੋਂ ਵੀ ਜ਼ਿਆਦਾ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਹਮਲੇ ਵਾਲੇ ਸਥਾਨ ‘ਤੇ ਸੈਂਕੜੇ ਲੋਕਾਂ ਦਾ ਇਕੱਠ ਸੀ ਹਾਲਾਂ ਕਿ ਕੋਰੋਨਾਵਾਇਰਸ ਮਹਾਂਮਾਰੀ ਕਾਰਨ ਡੀ ਸੀ ਵਿਚ 50 ਤੋਂ ਵਧ ਲੋਕਾਂ ਦੇ ਇਕੱਠੇ ਹੋਣ ਉੱਪਰ ਪਾਬੰਦੀ ਲਾਗੂ ਹੈ। ਡੀ.ਸੀ ਦੇ ਮੇਅਰ ਮੁਰੀਲ ਬਰੋਜਰ ਨੇ ਘਟਨਾ ਉੱਪਰ ਦੁੱਖ ਪ੍ਰਗਟ ਕਰਦਿਆਂ ਕਿਹਾ ਹੈ ਕਿ ਅਮਰੀਕੀ ਸਮਾਜ ਵਿਚ ਹਿੰਸਾ ਲਈ ਕੋਈ ਥਾਂ ਨਹੀਂ ਹੈ। ਦੋਸ਼ੀ ਬਖ਼ਸ਼ੇ ਨਹੀਂ ਜਾਣਗੇ।